SKM: ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ
* ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ
ਆਤਿਸ਼ ਗੁਪਤਾ
ਚੰਡੀਗੜ੍ਹ, 26 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਹੋਰ ਕਿਸਾਨੀ ਮੁੱਦਿਆਂ ਬਾਰੇ ਵਿਚਾਰ-ਚਰਚਾ ਲਈ ਸਮਾਂ ਮੰਗਿਆ ਹੈ। ਮੋਰਚੇ ਨੇ ਇਸ ਪੱਤਰ ਰਾਹੀਂ ਮਹੀਨੇ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਬਾਰੇ ਜਾਣੂੰ ਕਰਵਾਇਆ ਅਤੇ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹੋਰਨਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਕਰਕੇ ਪੈਦਾ ਹੋਏ ਖਦਸ਼ਿਆਂ ਬਾਰੇ ਗੱਲਬਾਤ ਕਰਨ ਲਈ ਸਮਾਂ ਮੰਗਿਆ।
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 23 ਦਸੰਬਰ ਨੂੰ ਵੀ ਦੇਸ਼ ਭਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਮੁਜ਼ਾਹਰੇ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜੇ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਦਖਲ ਦੇ ਕੇ ਇਸ ਨੂੰ ਹੱਲ ਕਰਵਾਉਣਾ ਚਾਹੀਦਾ ਹੈ।ਸੰਯੁਕਤ ਕਿਸਾਨ ਮੋਰਚਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਧਰ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਤਾਂ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਹੀ ਰੋਕ ਦਿੱਤਾ। ਇਸ ਦੌਰਾਨ ਕਿਸਾਨਾਂ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਅੰਦੋਲਨ ਕੀਤਾ ਜਾ ਰਿਹਾ ਹੈ।
ਵੱਖ ਵੱਖ ਜਥੇਬੰਦੀਆਂ ਨੇ 30 ਦੇ ਬੰਦ ਲਈ ਕਿਸਾਨਾਂ ਨੂੰ ਦਿੱਤੀ ਹਮਾਇਤ
ਟਰੇਡ ਯੂਨੀਅਨਾਂ ਸਮੇਤ ਵਪਾਰਕ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਢਾਬੀਗੁੱਜਰਾਂ ਬਾਰਡਰ ’ਤੇ ਪਹੁੰਚ ਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ 30 ਦਸੰਬਰ ਦੇ ਬੰਦ ਲਈ ਹਮਾਇਤ ਦਿੱਤੀ। ਪ੍ਰ੍ਰਬੰਧਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਮੀਟਿੰਗ ’ਚ ਪੀਡੀਏ ਐਂਪਲਾਈਜ਼ ਯੂਨੀਅਨ ਪਟਿਆਲਾ, ਟੀਐੱਸਯੂ (ਸੋਢੀ ਗਰੁੱਪ), ਆਸ਼ਾ ਵਰਕਰ ਯੂਨੀਅਨ (ਸ਼ੁਤਰਾਣਾ ਬਲਾਕ), ਲੋਕ ਸੰਗਰਾਮ ਮੋਰਚਾ, ਕ੍ਰਾਂਤੀਕਾਰੀ ਪੇਂਡੂ ਵਰਕਰ ਯੂਨੀਅਨ, ਟੌਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ, ਪਬਲਿਕ ਐਕਸ਼ਨ ਕਮੇਟੀ, ਕਾਲਾ ਪਾਣੀ ਮੋਰਚਾ, ਪੰਜਾਬ ਡੈਂਟਲ ਸਰਜਨ ਫਰੰਟ, ਪੰਜਾਬ ਰੋਡਵੇਜ਼, ਪੀਆਰਟੀਸੀ, ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਜਲ ਸਪਲਾਈ ਸੈਨੀਟੇਸ਼ਨ ਮੁਲਾਜ਼ਮ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਸਾਬਕਾ ਸੈਨਿਕ ਸਾਂਝਾ ਮੋਰਚਾ, ਪੰਜਾਬ ਨੰਬਰਦਾਰ ਯੂਨੀਅਨ, ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ, ਆਈਟੀਆਈ ਮੁਲਾਜ਼ਮ ਯੂਨੀਅਨ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਦੋਧੀ ਡੇਅਰੀ ਯੂਨੀਅਨ ਪੰਜਾਬ, ਚੀਫ਼ ਪੈਟਰਨ ਨੰਬਰਦਾਰ ਯੂਨੀਅਨ, ਐਂਪਲਾਈਜ਼ ਫੈਡਰੇਸ਼ਨ ਪੰਜਾਬ, ਵਪਾਰ ਮੰਡਲ ਪਟਿਆਲਾ, ਹਿੰਦੂਸਤਾਨ ਪੈਟਰੋਲ ਪੰਪ ਯੂਨੀਅਨ, ਪੀਆਰਟੀਸੀ ਇਨਟੈਕ ਯੂਨੀਅਨ, ਪੀਆਰਟੀਸੀ ਏਟਕ ਯੂਨੀਅਨ ਅਤੇ ਡੀਲਰਜ਼ ਐਸੋਸੀਏਸ਼ਨ ਪੰਜਾਬ ਆਦਿ ਨੇ ਸ਼ਿਰਕਤ ਕੀਤੀ। ਫੋਰਮ ਵੱਲੋਂ ਮੀਟਿੰਗ ’ਚ ਸੁਰਜੀਤ ਫੂਲ, ਕਾਕਾ ਸਿੰਘ ਕੋਟੜਾ, ਸੁਖਜੀਤ ਹਰਦੋਝੰਡੇ, ਸਰਵਣ ਪੰਧੇਰ, ਅਭਿਮੰਨਿਊ, ਬਲਦੇਵ ਸਿਰਸਾ, ਮਨਜੀਤ ਰਾਏ ਤੇ ਮਨਜੀਤ ਨਿਆਲ ਆਦਿ ਕਿਸਾਨ ਆਗੂ ਹਾਜ਼ਰ ਸਨ।
ਡੱਲੇਵਾਲ ਦਾ ਮਰਨ ਵਰਤ ਦੂਜੇ ਮਹੀਨੇ ’ਚ ਦਾਖ਼ਲ
ਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਦੂਜੇ ਮਹੀਨੇ ’ਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਬੀਤੇ 31 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਹੈ ਜਿਸ ਕਾਰਨ ਰੋਗਾਂ ਨਾਲ ਲੜਨ ਦੀ ਅੰਦਰੂਨੀ ਤਾਕਤ (ਪ੍ਰਤੀਰੋਧਕ ਸ਼ਕਤੀ) ਬਹੁਤ ਕਮਜ਼ੋਰ ਹੋ ਗਈ ਹੈ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਥੋਂ ਤੱਕ ਕਿ ਅੱਜ ਤਾਂ ਉਨ੍ਹਾਂ ਨੇ ਪਾਣੀ ਦੀ ਘੁੱਟ ਵੀ ਨਹੀਂ ਭਰੀ ਕਿਉਂਕਿ ਪਾਣੀ ਪੀਣ ਕਾਰਨ ਬੁੱਧਵਾਰ ਸ਼ਾਮ ਤੋਂ ਹੀ ਉਨ੍ਹਾਂ ਨੂੰ ਉਲਟੀ ਆਉਣ ਲੱਗ ਪਈ ਸੀ। ਇਥੇ ਤਾਇਨਾਤ ਡਾ. ਸਵੈਮਾਨ ਸਿੰਘ ਦੀ ਟੀਮ ਅਤੇ ਹੋਰ ਸਰਕਾਰੀ-ਗੈਰ ਸਰਕਾਰੀ ਡਾਕਟਰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਡੱਲੇਵਾਲ ਦੇ ਅੰਗਾਂ ’ਤੇ ਗੰਭੀਰ ਅਸਰ ਪੈ ਰਿਹਾ ਹੈ। ਅੱਜ ਦੇ ਮੈਡੀਕਲ ਬੁਲੇਟਿਨ ਮੁਤਾਬਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਵੀ ਘੱਟ ਰਹੇ। ਇਸ ਦੌਰਾਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਦੋ ਵਿਧਾਇਕਾਂ ਨਰਿੰਦਰ ਕੌਰ ਭਰਾਜ ਅਤੇ ਗੁਰਲਾਲ ਘਨੌਰ ਨੇ ਅੱਜ ਇਥੇ ਪਹੁੰਚ ਕੇ ਡੱਲੇਵਾਲ ਦਾ ਹਾਲ-ਚਾਲ ਜਾਣਿਆ।