For the best experience, open
https://m.punjabitribuneonline.com
on your mobile browser.
Advertisement

ਵਿਲੱਖਣ ਚਿੰਨ੍ਹ ਟੋਟਮ

12:02 PM Jul 21, 2024 IST
ਵਿਲੱਖਣ ਚਿੰਨ੍ਹ ਟੋਟਮ
Advertisement

ਡਾ. ਬਿਕਰਮਜੀਤ ਪੁਰਬਾ

ਕਿਸੇ ਕਬੀਲਾਈ ਸਮਾਜ ਸਭਿਆਚਾਰ ਦੇ ਲੋਕ ਧਰਮ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਤੋਂ ਇਲਾਵਾ ਟੋਟਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਟੋਟਮ ਕਿਸੇ ਮਨੁੱਖੀ ਕਬੀਲੇ ਦਾ ਇੱਕ ਸਾਂਝਾ ਚਿੰਨ੍ਹ ਹੁੰਦਾ ਹੈ ਜਿਸ ਨੂੰ ਸਮੂਹਿਕ ਤੌਰ ਉੱਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਕਿਸੇ ਕਬੀਲੇ ਦੁਆਰਾ ਚੁਣਿਆ ਗਿਆ ਕੋਈ ਰੁੱਖ, ਜਾਨਵਰ ਜਾਂ ਪੰਛੀ ਹੁੰਦਾ ਹੈ। ਟੋਟਮ ਵਿੱਚ ਜਾਨਵਰ ਜਾਂ ਪੰਛੀ ਨੂੰ ਮਾਰਿਆ ਨਹੀਂ ਜਾਂਦਾ ਭਾਵੇਂ ਉਹ ਜ਼ਹਿਰੀਲਾ ਹੀ ਕਿਉਂ ਨਾ ਹੋਵੇ। ਟੋਟਮ ਪ੍ਰਤੀ ਕਬੀਲੇ ਦਾ ਕੋਈ ਵਿਅਕਤੀ ਨਾਂਹਪੱਖੀ ਵਤੀਰਾ ਵੀ ਨਹੀਂ ਅਪਣਾ ਸਕਦਾ। ਜੇਕਰ ਕੋਈ ਇੰਜ ਕਰੇ ਤਾਂ ਉਸ ਵਿਅਕਤੀ ਨੂੰ ਕਬੀਲੇ ਵਿੱਚੋਂ ਬੇਦਖ਼ਲ ਕਰ ਦਿੱਤਾ ਜਾਂਦਾ ਹੈ। ਮਾਨਵ ਵਿਗਿਆਨੀਆਂ ਨੇ ਟੋਟਮ ਦੇ ਸਾਰੇ ਢਾਂਚੇ ਨਾਲ ਜੁੜੇ ਪ੍ਰਸੰਗਾਂ ਦੇ ਅਧਿਐਨ ਨੂੰ ਟੋਟਮਵਾਦ ਆਖਿਆ ਹੈ।
ਜੇਕਰ ਕਬੀਲਿਆਂ ਤੇ ਉਨ੍ਹਾਂ ਨਾਲ ਜੁੜੇ ਟੋਟਮਾਂ ਦਾ ਅਧਿਐਨ ਕਰੀਏ ਤਾਂ ਕਾਫ਼ੀ ਰੋਚਕ ਸੰਕੇਤ ਮਿਲਦੇ ਹਨ। ਜਿਵੇਂ ਅੰਡੇਮਾਨ ਦੇ ਕਬੀਲਿਆਂ ਦਾ ਟੋਟਮ ਕੱਛੂ ਹੈ। ਕੈਲੀਫੋਰਨੀਆ ਦੇ ਕੁਝ ਇਲਾਕਿਆਂ ਤੇ ਇੰਡੀਅਨ ਦਾ ਮੱਛੀ ਹੈ। ਭਾਰਤ ਦੇ ਕੁਝ ਕਬੀਲਿਆਂ ਦਾ ਟੋਟਮ ਸੂਰਜ ਤੇ ਚੰਦਰਮਾ ਹੈ।
ਆਦਿ ਕਾਲੀਨ ਮਨੁੱਖ ਆਪਣੇ ਕਬੀਲੇ ਦੀ ਵੱਖਰਤਾ ਲਈ ਵੱਖਰਾ ਪ੍ਰਤੀਕ ਚਿੰਨ੍ਹ ਚੁਣਦਾ ਹੈ ਜੋ ਉਨ੍ਹਾਂ ਲੋਕਾਂ ਦੇ ਸਮੂਹਿਕ ਤਜਰਬੇ ਦੀ ਪ੍ਰਤੀਨਿਧਤਾ ਕਰਦਾ ਹੈ; ਜਿਸ ਨਾਲ ਉਹ ਨੇੜਿਓਂ ਜੁੜੇ ਹੁੰਦੇ ਹਨ; ਜਿਸ ਨਾਲ ਹਰ ਰੋਜ਼ ਦਾ ਵਾਹ-ਵਾਸਤਾ ਪੈਂਦਾ ਹੈ। ਉਸ ਨਾਲ ਹੀ ਭਾਵੁਕ ਲਗਾਉ ਜੁੜ ਜਾਂਦਾ ਹੈ। ਉਸ ਸਮੂਹ ਨੂੰ ਉਹ ਖੁਸ਼ਕਿਸਮਤੀ ਦਾ ਚਿੰਨ੍ਹ ਲੱਗਣ ਲੱਗ ਜਾਂਦਾ ਹੈ। ਅਜਿਹੀ ਵਸਤੂ ਪ੍ਰਤੀ ਉਹ ਖ਼ਾਸ ਨਜ਼ਰੀਆ ਅਪਣਾਉਂਦੇ ਹਨ। ਇਹ ਖ਼ਾਸ ਨਜ਼ਰੀਆ ਹੀ ਉਸ ਵਸਤੂ ਨੂੰ ਪਵਿਤਰ ਅਤੇ ਸੰਸਕਾਰਕ ਦਰਜ਼ਾ ਦਿਵਾਉਂਦਾ ਤੇ ਟੋਟਮ ਅਖਵਾਉਂਦਾ ਹੈ।
ਉਦਾਹਰਣ ਵਜੋਂ, ਇਹ ਦੇਖਿਆ ਗਿਆ ਹੈ ਕਿ ਮਹਾਰਾਸ਼ਟਰ ਵਿੱਚ ‘ਤਾਂਬੇ’ ਦਾ ਪਰਿਵਾਰਕ ਨਾਮ ਰੱਖਣ ਵਾਲੇ ਲੋਕ ਸੱਪ ਨੂੰ ਆਪਣਾ ਟੋਟਮ ਮੰਨਦੇ ਹਨ ਅਤੇ ਕਦੇ ਵੀ ਸੱਪ ਨੂੰ ਨਹੀਂ ਮਾਰਦੇ। 19ਵੀਂ ਸਦੀ ਵਿੱਚ ਸਤਪੁਰਾ ਦੇ ਜੰਗਲਾਂ ਵਿੱਚ ਰਹਿਣ ਵਾਲੇ ਭੀਲਾਂ ਨੇ ਹਰੇਕ ਸਮੂਹ ਵਿੱਚ ਇੱਕ ਟੋਟਮ ਜਾਨਵਰ ਜਾਂ ਦਰੱਖਤ ਦੇਖਿਆ ਜਿਵੇਂ ਕਿ ਕੀੜਾ, ਸੱਪ, ਸ਼ੇਰ, ਮੋਰ, ਬਾਂਸ, ਪਿਪਲ ਆਦਿ। ਇੱਕ ਸਮੂਹ ਦਾ ਟੋਟਮ ਗਵਲਾ ਨਾਮ ਦਾ ਇੱਕ ਕ੍ਰੀਪਰ ਸੀ ਜਿਸ ’ਤੇ ਉਸ ਸਮੂਹ ਦੇ ਕਿਸੇ ਮੈਂਬਰ ਦਾ ਗ਼ਲਤੀ ਨਾਲ ਵੀ ਪੈਰ ਲੱਗ ਜਾਂਦਾ ਤਾਂ ਉਹ ਉਸ ਨੂੰ ਸਲਾਮ ਕਰਦਾ ਅਤੇ ਉਸ ਤੋਂ ਮੁਆਫ਼ੀ ਮੰਗਦਾ ਸੀ।
ਟੋਟਮ ਸ਼ਬਦ ਦੀ ਉਤਪਤੀ
ਟੋਟਮ ਸ਼ਬਦ ਦੀ ਉਤਪਤੀ ਆਦਿਵਾਸੀਆਂ ਦੇ ਕਬੀਲੇ ‘ਔਜਿਨਦਾ’ ਦੇ ਸ਼ਬਦ ਔਡਮ ਜਾਂ ਡੋਡਮ ਤੋਂ ਹੋਈ ਹੈ। ਇਸ ਤੋਂ ਭਾਵ ਹੈ ਕਿ ਇਹ ਮੇਰਾ ਸੰਬਧੀ ਹੈ ਅਰਥਾਤ ਇਹ ਮੇਰੇ ਬਹੁ‘ਵਿਆਹੀ ਗੋਤ ਦਾ ਪ੍ਰਾਣੀ ਹੈ।
ਟੋਟਮਵਾਦ
ਸਭਿਆਚਾਰ ਵਿਗਿਆਨੀ ਟੋਟਮਵਾਦ ਦੀ ਸ਼ੁਰੂਆਤ ਮਨੁੱਖ ਦੀ ਸਮਾਜਿਕ ਪੱਖ ਦੀ ਘਾੜਤ ਨਾਲ ਜੋੜਦੇ ਹਨ ਭਾਵ ਮਨੁੱਖ ਨੇ ਜਦੋਂ ਆਪਣੀ ਬੰਸਾਵਲੀ ਦੀ ਵੱਖਰੀ ਸ਼ਨਾਖ਼ਤ ਆਰੰਭੀ ਤਾਂ ਇੱਕ ਤਰ੍ਹਾਂ ਨਾਲ ਉਸ ਨੇ ਚੁਫ਼ੇਰੇ ਦੇ ਕੁਦਰਤੀ ਸੰਸਾਰ ਵਿੱਚੋਂ ਅਜਿਹੇ ਪ੍ਰਤੀਕ ਨੂੰ ਟੋਟਮ ਆਖਿਆ। ਜੇ ਅਸੀਂ ਸੰਸਾਰ ਦੇ ਕੁਝ ਕਬੀਲਿਆਂ ਤੇ ਉਨ੍ਹਾਂ ਨਾਲ ਜੁੜੇ ਟੋਟਮਾਂ ਦਾ ਅਧਿਐਨ ਕਰੀਏ ਤਾਂ ਇਹ ਕਾਫ਼ੀ ਰੋਚਕ ਸੰਕੇਤ ਦਿੰਦੇ ਹਨ। ਭਾਰਤ ਦੇ ਕੁਝ ਕਬੀਲਿਆਂ ਦਾ ਟੋਟਮ ਸੂਰਜ ਤੇ ਕੁਝ ਦਾ ਚੰਦਰਮਾ ਹੈ। ਇਹ ਸਾਰੇ ਦਰਸਾਉਂਦੇ ਹਨ ਕਿ ਕਿਸੇ ਵਿਸ਼ੇਸ਼ ਜਾਨਵਰ, ਪੰਛੀ, ਪੌਦੇ ਜਾਂ ਹੋਰ ਕੁਦਰਤੀ ਵਸਤੂ ਨੂੰ ਟੋਟਮ ਵਜੋਂ ਪ੍ਰਵਾਨ ਕਰਨਾ ਇੱਕ ਅਜਿਹੀ ਆਦਿਮ ਪ੍ਰਵਿਰਤੀ ਸੀ ਜਿਸ ਨਾਲ ਉਹ ਲੋਕ ਆਪਣਾ ਵੱਖਰਾ ਸਮੁਦਾਇ ਬਣਾਉਣਾ ਤੇ ਦਰਸਾਉਣਾ ਚਾਹੁੰਦੇ ਸਨ। ਬਾਜ਼, ਕਾਂ, ਤੋਤਾ, ਮੋਰ, ਚਮਗਿੱਦੜ, ਵੇਲਾਂ ਅਤੇ ਵੱਖ-ਵੱਖ ਰੁੱਖ ਟੋਟਮ ਬਣਾਏ ਗਏ। ਇਨ੍ਹਾਂ ਨੂੰ ਟੋਟਮ ਵਜੋਂ ਸਵੀਕਾਰਨਾ ਪ੍ਰਾਕਿਰਤਕ, ਸਭਿਆਚਾਰਕ ਅਤੇ ਮਾਨਸਿਕ ਧਰਾਤਲਾਂ ਤੋਂ ਬੇਹੱਦ ਦਿਲਚਸਪ ਹੈ।
ਟੋਟਮਵਾਦ ਪ੍ਰਾਚੀਨ ਮਨੁੱਖ ਦੇ ਮਨ ਦੀ ਵਿਸ਼ੇਸ਼ ਕਾਰਜਸ਼ੀਲਤਾ ਦਾ ਲਖਾਇਕ ਹੈ। ਇਸ ਰਾਹੀਂ ਉਹ ਆਪਣੇ ਸਮੂਹ ਨਾਲ ਹੀ ਨਹੀਂ ਸਗੋਂ ਆਸ-ਪਾਸ ਦੇ ਕੁਦਰਤੀ ਸੰਸਾਰ ਨਾਲ ਭਾਵਨਾਤਮਕ ਇਕਸੁਰਤਾ ਕਾਇਮ ਕਰਦਾ ਹੈ ਅਤੇ ਨਾਲੋ-ਨਾਲ ਆਪਣੇ ਗੋਤ, ਕੁਲ ਦੀ ਵਿਲੱਖਣਤਾ ਵੀ ਕਾਇਮ ਕਰਦਾ ਹੈ। ਜਦੋਂ ਉਹ ਕਿਸੇ ਵਸਤੂ ਨੂੰ ਟੋਟਮ ਸਵੀਕਾਰ ਕਰ ਲੈਂਦਾ ਹੈ ਤਾਂ ਇਸ ਨੂੰ ਪ੍ਰਦਾਨ ਕੀਤੀ ਗਈ ਪਵਿੱਤਰਤਾ ਅਤੇ ਵਿਸ਼ੇਸ਼ ਸਤਿਕਾਰ ਇਸ ਪ੍ਰਤੀ ਇੱਕ ਖ਼ਾਸ ਵਤੀਰੇ ਦੇ ਸੂਚਕ ਬਣ ਜਾਂਦੇ ਹਨ। ਇਹ ਸੰਸਕਾਰਕ ਰਵੱਈਆ ਪ੍ਰਾਚੀਨ ਮਨੁੱਖ ਦੀ ਉਸ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਹੈ ਜਿੱਥੇ ਉਹ ਸਭਿਆਚਾਰੀਕਰਨ ਦੇ ਅਮਲ ਵਿੱਚ ਆਪਣੀ ਵਿੱਲਖਣ ਹੋਂਦ ਵਿਧੀ ਦੀਆਂ ਜੁਗਤਾਂ ਅਤੇ ਪ੍ਰਤੀਕ ਸਿਰਜਦਾ ਹੈ।
ਟੋਟਮ ਦੀਆਂ ਕਿਸਮਾਂ
ਟੋਟਮ ਪੁਰਾਤਨ ਸਮੇਂ ਵਿੱਚ ਮੁੱਖ ਰੂਪ ਵਿੱਚ ਦੋ ਰੂਪਾਂ ਵਿੱਚ ਪਾਇਆ ਜਾਂਦਾ ਸੀ। ਪਹਿਲੇ ਰੂਪ ਵਿੱਚ ਟੋਟਮ ਚਾਦਰ ਦੇ ਰੂਪ ਵਿੱਚ ਹੁੰਦਾ ਹੈ ਜਿਸ ’ਤੇ ਟੋਟਮ ਪਸ਼ੂ ਜਾਂ ਪੰਛੀ ਦੇ ਚਿੱਤਰ ਹੁੰਦੇ ਹਨ। ਦੂਜੇ ਰੂਪ ਵਿੱਚ ਚਾਦਰ ’ਤੇ ਚਿੱਤਰ ਨਹੀਂ ਹੁੰਦੇ, ਸਿਰਫ਼ ਚਾਦਰ ਲਾਲ, ਭੱਗਦੇ, ਕਾਲੇ ਜਾਂ ਮਠੇ ਰੰਗ ਦੀ ਹੁੰਦੀ ਹੈ।
ਆਰੰਭ ਬਾਰੇ ਵਿਚਾਰ
ਟੋਟਮ ਪ੍ਰਾਚੀਨ ਸਭਿਆਚਾਰਾਂ ਦੀ ਸਿਰਜਣਾ ਹੈ। ਟੋਟਮ ਦੀ ਸਿਰਜਣਾ ਸ਼ੁਰੂ ਵਿੱਚ ਮਨੁੱਖ ਤੇ ਪ੍ਰਕਿਰਤਕ ਸੰਸਾਰ ਦੇ ਆਪਸੀ ਸਬੰਧਾਂ ਨਾਲ ਜੁੜੀ ਹੋਈ ਹੈ। ਮਨੁੱਖ ਜਦੋਂ ਸਮਾਜਿਕ ਸਭਿਆਚਾਰ ਢਾਂਚਾ ਸਿਰਜ ਰਿਹਾ ਸੀ, ਉਸ ਸਮੇਂ ਉਹ ਪ੍ਰਕਿਰਤੀ ਉੱਪਰ ਕਾਫ਼ੀ ਨਿਰਭਰ ਸੀ। ਨਾਲ ਹੀ ਪ੍ਰਕਿਰਤੀ ਤੋਂ ਵੱਖਰਾ ਆਪਣੀ ਸਭਿਆਚਾਰ ਪ੍ਰਣਾਲੀ ਵੀ ਉਸਾਰ ਰਿਹਾ ਸੀ। ਟੋਟਮ ਮਨੁੱਖ ਦੇ ਪ੍ਰਕਿਰਤੀ ਨਾਲ ਅਜਿਹੇ ਦੂਹਰੇ ਸਬੰਧਾਂ ਵਿੱਚੋਂ ਹੀ ਆਪਣੀ ਹੋਂਦ ਸਥਾਪਿਤ ਕਰਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×