For the best experience, open
https://m.punjabitribuneonline.com
on your mobile browser.
Advertisement

ਇਕਜੁੱਟਤਾ ਤੇ ਹੋਰ ਮੁਲਕਾਂ ਨਾਲ ਮਿਲ ਕੇ ਅੱਗੇ ਵਧਣਾ ਭਾਰਤ ਦਾ ਟੀਚਾ: ਰਾਜਨਾਥ

08:07 AM Sep 13, 2024 IST
ਇਕਜੁੱਟਤਾ ਤੇ ਹੋਰ ਮੁਲਕਾਂ ਨਾਲ ਮਿਲ ਕੇ ਅੱਗੇ ਵਧਣਾ ਭਾਰਤ ਦਾ ਟੀਚਾ  ਰਾਜਨਾਥ
ਜੋਧਪੁਰ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਹਥਿਆਰਾਂ ਦੀ ਪ੍ਰਦਰਸ਼ਨੀ ਦੇਖਦੇ ਹੋਏ। -ਫੋਟੋ: ਪੀਟੀਆਈ
Advertisement

ਜੋਧਪੁਰ, 12 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਮੌਜੂਦਾ ਸਮੇਂ ਕੁਝ ਮੁਲਕ ਇੱਕ ਦੂਜੇ ਨਾਲ ਜੰਗ ’ਚ ਰੁੱਝੇ ਹੋਏ ਪਰ ਭਾਰਤ ਦਾ ਮਕਸਦ ਦੁਨੀਆ ਦੇ ਦੇਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਦੇ ਚੱਲਣ ਹੈ। ਉਨ੍ਹਾਂ ਨੇ ਉੱਭਰਦੀਆਂ ਆਲਮੀ ਚੁਣੌਤੀਆਂ ਦੇ ਮੱਦੇਨਜ਼ਰ ਮਿੱਤਰ ਦੇਸ਼ਾਂ ਨੂੰ ਆਪਣੀ ਭਾਈਵਾਲੀ ਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਵੀ ਆਖਿਆ।
ਰੱਖਿਆ ਮੰਤਰੀ ਨੇ ਇੱਥੇ ਭਾਰਤੀ ਹਵਾਈ ਸੈਨਾ ਦੇ ਏਅਰਬੇਸ ’ਤੇ ਸਭ ਤੋਂ ਵੱਡੀ ਹਵਾਈ ਮਸ਼ਕ ‘ਤਰੰਗ ਸ਼ਕਤੀ’ ਦੌਰਾਨ ਬੋਲਦਿਆਂ ਕਿਹਾ, ‘ਅੱਜ ਦੁਨੀਆ ’ਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਕਈ ਥਾਵਾਂ ’ਤੇ ਕੁਝ ਮੁਲਕਾਂ ਵਿਚਾਲੇ ਜੰਗ ਚੱਲ ਰਹੀ ਹੈ। ਅਜਿਹੇ ਬਦਲਦੇ ਹਾਲਾਤ ’ਚ ਭਾਰਤ ਦਾ ਟੀਚਾ ਇੱਕ ਦੂਜੇ ਦਾ ਹੱਥ ਫੜ ਕੇ ਇਕੱਠਿਆਂ ਚੱਲਣ ਦਾ ਹੈ।’ ਉਨ੍ਹਾਂ ਆਖਿਆ, ‘ਜਿਸ ਤਰੀਕੇ ਨਾਲ ਦੁਨੀਆ ਬਦਲ ਰਹੀ ਹੈ ਅਤੇ ਨਵੀਂਆਂ ਚੁਣੌਤੀਆਂ ਉੱਭਰ ਰਹੀਆਂ ਹਨ, ਇਸ ਨੂੰ ਦੇਖਦਿਆਂ ਸਾਨੂੰ ਆਪਣੀ ਭਾਈਵਾਲੀ ਤੇ ਸਹਿਯੋਗ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਦੀ ਲੋੜ ਹੈ।’ ਰਾਜਨਾਥ ਸਿੰਘ ਨੇ ਇਹ ਟਿੱਪਣੀ ਰੂਸ ਤੇ ਯੂਕਰੇਨ ਵਿਚਾਲੇ ਸ਼ਾਂਤੀ ਗੱਲਬਾਤ ਅੱਗੇ ਵਧਾਉਣ ’ਚ ਭਾਰਤ ਨੂੰ ਸੰਭਾਵਿਤ ਭੂਮਿਕਾ ਨਿਭਾਉਣ ਦੀ ਮੰਗ ਉੱਠਣ ਦੇ ਬਾਅਦ ਕੀਤੀ ਹੈ, ਕਿਉਂਕਿ ਭਾਰਤ ਦੇ ਦੋਵਾਂ ਮੁਲਕਾਂ ਨਾਲ ਵਧੀਆ ਸਬੰਧ ਹਨ।
ਮੰਤਰੀ ਨੇ ਆਖਿਆ ਕਿ ਭਾਰਤ ਆਪਣੇ ਮਿੱਤਰ ਮੁਲਕਾਂ ਨਾਲ ਆਧੁਨਿਕ ਅਤੇ ਉੱਚ-ਤਕਨੀਕੀ ਪ੍ਰਾਜੈਕਟਾਂ ’ਤੇ ਸਹਿਯੋਗ ਵਧਾ ਰਿਹਾ ਹੈ। ਉਨ੍ਹਾਂ ਧਿਆਨ ਦਿਵਾਇਆ ਕਿ ਜਿੱਥੇ ਤਰੰਗ ਸ਼ਕਤੀ ਵਰਗੀਆਂ ਮਸ਼ਕਾਂ ਰਣਨੀਤਕ ਅਹਿਮੀਅਤ ਰੱਖਦੀਆਂ ਹਨ ਉੱਥੇ ਹੀ ਇਹ ਆਪਸੀ ਸਹਿਯੋਗ ਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਵਿਚਾਲੇ ਭਰੋਸਾ ਵਧਾਉਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦੀਆਂ ਹਨ। ਰੱਖਿਆ ਮੰਤਰੀ ਮੁਤਾਬਕ, ‘ਅਜਿਹੇ ਉਪਰਾਲੇ ਸਾਡੇ ਭਾਈਵਾਲ ਮੁਲਕਾਂ ਵਿਚਾਲੇ ਭਰੋੋਸੇ ਦਾ ਨਿਰਮਾਣ ਕਰਦੇ ਅਤੇ ਲੋੜ ਵੇਲੇ ਇੱਕਜੁੱਟ ਰਹਿਣ ਦੀ ਵਚਨਬੱਧਤਾ ਦੇ ਰੁਖ਼ ’ਤੇ ਜ਼ੋਰ ਦਿੰਦੇ ਹਨ।’ ਉਨ੍ਹਾਂ ਨੇ ਇਸ ਮੌਕੇ ਮੌਜੂਦ ਵਿਦੇਸ਼ੀ ਸ਼ਖਸੀਅਤਾਂ ਨੂੰ ਭਾਰਤ ਦੇ ਏਅਰੋਸਪੇਸ ਸੈਕਟਰ ਦਾ ਵਿਸਥਾਰ ਨਾਲ ਅਧਿਐਨ ਕਰਨ ਦੀ ਅਪੀਲ ਵੀ ਕੀਤੀ। ਮੰਤਰੀ ਨੇ ਆਖਿਆ ਕਿ ਭਾਰਤ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ ਅਤੇ ਉਸ ਦਾ ਉਦੇਸ਼ ਭਾਈਵਾਲੀ ਨੂੰ ਰਾਜਨੀਤਕ ਅਤੇ ਤਕਨੀਕੀ ਖੇਤਰਾਂ ਤੋਂ ਅੱਗੇ ਵਧਾਉਣ ਦਾ ਹੈ। ਉਨ੍ਹਾਂ ਆਖਿਆ, ‘ਅਸੀਂ ਚਾਹੁੰਦੇ ਹਾਂ ਕਿ ਸਾਡਾ ਸਹਿਯੋਗ ਸਿਰਫ ਰਾਜਨੀਤਕ ਅਤੇ ਤਕਨੀਕੀ ਖੇਤਰਾਂ ਤੱਕ ਸੀਮਤ ਨਾ ਹੋਵੇ ਬਲਕਿ ਇਹ ਦਿਲਾਂ ਦੀ ਸਾਂਝ ਵਾਲਾ ਹੋਣਾ ਚਾਹੀਦਾ ਹੈ।’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement