ਬਾਕੂ, 27 ਦਸੰਬਰਕਜ਼ਾਖਸਤਾਨ ਵਿੱਚ ਕਰੈਸ਼ ਹੋਏ ਅਜ਼ਰਬਾਇਜਾਨ ਦੇ ਜਹਾਜ਼ ਵਿੱਚ ਸਵਾਰ ਦੋ ਯਾਤਰੀਆਂ ਅਤੇ ਚਾਲਕ ਦਲ ਦੇ ਇੱਕ ਮੈਂਬਰ ਨੇ ਦੱਸਿਆ ਕਿ ਜਦੋਂ ਜਹਾਜ਼ ਦੱਖਣੀ ਰੂਸ ਦੀ ਗ੍ਰੋਜ਼ਨੀ ਦੀ ਆਪਣੀ ਅਸਲ ਮੰਜ਼ਿਲ ਤੱਕ ਪਹੁੰਚਿਆ ਤਾਂ ਉਨ੍ਹਾਂ ਇੱਕ ਉੱਚੀ ਧਮਾਕੇ ਦੀ ਆਵਾਜ਼ ਸੁਣੀ।ਫਲਾਈਟ J2-8243 ਬੁੱਧਵਾਰ ਨੂੰ ਦੱਖਣੀ ਰੂਸ ਦੇ ਇੱਕ ਖੇਤਰ ਤੋਂ ਮੋੜਨ ਮਗਰੋਂ ਕਜ਼ਾਖਸਤਾਨ ਦੇ ਅਕਤਾਊ ਸ਼ਹਿਰ ਨੇੜੇ ਅੱਗ ਦੇ ਇੱਕ ਗੋਲੇ ’ਚ ਹਾਦਸਾਗ੍ਰਸਤ ਹੋ ਗਈ, ਜਿੱਥੇ ਮਾਸਕੋ ਨੇ ਯੂਕਰੇਨੀ ਡਰੋਨ ਹਮਲਿਆਂ ਖ਼ਿਲਾਫ਼ ਹਵਾਈ ਰੱਖਿਆ ਪ੍ਰਣਾਲੀ ਦੀ ਵਰਤੋਂ ਕੀਤੀ। ਇਸ ਹਾਦਸੇ ਵਿੱਚ ਘੱਟੋ-ਘੱਟ 38 ਜਣੇ ਮਾਰੇ ਗਏ, ਜਦਕਿ 29 ਬਚ ਗਏ।ਹਸਪਤਾਲ ਵਿੱਚ ਜ਼ੇਰੇ ਇਲਾਜ ਇੱਕ ਯਾਤਰਾ ਸੁਭੋਨਕੁਲ ਰਾਵੀਮੋਵ ਨੇ ਦੱਸਿਆ, ‘‘ਧਮਾਕੇ ਮਗਰੋਂ ਮੈਂ ਸੋਚਿਆ ਜਹਾਜ਼ ਟੁਕੜੇ-ਟੁਕੜੇ ਹੋ ਜਾਵੇਗਾ।’’ ਉਸ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਸੁਣਨ ਮਗਰੋਂ ਮੈਂ ਅੰਤ ਦੀ ਤਿਆਰੀ ਕਰਦਿਆਂ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ।ਜਹਾਜ਼ ਵਿੱਚ ਸਵਾਰ ਇੱਕ ਹੋਰ ਯਾਤਰੀ ਵਾਡਾ ਸ਼ਬਾਨੋਵਾ ਨੇ ਕਿਹਾ, ‘‘ਧਮਾਕੇ ਦੀ ਆਵਾਜ਼ ਸੁਣ ਕੇ ਮੈਂ ਬਹੁਤ ਡਰੀ ਹੋਈ ਸੀ, ਇਸ ਦੌਰਾਨ ਹੀ ਇੱਕ ਹੋਰ ਧਮਾਕਾ ਹੋਇਆ। ਫਿਰ ਫਲਾਈਟ ਅਟੈਂਡੈਂਟ ਨੇ ਜਹਾਜ਼ ਦੇ ਪਿਛਲੇ ਪਾਸੇ ਜਾਣ ਲਈ ਕਿਹਾ।’’ ਦੋਵਾਂ ਯਾਤਰੀਆਂ ਨੇ ਦੱਸਿਆ ਕਿ ਧਮਾਕੇ ਮਗਰੋਂ ਜਹਾਜ਼ ’ਚ ਆਕਸੀਜਨ ਦੇ ਪੱਧਰ ’ਚ ਸਮੱਸਿਆ ਦਿਖਾਈ ਦਿੱਤੀ।ਫਲਾਈਟ ਅਟੈਂਡੈਂਟ ਜ਼ੁਲਫੁਗਰ ਅਸਾਡੋਟ ਨੇ ਦੱਸਿਆ ਕਿ ਧੁੰਦ ਕਾਰਨ ਗ੍ਰੋਜ਼ਨੀ ਵਿੱਚ ਲੈਂਡਿੰਗ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਇਸ ਲਈ ਪਾਇਲਟ ਨੇ ਚੱਕਰ ਲਗਾਇਆ ਤਾਂ ਜਹਾਜ਼ ਦੇ ਬਾਹਰ ਧਮਾਕੇ ਹੋਣ ਲੱਗੇ। ਉਸ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਖੱਬੇ ਪਾਸਿਓਂ ਇੱਕ ਧਮਾਕੇ ਦੀ ਆਵਾਜ਼ ਸੁਣੀ। ਲਗਾਤਾਰ ਤਿੰਨ ਧਮਾਕੇ ਹੋਏ।ਚਸ਼ਮਦੀਦਾਂ ਦੇ ਇਹ ਬਿਆਨ ਦਰਦਨਾਕ ਹਾਦਸੇ ਨੂੰ ਬਿਆਨਦੇ ਹਨ ਕਿ ਹਾਦਸੇ ਦੇ ਕਾਰਨ ਕੀ ਹੋ ਸਕਦੇ ਹਨ।ਅਜ਼ਰਬਾਇਜਾਨ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਰੂਸੀ ਸ਼ਹਿਰਾਂ ਲਈ ਬਹੁਤ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਦਿਆਂ ਕਿਹਾ ਕਿ ਏਅਰਲਾਈਨਜ਼ ਮੰਨਦੀ ਹੈ ਕਿ ਇਹ ਹਾਦਸਾ ‘ਸਰੀਰਕ ਤੇ ਤਕਨੀਕੀ ਬਾਹਰੀ ਦਖ਼ਲਅੰਦਾਜ਼ੀ’ ਕਾਰਨ ਵਾਪਰਿਆ ਹੈ। ਹਾਲਾਂਕਿ ਏਅਰਲਾਈਨਜ਼ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਦਖ਼ਲ ਕੀ ਸੀ।ਅਜ਼ਰਬਾਇਜਾਨ ਦੀ ਜਾਂਚ ਦੇ ਸ਼ੁਰੂਆਤੀ ਨਤੀਜਿਆਂ ਦੀ ਜਾਣਕਾਰੀ ਵਾਲੇ ਚਾਰ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਰੂਸੀ ਹਵਾਈ ਰੱਖਿਆ ਨੇ ਗਲਤੀ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ।ਰੂਸ ਦੇ ਹਵਾਬਾਜ਼ੀ ਨਿਗਰਾਨ ਨੇ ਅੱਜ ਇੱਥੇ ਕਿਹਾ ਕਿ ਸੰਘਣੀ ਧੁੰਦ ਅਤੇ ਯੂਕਰੇਨੀ ਡਰੋਨਾਂ ’ਤੇ ਸਥਾਨਕ ਅਲਰਟ ਦਰਮਿਆਨ ਜਹਾਜ਼ ਨੇ ਚੇਚਨੀਆ ’ਚ ਆਪਣੀ ਅਸਲ ਮੰਜ਼ਿਲ ਤੋਂ ਮੁੜਨ ਦਾ ਫ਼ੈਸਲਾ ਕੀਤਾ ਸੀ। ਰੋਸਾਵੀਅਤਸੀਆ ਨੇ ਕਿਹਾ ਕਿ ਕਪਤਾਨ ਨੂੰ ਹੋਰ ਹਵਾਈ ਅੱਡਿਆਂ ’ਤੇ ਉਤਰਨ ਦੀ ਪੇਸ਼ਕਸ਼ ਕੀਤੀ ਗਈ ਸੀ। -ਰਾਇਟਰਜ਼