ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੀ ਸੂਬਾ ਕਮੇਟੀ ਦੀ ਇੱਕਤਰਤਾ
ਪੱਤਰ ਪ੍ਰੇਰਕ
ਦੋਰਾਹਾ, 17 ਜੁਲਾਈ
ਅੱਜ ਇਥੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਕਮੇਟੀ ਮੈਂਬਰਾਂ ਦੀ ਇੱਕਤਰਤਾ ਪ੍ਰੇਮ ਸਿੰਘ ਭੰਗੂ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ ਮਾਰੇ ਵਿਅਕਤੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ੍ਰੀ ਭੰਗੂ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੁਣ ਮੁਹਾਲੀ ਅੰਦਰ ਲਾਈ ਧਾਰਾ-144 ਲਗਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਰਕਾਰ ਦਾ ਕਿਸਾਨ ਵਿਰੋਧ ਵਤੀਰਾ ਜਗ ਜ਼ਾਹਿਰ ਹੋ ਗਿਆ। ਹੜ੍ਹਾਂ ਕਾਰਨ ਹੋਈ ਜਾਨ ਮਾਲ ਅਤੇ ਫਸਲਾਂ ਦੀ ਬਰਬਾਦੀ ਲਈ ਉਨ੍ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਹੁੰਦੀ ਤਬਾਹੀ ਰੋਕਣ ਲਈ ਸਰਕਾਰ ਨੇ ਸਮੇਂ ਸਿਰ ਕੋਈ ਪ੍ਰਬੰਧ ਨਹੀਂ ਕੀਤੇ। ਦਰਿਆਵਾਂ ਦੇ ਕੰਢਿਆਂ ’ਤੇ ਰਸੂਖਵਾਨ ਲੋਕਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸਦਾ ਖਮਿਆਜ਼ਾ ਆਮ ਲੋਕਾਂ ਖਾਸ ਕਰ ਕੇ ਕਿਸਾਨੀ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਸੁਖਦੇਵ ਸਿੰਘ ਨੇ ਪਾਣੀ ਤੇ ਹਵਾ ਦੇ ਹੋ ਰਹੇ ਪ੍ਰਦੂਸ਼ਣ ਬਾਰੇ ਸਰਕਾਰ ਵੱਲੋਂ ਸਨਅਤੀ ਅਦਾਰਿਆਂ ਵੱਲੋਂ ਦਰਿਆਵਾਂ ਵਿੱਚ ਜ਼ਹਿਰੀਲਾ ਪਾਣੀ ਸੁੱਟੇ ਜਾਣ ਨਾਲ ਧਰਤੀ ਅਤੇ ਦਰਿਆਵਾਂ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ। ਪਵਨ ਕੁਮਾਰ ਸੌਗਲਪੁਰ ਨੇ ਹੜ੍ਹਾਂ ਕਾਰਨ ਫ਼ਸਲਾਂ ਦੀ ਹੋਈ ਤਬਾਹੀ, ਲੋਕਾਂ ਦੇ ਢਹਿ ਗਏ ਮਕਾਨਾਂ ਅਤੇ ਰੁੜ੍ਹ ਗਈਆਂ ਝੁੱਗੀਆਂ-ਝੌਪੜੀਆਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਕੁਲਦੀਪ ਸਿੰਘ ਅਤੇ ਜ਼ੋਰਾ ਸਿੰਘ ਨੇ ਸਰਕਾਰ ਤੋਂ ਸਾਰੀਆਂ ਫਸਲਾਂ ਦੀ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਸਾਰੀਆਂ ਫ਼ਸਲਾਂ ਲਈ ਘੱਟੋਂ-ਘੱਟ ਸਮਰਥਨ ਮੁੱਲ ਦੇਣ ਅਤੇ ਸਰਕਾਰੀ ਖ਼ਰੀਦ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਮੂੰਗੀ ਅਤੇ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੇ ਬਾਵਜੂਦ ਨਿਰਧਾਰਤ ਐੱਮਐੱਸਪੀ ਤੋਂ ਹੇਠਾਂ ਖ਼ਰੀਦੀ ਜਾ ਰਹੀ ਹੈ, ਜੋ ਕਿ ਕਿਸਾਨਾਂ ਨਾਲ ਧੋਖਾ ਹੈ। ਇਸ ਮੌਕੇ ਰਣਜੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਹਜ਼ਰ ਸਨ।