ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਨੀਵਰਸਿਟੀ ਵਾਲੀ ਭਾਵਨਾ ਖ਼ਤਰੇ ਵਿਚ

08:37 AM Jul 17, 2023 IST

ਅਵਿਜੀਤ ਪਾਠਕ
Advertisement

ਕੁਝ ਦਨਿ ਪਹਿਲਾਂ ਜਦੋਂ ਮੈਂ ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ (ਐੱਸਏਯੂ) ਦੇ ਚਾਰ ਅਧਿਆਪਕਾਂ ਨੂੰ ਮੁਅੱਤਲ ਕੀਤੇ ਜਾਣ ਦੀ ਖ਼ਬਰ ਪੜ੍ਹੀ ਤਾਂ ਮੈਨੂੰ ਝਟਕਾ ਲੱਗਾ ਪਰ ਮੈਂ ਹੈਰਾਨ ਬਿਲਕੁਲ ਨਹੀਂ ਹੋਇਆ। ਜਿੰਨਾ ਕੁ ਮੈਂ ਜਾਣਦਾ ਹਾਂ, ਇਹ ਪ੍ਰੋਫੈਸਰ ਆਪੋ-ਆਪਣੀ ਮਹਾਰਤ ਦੇ ਖੇਤਰਾਂ ਵਿਚ ਵਧੀਆ ਕੰਮ ਕਰ ਰਹੇ ਹਨ। ਉਂਝ ਨਾਲ ਹੀ ਉਨ੍ਹਾਂ ਖ਼ੁਦ ਨੂੰ ਖ਼ਾਲਸ ‘ਨਿਰਪੱਖ’ ਪੇਸ਼ੇਵਰਾਂ ਵਜੋਂ ਪਰਿਭਾਸ਼ਿਤ ਕਰਨ ਦੀ ਥਾਂ ਸੋਝੀਵਾਨ, ਸੱਚੇ ਅਧਿਆਪਕਾਂ ਵਾਲਾ ਵਿਹਾਰ ਕੀਤਾ, ਉਹ ਵੀ ਆਪਣੇ ਵਿਦਿਆਰਥੀਆਂ ਨਾਲ ਸੰਵਾਦ ਕਾਇਮ ਰੱਖਦਿਆਂ। ਹੈਰਾਨੀ ਦੀ ਗੱਲ ਨਹੀਂ ਕਿ ਜਦੋਂ ਵਿਦਿਆਰਥੀ ਆਪਣੇ ਵਜ਼ੀਫ਼ੇ ਵਿਚ ਕਟੌਤੀ ਦਾ ਵਿਰੋਧ, ਤੇ ਨਾਲ ਹੀ ਕੁਝ ਵਿਧਾਨਕੀ ਕਮੇਟੀਆਂ ਵਿਚ ਨੁਮਾਇੰਦਗੀ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ ਤਾਂ ਇਨ੍ਹਾਂ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹੋ ਅਪੀਲ ਕੀਤੀ ਸੀ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਇਸ ਮਾਮਲੇ ਦਾ ਕੋਈ ਸਨਮਾਨਜਨਕ ਹੱਲ ਕੱਢ ਲਿਆ ਜਾਵੇ (ਨਾ ਕਿ ਸਾਰੇ ਮਾਮਲੇ ਨੂੰ ਪੁਲੀਸ ਵੱਲੋਂ ਸਿੱਝੇ ਜਾਣ ਲਈ ਮਹਿਜ਼ ‘ਅਮਨ ਤੇ ਕਾਨੂੰਨ’ ਦੀ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਵੇ)।
ਉਨ੍ਹਾਂ ਵਿਚੋਂ ਇਕ ਪ੍ਰੋਫੈਸਰ ਨੇ ਹਸਪਤਾਲ ਜਾ ਕੇ ਉਥੇ ਦਾਖ਼ਲ ਉਸ ਵਿਦਿਆਰਥੀ ਦਾ ਹਾਲ-ਚਾਲ ਜਾਣਿਆ ਜਿਹੜਾ ਅੰਦੋਲਨ ਦੌਰਾਨ ਬੁਰੀ ਤਰ੍ਹਾਂ ਬਿਮਾਰ ਹੋ ਗਿਆ ਸੀ। ਕਿਸੇ ਚੰਗੇਰੇ ਸਮਾਜ ਵਿਚ ਇਨ੍ਹਾਂ ਅਧਿਆਪਕਾਂ ਦੇ ਅਜਿਹੇ ਗੁਣਾਂ ਜਾਂ ਸਦਗੁਣਾਂ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਸੀ ਪਰ ਅੱਜ ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ ਜਿਹੜਾ ਹਰ ਚੀਜ਼ ਨੂੰ ਉਸ ਦੇ ਉਲਟ-ਭਾਵ ਵਿਚ ਬਦਲ ਦਿੰਦਾ ਹੈ, ਜਿਵੇਂ ਚੰਗੇ ਗੁਣਾਂ ਨੂੰ ਔਗੁਣਾਂ ਵਿਚ, ਤਰਸ ਨੂੰ ਗ਼ੈਰ-ਪੇਸ਼ੇਵਰ ਵਿਹਾਰ ਵਿਚ ਅਤੇ ਵਿਦਵਤਾ ਨੂੰ ਠੰਢੀ ਉਦਾਸੀਨਤਾ ਵਿਚ। ਇਸ ਲਈ ਮੈਂ ਇਹੋ ਸੋਚਦਾ ਹਾਂ ਕਿ ਉਨ੍ਹਾਂ ਦੀ ਮੁਅੱਤਲੀ ਅਟੱਲ ਸੀ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਦੇ ‘ਮਾੜੇ-ਵਿਹਾਰ’ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦਾ!
ਖ਼ੈਰ, ਇਹ ਸਮਝਣਾ ਔਖਾ ਨਹੀਂ ਹੈ ਕਿ ਯੂਨੀਵਰਸਿਟੀ ਵੱਲੋਂ ਅਜਿਹੀਆਂ ਅਨੁਸ਼ਾਸਨੀ ਕਾਰਵਾਈਆਂ ਅਧਿਆਪਨ ਭਾਈਚਾਰੇ ਨੂੰ ਦੋ ਸਾਫ਼ ਸੁਨੇਹੇ ਦਿੰਦੀਆਂ ਹਨ: (ੳ) ਅਧਿਆਪਕ ਹੋਣ ਦੇ ਨਾਤੇ ਤੁਹਾਨੂੰ ਆਪਣੀਆਂ ਸੀਮਾਵਾਂ ਪਤਾ ਹੋਣੀਆਂ ਚਾਹੀਦੀਆਂ ਹਨ; ਆਪਣੀ ਮੁਕਾਬਲਤਨ ਦਿਲਕਸ਼ ਤਨਖ਼ਾਹ ਹਾਸਲ ਕਰੋ, ਖ਼ਾਮੋਸ਼ ਰਹੋ ਤੇ ਜਮਾਤਾਂ ਦੇ ਅੰਦਰ ‘ਸਿਆਸਤ’ ਨਾ ਵਾੜੋ; ਨਹੀਂ ਤਾਂ ਸਜ਼ਾ ਭੁਗਤਣ ਲਈ ਤਿਆਰ ਰਹੋ; ਅਤੇ (ਅ) ਨਿਗਰਾਨੀ ਮਸ਼ੀਨਰੀ ਦੀ ਤਾਕਤ ਨੂੰ ਘੱਟ ਨਾ ਸਮਝੋ; ਇਹ ਲਗਾਤਾਰ ਤੁਹਾਡੇ ਉਤੇ ਨਜ਼ਰ ਰੱਖ ਰਹੀ ਹੈ, ਤੁਹਾਡੀ ਹਰ ਹਿੱਲ-ਜੁੱਲ ਤੇ ਕਾਰਵਾਈ ਨੂੰ ਦੇਖ ਰਹੀ ਹੈ, ਇਥੋਂ ਤੱਕ ਕਿ ਇਹ ਵੀ ਪਤਾ ਲਾ ਰਹੀ ਹੈ ਕਿ ਕਿਤੇ ਤੁਸੀਂ ‘ਮਾਰਕਸਵਾਦੀ ਸਟੱਡੀ ਸਰਕਲ’ ਵਰਗੇ ਕਿਸੇ ‘ਕੱਟੜ’ ਮੰਚ ਦਾ ਹਿੱਸਾ ਤਾਂ ਨਹੀਂ ਹੋ। ਦਰਅਸਲ ਇਹ ਦੋ ਸੁਨੇਹੇ ਡਰ ਦੇ ਮਨੋਵਿਗਿਆਨ ਨੂੰ ਹੋਰ ਤੇਜ਼ ਕਰਨਗੇ ਅਤੇ ਬਹੁਤੇ ਅਧਿਆਪਕ ਇਸ ਦੌਰਾਨ ‘ਬਚ ਕੇ’ ਚੱਲਣਗੇ, ਉਹ ਕੂਟਨੀਤੀ ਦਾ ਸਹਾਰਾ ਲੈਣਗੇ ਅਤੇ ਆਪਣੀ ਖ਼ਾਮੋਸ਼ੀ ਰਾਹੀਂ ਉਹ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਹਮਲਾਵਰ ਰੁਖ਼ ਅਪਣਾਉਣ ਦਾ ਮੌਕਾ ਦੇਣਗੇ।
ਜਦੋਂ ਮੈਂ 1990 ਵਿਚ ਅਧਿਆਪਨ ਦਾ ਕਿੱਤਾ ਅਪਣਾਉਣ ਦਾ ਫ਼ੈਸਲਾ ਕੀਤਾ ਤਾਂ ਮੈਂ ਯੂਨੀਵਰਸਿਟੀ ਦੇ ਬਹੁਤ ਹੀ ਵਧੀਆ ਵਿਚਾਰ ਤੋਂ ਪ੍ਰੇਰਿਤ ਸਾਂ। ਮੈਨੂੰ ਜਾਪਦਾ ਸੀ ਕਿ ਯੂਨੀਵਰਸਿਟੀ ਇਕ ਤਰ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਬਹੁਤ ਹੀ ਜ਼ਿੰਦਾ-ਜਾਗਦੇ ਤੇ ਵਧਦੇ-ਫੁੱਲਦੇ ਭਾਈਚਾਰੇ ਵਜੋਂ ਕੰਮ ਕਰੇਗੀ। ਇਹ ਉਹ ਥਾਂ ਹੋਵੇਗੀ ਜਿੱਥੇ ਅਧਿਆਪਕ ਤੇ ਵਿਦਿਆਰਥੀ ਮਿਲ ਕੇ ਤੁਰਦੇ ਹਨ। ਜਿੱਥੇ ਨਿਆਂਪੂਰਨ ਤੇ ਨੇਕ, ਦਿਆਲੂ ਸੰਸਾਰ ਦੀ ਸਿਰਜਣਾ ਲਈ ਵਧੀਆ ਸਿੱਖਿਆ ਸ਼ਾਸਤਰ, ਸੱਭਿਆਚਾਰ ਤੇ ਸਿਆਸਤ ਉਤੇ ਅਰਥ ਭਰਪੂਰ ਖੋਜ ਤੇ ਲਗਾਤਾਰ ਬਹਿਸ ਤੇ ਸੰਵਾਦ ਰਾਹੀਂ ਅਤੇ ਵਿਰੋਧ ਦੇ ਵੱਖੋ-ਵੱਖ ਤਰੀਕਿਆਂ ਰਾਹੀਂ ਸਿਖਾਏਗੀ; ਤੇ ਨਾਲ ਹੀ ਮਾੜੀਆਂ ਆਦਤਾਂ ਤੇ ਗ਼ਲਤ ਗੱਲਾਂ ਨੂੰ ਪਿਛਾਂਹ ਛੱਡਣ ਲਈ ਸੋਝੀ ਦੇਵੇਗੀ। ਇਸ ਦੇ ਨਾਲ ਹੀ ਮੈਂ ਸੋਚਿਆ ਕਿ ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਸਿਰਫ਼ ਸਾਰੇ ਕਾਸੇ ਨੂੰ ਸੰਭਵ ਬਣਾਉਣ ਵਾਲੇ ਦੀ ਭੂਮਿਕਾ ਹੀ ਨਿਭਾਵੇਗਾ ਤਾਂ ਕਿ ਵਿਦਿਆਰਥੀ ਤੇ ਅਧਿਆਪਕ ਖੁੱਲ੍ਹੇਪਣ ਅਤੇ ਆਜ਼ਾਦੀ ਵਾਲੇ ਵਾਤਾਵਰਨ ਵਿਚ ਫਲ-ਫੁੱਲ ਸਕਣ। ਮੈਂ ਜਾਣਦਾ ਹਾਂ ਕਿ ਇਸ ਆਦਰਸ਼ ਦਾ ਉਨ੍ਹਾਂ ਤਕਨੀਕੀ-ਪ੍ਰਬੰਧਕਾਂ ਵੱਲੋਂ ਸਿਰਫ਼ ਮਜ਼ਾਕ ਹੀ ਉਠਾਇਆ ਜਾਵੇਗਾ ਜਿਹੜੇ ਅੱਜ ਕੱਲ੍ਹ ਸਾਡੀਆਂ ਯੂਨੀਵਰਸਿਟੀਆਂ ਨੂੰ ਚਲਾ ਰਹੇ ਹਨ। ਕਾਰਨ ਇਹ ਕਿ ਨਵ-ਉਦਾਰਵਾਦ ਦਾ ਮੂਲ ਤਰਕ ਯੂਨੀਵਰਸਿਟੀਆਂ ਦਾ ਗ਼ੈਰ-ਸਿਆਸੀਕਰਨ ਕਰਨਾ ਚਾਹੁੰਦਾ ਹੈ ਜੋ ਇਸ ਦੀ ਥਾਂ ਇਨ੍ਹਾਂ ਨੂੰ ‘ਬਰਾਂਡ’ ਬਣਾ ਦੇਣਾ ਲੋਚਦਾ ਹੈ ਜਿਹੜਾ ‘ਉਤਪਾਦਕਤਾ’ ਅਤੇ ‘ਕੁਸ਼ਲਤਾ’ ਦੇ ਬਾਜ਼ਾਰ ਰਾਹੀਂ ਸੇਧਿਤ ਮੰਤਰ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਜੋ ਵਿਦਿਆਰਥੀਆਂ ਨੂੰ ਸਿਰਫ਼ ਖ਼ਪਤਕਾਰਾਂ ਅਤੇ ਅਧਿਆਪਕਾਂ ਨੂੰ ਮਹਿਜ਼ ਸੇਵਾ ਦੇਣ ਵਾਲਿਆਂ ਵਿਚ ਬਦਲ ਦਿੰਦਾ ਹੈ।
ਅਜਿਹੇ ਹਾਲਾਤ ਵਿਚ ਸਿੱਖਿਆ ਸ਼ਾਸਤਰ ਦੀ ਉਹੋ ਜਿਹੀ ਭਾਵਨਾ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੈ ਜਿਸ ਦੀ ਮਿਸਾਲ ਪਾਉਲੋ ਫਰੇਰੇ ਅਤੇ ਬੈੱਲ ਹੁੱਕ ਵਰਗਿਆਂ ਨੇ ਕਾਇਮ ਕੀਤੀ ਸੀ। ਇਸ ਦੀ ਥਾਂ ਕਿਸੇ ਅਧਿਆਪਕ/ਪ੍ਰੋਫੈਸਰ ਤੋਂ ‘ਨਿਰਪੱਖ’ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਰਾਜਨੀਤੀ ਤਾਂ ਅਸਲੀ ਰਾਹ ਤੋਂ ਭਟਕ ਜਾਣਾ ਹੈ; ਪ੍ਰੋਫੈਸਰਾਂ ਨੂੰ ਸਿਰਫ਼ ਪਰਚੇ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਸਿਰਫ਼ ਹਵਾਲਾ ਸੂਚਨਾ (citation index) ਅਤੇ ਛਪੇ ਪਰਚਿਆਂ ਦੀ ਗਿਣਤੀ (impact factor) ਨੂੰ ਹੀ ਧਿਆਨ ਵਿਚ ਰੱਖਣਾ ਚਾਹੀਦਾ ਹੈ, ਤੇ ਨਾਲ ਹੀ ਯੂਨੀਵਰਸਿਟੀ ਦੀ ‘ਦਰਜਾਬੰਦੀ’ ਵਧਾਉਣੀ ਚਾਹੀਦੀ ਹੈ! ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਆਪਣੇ ਉਪਯੋਗਤਾਵਾਦੀ ਟੀਚਿਆਂ ਬਾਰੇ ਹੀ ਸੋਚਣਾ ਚਾਹੀਦਾ ਹੈ। ਸੰਭਵ ਤੌਰ ’ਤੇ ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ (ਐੱਸਏਯੂ) ਵੀ ਇਸੇ ਤਰਕ ਦਾ ਪਾਲਣ ਕਰ ਰਹੀ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਨ੍ਹਾਂ ਹਾਲਾਤ ਦੌਰਾਨ ਵਿਰੋਧ ਵਿਚ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ਨੂੰ ਵਿਘਨਕਾਰੀ ਅਨਸਰਾਂ ਵਜੋਂ ਦੇਖਿਆ ਜਾਂਦਾ ਹੈ; ਤੇ ਜਿਵੇਂ ਚਾਰ ਅਧਿਆਪਕਾਂ ਦੀ ਮੁਅੱਤਲੀ ਤੋਂ ਸੰਕੇਤ ਮਿਲਦਾ ਹੈ, ਜੇ ਤੁਸੀਂ ਇਨ੍ਹਾਂ ‘ਸ਼ੱਕੀ’ ਵਿਦਿਆਰਥੀਆਂ ਨਾਲ ਮਿਲਦੇ-ਜੁਲਦੇ ਦੇਖੇ ਜਾਂਦੇ ਹੋ ਤਾਂ ਸਾਫ਼ ਹੈ ਕਿ ਤੁਹਾਨੂੰ ਖਮਿਆਜ਼ਾ ਭੁਗਤਣਾ ਹੋਵੇਗਾ। ਇਸ ਤਰ੍ਹਾਂ ਅਧਿਆਪਕਾਂ ਦੀ ਮੁਅੱਤਲੀ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ।
ਇੰਨਾ ਹੀ ਨਹੀਂ, ਜਿਵੇਂ ਭਾਰਤ ਤੇਜ਼ੀ ਨਾਲ ਇਕ ਤਰ੍ਹਾਂ ਦੀ ਚੁਣਾਵੀ ਤਾਨਾਸ਼ਾਹੀ ਵੱਲ ਵਧਦਾ ਦਿਖਾਈ ਦੇ ਰਿਹਾ ਹੈ, ਅਸੀਂ ‘ਬੌਧਿਕਤਾ ਵਿਰੋਧੀ’ ਵਾਇਰਸ ਤੋਂ ਪੈਦਾ ਹੋ ਰਿਹਾ ਨਵੀਂ ਤਰ੍ਹਾਂ ਦਾ ਸੰਕਟ ਵੀ ਦੇਖ ਰਹੇ ਹਾਂ। ਤੁਸੀਂ ਆਲੋਚਨਾਤਮਕ ਢੰਗ ਨਾਲ ਹਰਗਿਜ਼ ਨਾ ਸੋਚੋ। ਸਥਾਪਤੀ ਨੂੰ ਕੋਈ ਸਵਾਲ ਨਾ ਕਰੋ। ਵਿਕਾਸ, ਰਾਸ਼ਟਰਵਾਦ ਅਤੇ ਧਰਮ ਦੇ ਦਬਦਬੇ ਵਾਲੇ ਵਿਖਿਆਨ ਨੂੰ ਪ੍ਰਵਾਨ ਕਰੋ। ਇਸ ਲਈ ਕੀ ਇਹ ਹੈਰਾਨੀਜਨਕ ਹੈ ਕਿ ਅਸਹਿਮਤੀ ਦੇ ਕਿਸੇ ਮਾਮੂਲੀ ਜਿਹੇ ਨਿਸ਼ਾਨ ਨੂੰ ਵੀ ਅਪਰਾਧੀ ਬਣਾ ਦਿੱਤਾ ਗਿਆ ਹੈ? ਭਾਰਤ ਵਿਚ ਹਰ ਕਿਤੇ ਯੂਨੀਵਰਸਿਟੀ ਪ੍ਰਸ਼ਾਸਨ ਬਹੁਤ ਜ਼ਿਆਦਾ ਚੌਕਸ ਹੋ ਰਿਹਾ ਹੈ; ਇਹ ਅਜਿਹੀ ਕਿਸੇ ਵੀ ਸਰਗਰਮੀ ਦੀ ਇਜਾਜ਼ਤ ਨਹੀਂ ਦਿੰਦਾ ਜਿਹੜੀ ਹਾਕਮ ਨਿਜ਼ਾਮ ਨੂੰ ਸਵਾਲ ਕਰਦੀ ਹੋਵੇ ਜਾਂ ਆਲੋਚਨਾਤਮਕ ਸੋਚ ਨੂੰ ਹੁਲਾਰਾ ਦਿੰਦੀ ਹੋਵੇ ਜਾਂ ਰਹਿਣ-ਸਹਿਣ ਦੇ ਅਗਾਂਹਵਧੂ ਤਰੀਕੇ ਨੂੰ ਉਤਸ਼ਾਹਿਤ ਕਰਦੀ ਹੋਵੇ, ਫਿਰ ਇਹ ਭਾਵੇਂ ਅਧਿਆਪਨ ਹੋਵੇ ਜਾਂ ਫਿਰ ਸੱਭਿਆਚਾਰਕ ਜਾਂ ਸਿਆਸੀ ਸਰਗਰਮੀ। ਕਾਫ਼ੀ ਦੇਰ ਮੈਂ ਇਹੋ ਸੋਚਦਾ ਰਿਹਾ ਕਿ ਐੱਸਏਯੂ ਗੁਣਾਤਮਕ ਤੌਰ ’ਤੇ ਵੱਖਰੀ ਤਰ੍ਹਾਂ ਦੀ ਯੂਨੀਵਰਸਿਟੀ ਹੋਵੇਗੀ ਜੋ ਅੱਠ ਸਾਰਕ ਮੁਲਕਾਂ ਦਾ ਸਾਂਝਾ ਉੱਦਮ ਹੈ। ਮੈਂ ਬਹੁਤ ਵਾਰ ਇਸ ਯੂਨੀਵਰਸਿਟੀ ਵਿਚ ਜਾ ਚੁੱਕਾ ਹਾਂ ਅਤੇ ਇਸ ਦੌਰਾਨ ਬੰਗਲਾਦੇਸ਼, ਨੇਪਾਲ ਤੇ ਅਫ਼ਗ਼ਾਨਿਸਤਾਨ ਦੇ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਮੈਨੂੰ ਬਹੁਤ ਤਸੱਲੀ ਮਿਲਦੀ ਹੈ; ਨਾਲ ਹੀ ਇਸ ਵਿਚ ਵਧੀਆ ਤੇ ਨੌਜਵਾਨ ਅਧਿਆਪਕਾਂ ਦੀ ਮੌਜੂਦਗੀ ਵੀ ਬਹੁਤ ਖ਼ੁਸ਼ੀ ਵਾਲੀ ਗੱਲ ਸੀ। ਕੀ ਐੱਸਏਯੂ ਆਪਣੀ ਖ਼ੁਦਮੁਖ਼ਤਾਰੀ ਗੁਆ ਰਹੀ ਹੈ, ਸਰਕਾਰ ਦੇ ਇਸ਼ਾਰਿਆਂ ਮੁਤਾਬਕ ਚੱਲ ਰਹੀ ਹੈ ਅਤੇ ਕਿਸੇ ਹੋਰ ਭਾਰਤੀ ਯੂਨੀਵਰਸਿਟੀ ਵਾਂਗ ਹੀ ਵਰਤਾਅ ਕਰ ਰਹੀ ਹੈ ਤਾਂ ਕਿ ਇਹ ਵੀ ਨਿਸ਼ਠਾਵਾਨ ਅਤੇ ਗ਼ੈਰ-ਸਿਆਸੀ ਕਰੀਅਰਵਾਦੀ ਜਾਂ ਫਿਰ ਇਸ ਤੋਂ ਵੀ ਵਧ ਕੇ ਅਤਿ-ਰਾਸ਼ਟਰਵਾਦੀਆਂ ਦੇ ਸਮੂਹ ਹੀ ਪੈਦਾ ਕਰੇ?
ਇਨ੍ਹਾਂ ਚਾਰ ਅਧਿਆਪਕਾਂ ਲਈ ਮੇਰਾ ਦਿਲ ਦੁਖਦਾ ਹੈ। ਜਿਹੜੀ ਚੀਜ਼ ਮੈਨੂੰ ਵੱਧ ਫਿ਼ਕਰਮੰਦ ਕਰਦੀ ਹੈ, ਉਹ ਇਹ ਕਿ ਜਿਵੇਂ ਉੱਚ ਸਮਾਜਿਕ ਤੇ ਆਰਥਿਕ ਪੁਜ਼ੀਸ਼ਨ ਹਾਸਲ ਕਰਨ ਵਾਲਾ ਭਾਰਤੀ ਮੱਧ ਵਰਗ ਵਾਲੇ ਕੋਈ ਵੀ ‘ਜੋਖਮ’ ਉਠਾਉਣ ਤੋਂ ਬਚਦੇ ਹਨ ਅਤੇ ਉਨ੍ਹਾਂ ਦੇ ਬੜੇ ਸੌੜੇ ਸਰੋਕਾਰਾਂ ‘ਮੇਰੀ ਨੌਕਰੀ, ਮੇਰਾ ਕਰੀਅਰ, ਮੇਰੀ ਸੁਰੱਖਿਆ, ਮੇਰਾ ਪਰਿਵਾਰ, ਮੇਰੀ ਕਾਰ, ਮੇਰਾ ਘਰ, ਮੇਰੀ ਈਐੱਮਆਈ’ ਆਦਿ ਕਾਰਨ ਇਨ੍ਹਾਂ ਚਾਰ ਪੀੜਤਾਂ ਨੂੰ ਵਡੇਰੇ ਅਧਿਆਪਨ ਭਾਈਚਾਰੇ ਤੋਂ ਕੋਈ ਵੀ ਠੋਸ ਅਤੇ ਲਗਾਤਾਰ ਜਜ਼ਬਾਤੀ ਤੇ ਸਿਆਸੀ ਹਮਾਇਤ ਮਿਲਣ ਦੇ ਆਸਾਰ ਨਹੀਂ ਹਨ। ਇਕੱਲਿਆਂ ਲੜਾਈ ਲੜਦਿਆਂ ਉਨ੍ਹਾਂ ਨੂੰ ਵਿੱਤੀ ਤੇ ਮਨੋਵਿਗਿਆਨਕ ਮਾਰ ਝੱਲਣੀ ਪਵੇਗੀ। ਤਾਂ ਵੀ ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਆਇਆ ਇਹ ਅਹਿਮ ਮੋੜ
ਉਨ੍ਹਾਂ ਦੇ ਵਿਸ਼ਵਾਸ ਤੇ ਹੌਸਲੇ ਨੂੰ ਹੋਰ ਮਜ਼ਬੂਤ ਕਰੇਗਾ, ਉਨ੍ਹਾਂ ਨੂੰ ਡਟੇ ਰਹਿਣ ਦੀ ਤਾਕਤ ਦੇਵੇਗਾ ਅਤੇ ਇਨ੍ਹਾਂ ਔਖੇ ਵੇਲਿਆਂ ਦੌਰਾਨ ਉਮੀਦ ਦੇ ਇਕ ਸਰੋਤ ਵਜੋਂ ਉੱਭਰਨ ਵਿਚ ਮਦਦ ਕਰੇਗਾ।
*ਲੇਖਕ ਸਮਾਜ ਸ਼ਾਸਤਰੀ ਹੈ।

Advertisement
Advertisement
Tags :
ਖ਼ਤਰੇਭਾਵਨਾਯੂਨੀਵਰਸਿਟੀਵਾਲੀ