ਹਾਨ ਕਾਂਗ ਦਾ ਨਾਵਲ ‘ਦਿ ਵੈਜੀਟੇਰੀਅਨ’
ਇਸ ਵਰ੍ਹੇ ਸਾਹਿਤ ਦਾ ਨੋਬੇਲ ਪੁਰਸਕਾਰ ਹਾਸਲ ਕਰਨ ਵਾਲੀ ਦੱਖਣੀ ਕੋਰਿਆਈ ਲੇਖਕਾ ਹਾਨ ਕਾਂਗ ਦੇ ਨਾਵਲ ‘ਦਿ ਵੈਜੀਟੇਰੀਅਨ’ ਦੇ ਕੁਝ ਅੰਸ਼ ਅਸੀਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ ਜੋ ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦ ਕੀਤੇ ਗਏ ਹਨ। ਇਸ ਨਾਵਲ ਦਾ ਅੰਗਰੇਜ਼ੀ ਅਨੁਵਾਦ 2015 ਵਿੱਚ ਪ੍ਰਕਾਸ਼ਿਤ ਹੋਇਆ ਅਤੇ 2016 ਵਿੱਚ ਇਸ ਨੂੰ ‘ਬੁੱਕਰ ਇੰਟਰਨੈਸ਼ਨਲ ਪ੍ਰਾਈਜ਼’ ਨਾਲ ਸਨਮਾਨਿਆ ਗਿਆ।
ਮੇਰੀ ਪਤਨੀ ਦੇ ਸ਼ਾਕਾਹਾਰੀ ਹੋਣ ਤੋਂ ਪਹਿਲਾਂ ਮੈਂ ਉਸ ਨੂੰ ਬਿਲਕੁਲ ਇੱਕ ਸਾਧਾਰਨ ਜਿਹੀ ਔਰਤ ਸਮਝਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਮੈਂ ਉਸ ਨੂੰ ਪਹਿਲੀ ਵੇਰਾਂ ਵੇਖਿਆ ਤਾਂ ਮੇਰੇ ਮਨ ਵਿੱਚ ਉਸ ਪ੍ਰਤੀ ਕੋਈ ਖਿੱਚ ਪੈਦਾ ਨਹੀਂ ਸੀ ਹੋਈ- ਦਰਮਿਆਨਾ ਕੱਦ, ਕੱਟੇ ਵਾਲ, ਨਾ ਲੰਬੇ ਨਾ ਛੋਟੇ, ਬਿਮਾਰਾਂ ਵਰਗਾ ਪੀਲਾ-ਜ਼ਰਦ ਚਿਹਰਾ ਤੇ ਗੱਲ੍ਹਾਂ ਦੀਆਂ ਉੱਭਰੀਆਂ ਹੱਡੀਆਂ। ਉਹ ਬਹੁਤ ਡਰਪੋਕ ਤੇ ਮਰੀਅਲ ਜਿਹੀ ਦਿਖਦੀ ਸੀ। ਬਸ, ਮੇਰੇ ਲਈ ਏਨਾ ਹੀ ਜਾਣਨਾ ਕਾਫੀ ਸੀ। ਪਹਿਲੀ ਮੁਲਾਕਾਤ ਵੇਲੇ ਜਦੋਂ ਉਹ ਉਸ ਟੇਬਲ ਕੋਲ ਪਹੁੰਚੀ ਜਿੱਥੇ ਮੈਂ ਉਸਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਮੈਂ ਉਸ ਦੇ ਅਤਿ ਸਾਧਾਰਨ ਕਾਲੇ ਬੂਟਾਂ ’ਤੇ ਨਜ਼ਰ ਟਿਕਾਏ ਬਿਨਾਂ ਨਾ ਰਹਿ ਸਕਿਆ। ਉਸ ਦੀ ਤੋਰ ਨਾ ਤੇਜ਼ ਸੀ ਤੇ ਨਾ ਧੀਮੀ, ਨਾ ਉਹ ਉਲਾਂਘਾਂ ਪੁੱਟ ਰਹੀ ਸੀ ਤੇ ਨਾ ਹੀ ਮਟਕ ਕੇ ਤੁਰ ਰਹੀ ਸੀ। ਉਸ ਦੀ ਸ਼ਖ਼ਸੀਅਤ ’ਚ ਬੇਸ਼ੱਕ ਕੋਈ ਖ਼ਾਸੀਅਤ ਨਜ਼ਰ ਨਹੀਂ ਸੀ ਆਉਂਦੀ ਪਰ ਕੋਈ ਖਾਮੀ ਵੀ ਨਹੀਂ ਸੀ ਦਿਸਦੀ। ਇਹ ਸੁਸਤ ਤੇ ਉਦਾਸੀਨ ਜਿਹੀ ਔਰਤ ਹੀ ਮੈਨੂੰ ਆਪਣੇ ਲਈ ਬਹੁਤ ਯੋਗ ਪਤਨੀ ਜਾਪੀ। ਉਸ ’ਤੇ ਹਾਵੀ ਹੋਣ ਲਈ ਮੈਨੂੰ ਕਿਸੇ ਕਿਸਮ ਦੇ ਬੌਧਿਕ ਵਿਖਾਵੇ ਦੀ ਲੋੜ ਨਹੀਂ ਸੀ। ਮੈਨੂੰ ਇਹ ਵੀ ਡਰ ਨਹੀਂ ਸੀ ਕਿ ਉਹ ਮੇਰੀ ਮਰਦਾਨਗੀ ਦੀ ਤੁਲਨਾ ਰਸਾਲਿਆਂ ’ਚ ਛਪਦਿਆਂ ਸੁਡੋਲ ਸਰੀਰ ਵਾਲੇ ‘ਮਾਡਲਾਂ’ ਦੀਆਂ ਤਸਵੀਰਾਂ ਨਾਲ ਹੀ ਕਰੇਗੀ ਤੇ ਨਾ ਹੀ ਉਹ ਘਰੇ ਦੇਰ ਨਾਲ ਪਹੁੰਚਣ ’ਤੇ ਕੋਈ ਬੋਲ-ਬੁਲਾਰਾ ਹੀ ਕਰੇਗੀ। ਇੱਕ ਗੱਲ ਹੋਰ, ਵੀਹ-ਪੱਚੀ ਸਾਲ ਦੀ ਉਮਰ ਵਿੱਚ ਹੀ ਮੇਰੀ ਤੋਂਦ ਬਾਹਰ ਨਿਕਲ ਆਈ ਸੀ। ਮੋਟੀਆਂ-ਪਤਲੀਆਂ ਟੰਗਾਂ-ਬਾਹਾਂ ਤੇ ਮੇਰੀ ਹਰ ਮੁਮਕਿਨ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮਾਸ ਨਹੀਂ ਸੀ ਵਧ ਰਿਹਾ। ਉਸ ਨੂੰ ਮਿਲ ਕੇ ਮੈਨੂੰ ਯਕੀਨ ਹੋ ਗਿਆ ਕਿ ਹੁਣ ਮੈਨੂੰ ਆਪਣੀਆਂ ਅਜਿਹੀਆਂ ਕਮਜ਼ੋਰੀਆਂ ਕਰਕੇ ਆਪਣੇ ਆਪ ਨੂੰ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ।
ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਵਿਚਕਾਰਲਾ ਰਸਤਾ ਹੀ ਅਪਣਾਉਂਦਾ ਰਿਹਾ ਹਾਂ। ਸਕੂਲ ’ਚ ਮੈਂ ਆਪਣੇ ਹਾਣ ਦਿਆਂ ਨਾਲ ਨਾ ਦੋਸਤੀ ਰੱਖਦਾ ਸੀ ਤੇ ਨਾ ਹੀ ਉਨ੍ਹਾਂ ਨਾਲ ਕੋਈ ਪੰਗਾ ਲੈਂਦਾ। ਮੈਂ ਆਪਣੇ ਨਾਲੋਂ ਸਾਲ-ਦੋ ਸਾਲ ਛੋਟੇ ਮੁੰਡਿਆਂ ਨਾਲ ਦੋਸਤੀ ਪਾਉਂਦਾ, ਉਨ੍ਹਾਂ ’ਤੇ ਰੋਹਬ ਜਮਾਉਂਦਾ ਅਤੇ ਰਿੰਗ ਲੀਡਰ ਬਣ ਜਾਂਦਾ। ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਮੈਂ ਅਜਿਹੇ ਕਾਲਜ ’ਚ ਦਾਖ਼ਲਾ ਲਿਆ ਜਿੱਥੇ ਮੈਨੂੰ ਸਕਾਲਰਸ਼ਿਪ ਮਿਲਣ ਦੀ ਉਮੀਦ ਸੀ। ਪੜ੍ਹਾਈ ਖ਼ਤਮ ਕਰ ਕੇ ਮੈਂ ਅਜਿਹੀ ਨੌਕਰੀ ਦੀ ਚੋਣ ਕੀਤੀ ਜਿੱਥੇ ਮੈਨੂੰ ਕੰਮ ਬਦਲੇ ਚੰਗੀ ਤਨਖ਼ਾਹ ਮਿਲੇ ਤੇ ਮੇਰੀ ਸਾਧਾਰਨ ਜਿਹੀ ਕਾਬਲੀਅਤ ਦੀ ਵੀ ਚੰਗੀ ਵੁੱਕਤ ਪੈ ਸਕੇ।
ਉਹ ਮੇਰੀਆਂ ਸਾਰੀਆਂ ਉਮੀਦਾਂ ’ਤੇ ਖ਼ਰੀ ਉੱਤਰੀ ਤੇ ਮੇਰੇ ਲਈ ਹਰ ਪੱਖੋਂ ਇੱਕ ਯੋਗ ਪਤਨੀ ਸਿੱਧ ਹੋਈ। ਜੇ ਕਿਤੇ… ਮੇਰੀ ਸ਼ਾਦੀ ਕਿਸੇ ਰੱਜ ਕੇ ਸੋਹਣੀ, ਸ਼ੋਖ, ਹੁਸ਼ਿਆਰ ਤੇ ਅਮੀਰਜ਼ਾਦੀ ਨਾਲ ਹੋ ਜਾਂਦੀ ਤਾਂ ਉਸ ਨੇ ਮੇਰੀ ਵਿਵਸਥਿਤ ਜ਼ਿੰਦਗੀ ਨੂੰ ਲੀਰੋ-ਲੀਰ ਕਰ ਛੱਡਣਾ ਸੀ। ਪਰ, ਮੇਰੀ ਪਤਨੀ ਨੇ ਕਦੇ ਕਿਸੇ ਛੋਟੀ-ਵੱਡੀ ਚੀਜ਼ ਲਈ ਕੋਈ ਨਖ਼ਰਾ ਨਹੀਂ ਕੀਤਾ। ਉਹ ਹਰ ਰੋਜ਼ ਸਵੇਰੇ ਛੇ ਵਜੇ ਜਾਗਦੀ, ਸੂਪ ਤਿਆਰ ਕਰਦੀ, ਚੌਲ ਰਿੱਝਣੇ ਧਰਦੀ ਤੇ ਮੱਛੀ ਤਲਦੀ। ਜਦੋਂ ਦਾ ਉਸ ਨੇ ਜਵਾਨੀ ’ਚ ਪੈਰ ਧਰਿਆ ਸੀ ਉਦੋਂ ਤੋਂ ਹੀ ਉਹ ਆਪਣੇ ਪੇਕੇ ਘਰ ਦੀ ਆਮਦਨ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੀ ਸੀ। ਉਸ ਨੇ ਕੰਪਿਊਟਰ ਗ੍ਰਾਫ਼ਿਕ ਦੇ ਸਹਾਇਕ ਇੰਸਟਰੱਕਟਰ ਵਜੋਂ ਸਾਲ ਕੁ ਭਰ ਲਈ ਕੰਮ ਕੀਤਾ ਤੇ ਵਿਆਹ ਤੋਂ ਬਾਅਦ ਉਹ ਇੱਕ ਪ੍ਰਕਾਸ਼ਕ ਲਈ ‘ਵਰਕ ਫਰੌਮ ਹੋਮ’ ਹੀ ਕਰਨ ਲੱਗੀ। ਉਹ ਕੋਰਿਆਈ ਵਿਧਾ ਦੀਆਂ ਕੌਮਿਕਸ ਕਿਤਾਬਾਂ ਲਈ ਗ੍ਰਾਫਿਕਸ ਤਿਆਰ ਕਰਦੀ ਸੀ।
ਉਹ ਬਹੁਤ ਘੱਟ ਬੋਲਦੀ ਸੀ। ਕਦੇ-ਕਦਾਈਂ ਹੀ ਉਹ ਕਿਸੇ ਚੀਜ਼ ਲਈ ਫਰਮਾਇਸ਼ ਕਰਦੀ। ਮੇਰੇ ਦੇਰ ਨਾਲ ਘਰ ਪਹੁੰਚਣ ’ਤੇ ਵੀ ਉਹ ਕਦੇ ਮੂੰਹ ਨਹੀਂ ਸੀ ਬਣਾਉਂਦੀ। ਜਿਸ ਦਿਨ ਸਾਨੂੰ ਦੋਹਾਂ ਨੂੰ ਛੁੱਟੀ ਹੁੰਦੀ, ਉਸ ਦਿਨ ਵੀ ਉਹ ਮੈਨੂੰ ਬਾਹਰ ਕਿੱਧਰੇ ਆਪਣੇ ਨਾਲ ਲੈ ਕੇ ਜਾਣ ਲਈ ਨਹੀਂ ਸੀ ਕਹਿੰਦੀ। ਛੁੱਟੀ ਵਾਲੇ ਦਿਨ ਮੈਂ ਜਾਂ ਤਾਂ ਦੁਪਹਿਰ ਬਾਹਰ ਗੁਜ਼ਾਰਦਾ ਜਾਂ ਹੱਥ ’ਚ ਟੀਵੀ ਦਾ ਰਿਮੋਰਟ ਫੜ ਕੇ ਐਵੇਂ ਹੀ ਆਲਸ ਵਿੱਚ ਵਕਤ ਕਟੀ ਕਰਦਾ। ਉਹ ਕਮਰੇ ਦਾ ਬੂਹਾ ਢੋਅ ਕੇ ਹੱਥ ’ਚ ਕਿਤਾਬ ਫੜ ਲੈਂਦੀ। ਉਹ ਪੜ੍ਹਨ ’ਚ ਹੀ ਆਪਣਾ ਸਮਾਂ ਬਤੀਤ ਕਰਦੀ। ਇਹੋ ਉਸ ਦਾ ਸ਼ੌਕ ਸੀ। ਉਸ ਦੇ ਏਨਾ ਡੁੱਬ ਕੇ ਪੜ੍ਹਨ ਦੀ ਜ਼ਰੂਰ ਕੋਈ ਵਜ੍ਹਾ ਹੋਵੇਗੀ। ਪਰ ਮੈਨੂੰ ਤਾਂ ਕਿਤਾਬਾਂ ਬਹੁਤ ਹੀ ਅਕਾਊ ਜਾਪਦੀਆਂ। ਮੈਂ ਤਾਂ ਕਿਸੇ ਕਿਤਾਬ ਦੀ ਜਿਲਦ ਖੋਲ੍ਹ ਕੇ ਉਸ ਅੰਦਰ ਕਦੇ ਝਾਤੀ ਵੀ ਨਹੀਂ ਸੀ ਮਾਰੀ।
ਖਾਣ ਦੇ ਸਮੇਂ ਉਹ ਬੂਹਾ ਖੋਲ੍ਹ ਕੇ ਚੁੱਪ-ਚਾਪ ਰਸੋਈ ’ਚ ਖਾਣਾ ਤਿਆਰ ਕਰਨ ਲੱਗਦੀ। ਜ਼ਾਹਿਰ ਹੈ ਕਿ ਇਹੋ ਜਿਹੀ ਪਤਨੀ ਦੀ ਠਹਿਰੀ ਹੋਈ ਜੀਵਨ ਸ਼ੈਲੀ ਵਿੱਚ ਰਹਿ ਕੇ ਕਿਵੇਂ ਕਿਸੇ ਨੂੰ ਕੋਈ ਜੁੰਬਿਸ਼ ਮਹਿਸੂਸ ਹੋ ਸਕਦੀ ਸੀ। ਕਿਸੇ ਕਿਸਮ ਦੇ ਰੋਮਾਂਚ ਦੀ ਤਾਂ ਆਸ ਹੀ ਨਹੀਂ ਕੀਤੀ ਜਾ ਸਕਦੀ। ਕਦੇ ਕਦੇ ਮੈਂ ਇਹ ਵੀ ਸੋਚਣ ਲੱਗਦਾ ਕਿ ਜੇਕਰ ਮੈਨੂੰ ਕੋਈ ਅਜਿਹੀ ਪਤਨੀ ਮਿਲ ਜਾਂਦੀ ਜੋ ਹਰ ਵੇਲੇ ਮੋਬਾਈਲ ਆਪਣੇ ਕੰਨਾਂ ਨਾਲ ਲਾਈ ਰੱਖਦੀ ਤੇ ਉੱਚੀ-ਉੱਚੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਤੇ ਸਹਿ-ਕਰਮੀਆਂ ਨਾਲ ਹੀ ਗੱਲਾਂ ਕਰਦੀ ਰਹਿੰਦੀ ਤੇ ਖਾਲੀ ਸਮੇਂ ’ਚ ਮੇਰੇ ਨਾਲ ਆਢਾ ਲਾਈ ਰੱਖਦੀ ਤਾਂ ਮੇਰਾ ਭਲਾ ਕੀ ਹਾਲ ਹੋਣਾ ਸੀ।
*********
ਬਾਕੀ ਹੋਰ ਸਭ ਲਿਹਾਜ਼ ਨਾਲ ਸਾਡੀ ਵਿਆਹੁਤਾ ਜ਼ਿੰਦਗੀ ਬੜੀ ਸ਼ਾਂਤ ਤੇ ਪੱਧਰੀ ਸੀ। ਸਾਡੇ ਵਿਆਹ ਨੂੰ ਪੰਜ ਸਾਲ ਹੋਣ ਵਾਲੇ ਸਨ। ਇਸ ਦੌਰਾਨ ਬੇਸ਼ੱਕ ਅਸੀਂ ਪਿਆਰ ਵਿੱਚ ਕਦੇ ਮਦਹੋਸ਼ ਨਹੀਂ ਹੋਏ ਪਰ ਕਦੇ ਇੱਕ ਦੂਜੇ ਤੋਂ ਅੱਕੇ ਵੀ ਨਹੀਂ ਤੇ ਨਾ ਕਦੇ ਕੋਈ ਇਮਤਿਹਾਨ ਦੀ ਘੜੀ ਸਾਡੇ ਸਾਹਮਣੇ ਆਈ। ਅਸੀਂ ਦੋਹਾਂ ਨੇ ਰਲ਼ ਕੇ ਇਹ ਫ਼ੈਸਲਾ ਕਰ ਲਿਆ ਸੀ ਕਿ ਅਸੀਂ ਉਦੋਂ ਤੱਕ ਬੱਚਾ ਪੈਦਾ ਨਹੀਂ ਕਰਾਂਗੇ ਜਦੋਂ ਤੱਕ ਸਾਡਾ ਆਪਣਾ ਮਕਾਨ ਨਹੀਂ ਬਣਦਾ। ਪਿਛਲੀ ਪੱਤਝੜ ਵਿੱਚ ਹੀ ਸਾਡਾ ਇਹ ਸੁਪਨਾ ਸਾਕਾਰ ਹੋਇਆ ਹੈ। ਮੈਂ ਕਦੇ-ਕਦੇ ਰੋਮਾਂਚਿਤ ਹੋ ਕੇ ਸੋਚਦਾ ਕਿ ਉਹ ਕਿਹੋ ਜਿਹਾ ਸੁਭਾਗਾ ਸਮਾਂ ਹੋਵੇਗਾ ਜਦੋਂ ਕਿਸੇ ਬੱਚੇ ਦੀਆਂ ਕਿਲਕਾਰੀਆਂ ਸਾਡੇ ਘਰ ਵਿੱਚ ਗੂੰਜਣਗੀਆਂ ਤੇ ਕੋਈ ਮੈਨੂੰ ਆਪਣੀ ਤੋਤਲੀ ’ਵਾਜ਼ ’ਚ ‘ਡਾ …ਡਾ…’ ਕਹਿ ਕੇ ਬੁਲਾਏਗਾ!
ਬੀਤੀ ਫਰਵਰੀ ਦੇ ਕਿਸੇ ਦਿਨ ਤੜਕਸਾਰ ਮੈਂ ਆਪਣੀ ਪਤਨੀ ਨੂੰ ਰਸੋਈ ਵਿੱਚ ਖਲੋਤਿਆਂ ਵੇਖਿਆ। ਉਹ ਆਪਣੀ ‘ਨਾਈਟ ਡ੍ਰੈਸ’ ਵਿੱਚ ਹੀ ਸੀ। ਮੈਂ ਤਾਂ ਕਦੇ ਇਹ ਕਲਪਨਾ ਵੀ ਨਹੀਂ ਸੀ ਕੀਤੀ ਕਿ ਸਾਡੀ ਜ਼ਿੰਦਗੀ ਵਿੱਚ ਅਚਾਨਕ ਅਜਿਹਾ ਭੁਚਾਲ ਆਵੇਗਾ ਕਿ ਸਭ ਕੁਝ ਉੱਤੇ-ਥੱਲੇ ਹੋ ਜਾਵੇਗਾ।
‘‘ਉੱਥੇ ਖੜ੍ਹੀ ਤੂੰ ਕੀ ਕਰ ਰਹੀਂ ਹੈਂ?’’
ਮੈਂ ਬਾਥਰੂਮ ਦੀ ਲਾਈਟ ਜਗਾਉਣ ਹੀ ਵਾਲਾ ਸੀ ਕਿ ਮੈਂ ਉਸ ਨੂੰ ਵੇਖ ਕੇ ਠਠੰਬਰ ਗਿਆ। ਸਵੇਰ ਦੇ ਚਾਰ ਕੁ ਵੱਜੇ ਹੋਣਗੇ। ਮੈਨੂੰ ਬੜੀ ਤੇਜ਼ ਪਿਆਸ ਲੱਗੀ ਸੀ ਤੇ ਮੈਂ ਸਿਰਹਾਣੇ ਪਈ ‘ਸੋਜੂ’ ਦੀ ਅੱਧੀ ਕੁ ਬੋਤਲ ਗਟ-ਗਟ ਕਰ ਕੇ ਪੀ ਗਿਆ। ਅੱਧੀ ਬੋਤਲ ਮੈਂ ਡਿਨਰ ਵੇਲੇ ਪੀ ਲਈ ਸੀ। ਕਹਿਣ ਦਾ ਭਾਵ ਇਹ ਹੈ ਕਿ ਮੈਨੂੰ ਹੋਸ਼ ’ਚ ਆਉਣ ਲਈ ਆਮ ਨਾਲੋਂ ਵੱਧ ਸਮਾਂ ਲੱਗਾ।
‘‘ਹੈਲੋ!’’ ਮੈਂ ਪੁੱਛਿਆ, ‘‘ਇਹ ਕੀ ਕਰ ਰਹੀ ਏ?’’
ਠੰਢ ਬਹੁਤ ਸੀ ਪਰ ਮੇਰੀ ਪਤਨੀ ਦੀ ਦਿੱਖ ਉਸ ਤੋਂ ਵੀ ਕਿਤੇ ਵੱਧ ਠੰਢੀ ਸੀ। ਸ਼ਰਾਬ ਦੀ ਖੁਮਾਰੀ ਇੱਕ ਦਮ ਲੱਥ ਗਈ।
ਉਹ ਫਰਿੱਜ ਕੋਲ ਅਡੋਲ ਖੜ੍ਹੀ ਸੀ। ਉਸ ਦਾ ਚਿਹਰਾ ਹਨੇਰੇ ਵਿੱਚ ਓਝਲ ਸੀ। ਇਸ ਲਈ ਮੈਂ ਉਸ ਦੇ ਚਿਹਰੇ ਦੇ ਹਾਵ-ਭਾਵ ਨਹੀਂ ਜਾਣ ਸਕਿਆ। ਪਰ ਸੰਭਾਵਿਤ ਕਾਰਨਾਂ ਦੀ ਕਲਪਨਾ ਕਰ ਕੇ ਹੀ ਮੈਂ ਭੈਅਭੀਤ ਹੋ ਗਿਆ। ਉਸ ਦੇ ਕਾਲੇ ਸੰਘਣੇ ਵਾਲ ਬੇਤਰਤੀਬੇ ਤੇ ਬੁਰੀ ਤਰ੍ਹਾਂ ਖਿੱਲਰੇ ਹੋਏ ਸਨ। ਹਰ ਰੋਜ਼ ਵਾਂਗ ਉਸ ਨੇ ਗੋਡਿਆਂ ਤੱਕ ਲੰਬੀ ਨਾਈਟ ਡ੍ਰੈਸ ਪਾਈ ਹੋਈ ਸੀ। ਅਜਿਹੀ ਭਿਆਨਕ ਠੰਢੀ ਰਾਤ ਵਿੱਚ ਆਮ ਤੌਰ ’ਤੇ ਮੇਰੀ ਪਤਨੀ ਪੂਰੀਆਂ ਬਾਹਾਂ ਦਾ ਸਵੈਟਰ ਪਾ ਕੇ ਤੇ ਸਿਰ ’ਤੇ ਸਕਾਰਫ ਬੰਨ੍ਹ ਕੇ ਆਪਣੇ ਕਮਰੇ ’ਚੋਂ ਬਾਹਰ ਨਿਕਲਦੀ ਸੀ। ਪਰ ਅੱਜ ਤਾਂ ਉਸ ਨੇ ਹੱਦ ਹੀ ਕਰ ਛੱਡੀ ਸੀ। ਗਰਮੀਆਂ ਵਾਲੀ ਡ੍ਰੈਸ ਪਾ ਕੇ ਤੇ ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਉਹ ਰਸੋਈ ਵਿੱਚ ਖਲੋਤੀ ਸੀ। ਮੇਰੇ ਵਾਰ-ਵਾਰ ਪੁੱਛਣ ’ਤੇ ਵੀ ਉਹ ਕੋਈ ਜਵਾਬ ਨਹੀਂ ਸੀ ਦੇ ਰਹੀ। ਉਹ ਸ਼ਾਇਦ ਇਸ ਗੱਲ ਤੋਂ ਵੀ ਅਣਜਾਣ ਸੀ ਕਿ ਮੈਂ ਉਸ ਨੂੰ ਕਿੰਨੀ ਦੇਰ ਤੋਂ ਬੁਲਾ ਰਿਹਾਂ। ਉਹ ਬੜੇ ਅਸੁਭਾਵਿਕ ਢੰਗ ਨਾਲ ਮੈਥੋਂ ਮੂੰਹ ਮਰੋੜ ਕੇ ਖੜ੍ਹੀ ਸੀ। ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਉਹ ਕਿਸੇ ਭੂਤ-ਪ੍ਰੇਤ ਵਾਂਗ ਅਡੋਲ ਆਪਣੀ ਥਾਂ ਮੱਲ੍ਹ ਕੇ ਖੜ੍ਹੀ ਹੋਵੇ।
ਕੀ ਹੋ ਰਿਹਾ ਸੀ?
ਮੇਰੀ ਸਮਝ ਤੋਂ ਬਾਹਰ ਸੀ। ਜੇਕਰ ਉਹ ਮੇਰੀ ਆਵਾਜ਼ ਵੀ ਨਹੀਂ ਸੀ ਸੁਣ ਰਹੀ ਤਾਂ ਇਸ ਦਾ ਮਤਲਬ ਹੈ ਉਹ ਨੀਂਦ ਵਿੱਚ ਤੁਰ ਰਹੀ ਸੀ- ਸਲੀਪਵਾਕਿੰਗ!
ਮੈਂ ਉਸ ਦੇ ਨੇੜੇ ਹੋਇਆ ਤੇ ਆਪਣੀ ਧੌਣ ਅਗਾਂਹ ਕਰ ਕੇ ਉਸ ਦੇ ਚਿਹਰੇ ਨੂੰ ਵੇਖਣ ਲੱਗਾ।
‘‘ਤੂੰ ਇੱਥੇ ਇੰਝ ਕਿਉਂ ਖਲੋਤੀ ਹੈਂ? ਇਹ ਹੋ ਕੀ ਰਿਹੈ?’’ ਜਦੋਂ ਮੈਂ ਉਸ ਦੇ ਮੋਢੇ ’ਤੇ ਆਪਣਾ ਹੱਥ ਰੱਖਿਆ ਤਾਂ ਮੈਂ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਉਸ ਨੇ ਕਿਸੇ ਕਿਸਮ ਦੀ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ। ਮੈਨੂੰ ਯਕੀਨ ਸੀ ਕਿ ਮੈਂ ਆਪਣੀ ਪੂਰੀ ਹੋਸ਼ ਵਿੱਚ ਸੀ ਤੇ ਜੋ ਕੁਝ ਮੇਰੇ ਸਾਹਮਣੇ ਸੀ ਉਹ ਇੱਕ ਠੋਸ ਹਕੀਕਤ ਸੀ। ਉਹ ਸਭ ਕਾਸੇ ਤੋਂ ਬੇਖ਼ਬਰ ਸੀ ਆਪਣੀ ਹੀ ਦੁਨੀਆ ਵਿੱਚ ਗੁੰਮ ਸੀ। ਅਜਿਹਾ ਸ਼ਾਇਦ ਕਦੇ ਹੀ ਹੋਇਆ ਹੋਵੇ ਕਿ ਉਹ ਪੜ੍ਹਨ ਜਾਂ ਟੀਵੀ ਸੀਰੀਅਲ ’ਚ ਡੁੱਬੇ ਹੋਣ ਕਾਰਨ ਮੇਰੇ ਅੱਧੀ ਰਾਤ ਤੋਂ ਬਾਅਦ ਘਰ ਵਿੱਚ ਦਾਖ਼ਲ ਹੋਣ ਦੀ ਵੀ ਉਸ ਨੂੰ ਭਿਣਕ ਨਾ ਲੱਗੀ ਹੋਵੇ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮੂੰਹ ਹਨੇਰੇ ਫਰਿੱਜ ਕੋਲ ਧਿਆਨ ਮਗਨ ਹੋ ਕੇ ਕਿਉਂ ਖਲੋਤੀ ਹੈ!
‘‘ਸੁਣੋ।’’
ਉਹ ਮੇਰੇ ਵੱਲ ਉੱਲਰੀ। ਉਸ ਦੀਆਂ ਅੱਖਾਂ ’ਚ ਚਮਕ ਸੀ। ਉਹ ਬਿਮਾਰ ਤਾਂ ਨਜ਼ਰ ਨਹੀਂ ਸੀ ਆ ਰਹੀ। ਹੌਲੇ ਜਿਹੇ ਉਸ ਦੇ ਬੁੱਲ੍ਹ ਥਿਰਕੇ:
‘‘ਮੈਂ ਸੁਪਨਾ ਵੇਖਿਆ…।’’
ਉਸ ਦੀ ਆਵਾਜ਼ ਬਿਲਕੁਲ ਸਾਫ਼ ਤੇ ਸਪੱਸ਼ਟ ਸੀ।
‘‘ਸੁਪਨਾ? ਇਹ ਕੀ ਬਕਵਾਸ ਕਰ ਰਹੀਂ ਹੈ? ਤੈਨੂੰ ਪਤਾ ਵੀ ਹੈ ਕਿ ਹੁਣ ਟਾਈਮ ਕੀ ਹੈ?’’
ਉਹ ਮੁੜੀ ਤੇ ਮੇਰੇ ਵੱਲ ਮੂੰਹ ਕਰ ਕੇ ਖੜ੍ਹੀ ਹੋ ਗਈ- ਫੇਰ ਉੱਥੋਂ ਹੌਲੀ ਹੌਲੀ ਤੁਰਦਿਆਂ ਉਸ ਨੇ ਦਰਵਾਜ਼ਾ ਪਾਰ ਕੀਤਾ ਤੇ ਕਮਰੇ ਵਿੱਚ ਦਾਖ਼ਲ ਹੋ ਗਈ। ਉਸ ਨੇ ਪੈਰ ਪਸਾਰ ਕੇ ਆਕੜ-ਮਰੋੜੀ ਕੀਤੀ ਤੇ ਦਰਵਾਜ਼ਾ ਭੇੜ ਦਿੱਤਾ। ਮੈਂ ਹਨੇਰੇ ਵਿੱਚ ਇਕੱਲਾ ਖੜ੍ਹਾ ਬੜੀ ਬੇਚਾਰਗੀ ਨਾਲ ਉਸ ਨੂੰ ਕਮਰੇ ਤਕ ਜਾਂਦਿਆਂ ਵੇਖਿਆ।
ਮੈਂ ਬਾਥਰੂਮ ਦੀ ਲਾਈਟ ਜਗਾਈ। ਕਿੰਨੇ ਹੀ ਦਿਨਾਂ ਤੋਂ ਕੜਾਕੇ ਦੀ ਸਰਦੀ ਪੈ ਰਹੀ ਸੀ। ਤਾਪਮਾਨ ਅਕਸਰ ਰਾਤ ਵੇਲੇ 10 ਡਿਗਰੀ ਹੋ ਜਾਂਦਾ ਸੀ। ਮੈਂ ਕੁਝ ਘੰਟੇ ਪਹਿਲਾਂ ਹੀ ਗਰਮ-ਗਰਮ ਪਾਣੀ ਨਾਲ ਇਸ਼ਨਾਨ ਕੀਤਾ ਸੀ। ਮੇਰੇ ਸਲੀਪਰ ਅਜੇ ਵੀ ਠੰਢੇ ਤੇ ਗਿੱਲੇ ਸਨ। ਇਸ ਬੇਰਹਿਮ ਮੌਸਮ ਵਿੱਚ ਪੱਸਰੀ ਇਕੱਲਤਾ ਵੱਢ ਖਾਣ ਨੂੰ ਪੈਂਦੀ ਸੀ। ਜਦੋਂ ਮੈਂ ਕਮਰੇ ’ਚ ਦਾਖ਼ਲ ਹੋਇਆ ਤਾਂ ਮੇਰੀ ਪਤਨੀ ਟੰਗਾਂ ਮਰੋੜ ਕੇ ਪਈ ਸੀ-ਉਸ ਦੇ ਗੋਢੇ ਛਾਤੀ ਨਾਲ ਲੱਗੇ ਸਨ! ਕਮਰੇ ਵਿੱਚ ਖਾਮੋਸ਼ੀ ਇਸ ਕਦਰ ਭਾਰੂ ਸੀ ਕਿ ਮੈਨੂੰ ਜਾਪਿਆ ਜਿਵੇਂ ਮੈਂ ਉੱਥੇ ਇਕੱਲਾ ਹੀ ਹੋਵਾਂ। ਬੇਸ਼ੱਕ ਇਹ ਮੇਰੀ ਕੋਰੀ ਕਲਪਨਾ ਹੀ ਹੋ ਸਕਦੀ ਹੈ। ਜੇ ਮੈਂ ਚੁੱਪਚਾਪ ਆਪਣਾ ਸਾਹ ਰੋਕ ਕੇ ਉੱਥੇ ਖੜ੍ਹਾ ਹੁੰਦਾ ਤਾਂ ਮੈਨੂੰ ਆਪਣੀ ਪਤਨੀ ਦੇ ਸਾਹਾਂ ਦੀ ਬੇਹੱਦ ਮੱਧਮ ਜਿਹੀ ਆਵਾਜ਼ ਹੀ ਸੁਣਾਈ ਦਿੰਦੀ। ਉਸ ਦੇ ਸਾਹਾਂ ਦੀ ਆਵਾਜ਼ ਗਹਿਰੀ ਨੀਂਦ ’ਚ ਸੁੱਤੇ ਆਦਮੀ ਵਾਂਗ ਲੈਅਬੱਧ ਨਹੀਂ ਸੀ। ਮੈਂ ਉਸ ਦੇ ਨੇੜੇ ਜਾ ਸਕਦਾ ਸੀ ਤੇ ਮੈਂ ਉਸ ਦੇ ਨਿੱਘੇ ਜਿਸਮ ਤੇ ਆਪਣਾ ਹੱਥ ਰੱਖ ਸਕਦਾ ਸੀ ਪਰ ਪਤਾ ਨਹੀਂ ਕਿਉਂ ਮੈਂ ਉਸ ਨੂੰ ਛੂਹ ਨਹੀਂ ਸਕਿਆ। ਨਾ ਹੀ ਮੈਂ ਉਸ ਨਾਲ ਕੋਈ ਗੱਲ ਹੀ ਕਰਨਾ ਚਾਹੁੰਦਾ ਸੀ।
ਸਵੇਰ ਹੋਈ। ਮੈਂ ਜਦੋਂ ਅੱਖ ਖੋਲ੍ਹੀ ਤਾਂ ਅਜੇ ਵੀ ਮੈਂ ਆਪਣੇ ਸਰੀਰ ਦੁਆਲੇ ਕੰਬਲ ਚੰਗੀ ਤਰ੍ਹਾਂ ਲਪੇਟਿਆ ਹੋਇਆ ਸੀ। ਸਫ਼ੇਦ ਪਰਦਿਆਂ ’ਚੋਂ ਛਣ ਕੇ ਆਉਂਦੀ ਸਰਦੀਆਂ ਦੀ ਧੁੱਪ ਦੇ ਨਿੱਘ ਦਾ ਮੈਂ ਅੰਦਾਜ਼ਾ ਜਿਹਾ ਲਾਉਣ ਲੱਗਾ। ਅਚਾਨਕ ਜਦੋਂ ਮੇਰੀ ਨਜ਼ਰ ਵਾਲ ਕਲੌਕ ’ਤੇ ਪਈ ਤਾਂ ਮੈਂ ਛਾਲ ਮਾਰ ਕੇ ਬੈੱਡ ਤੋਂ ਉੱਠਿਆ, ਦਰਵਾਜ਼ਾ ਖੋਲ੍ਹਿਆ ਤੇ ਕਾਹਲੀ-ਕਾਹਲੀ ਕਮਰੇ ’ਚੋਂ ਬਾਹਰ ਆ ਗਿਆ।
ਮੇਰੀ ਪਤਨੀ ਰਸੋਈ ਵਿੱਚ ਫਰਿੱਜ ਕੋਲ ਖੜ੍ਹੀ ਸੀ।
‘‘ਤੂੰ ਯਾਰ, ਕਿਤੇ ਕਮਲੀ ਤਾਂ ਨੀਂ ਹੋ ਗਈ। ਤੂੰ ਮੈਨੂੰ ਜਗਾਇਆ ਕਿਉਂ ਨਹੀਂ? ਭਲਾ ਟਾਈਮ ਕੀ…?’’
ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੇ ਪੈਰਾਂ ਹੇਠ ਕੋਈ ਚੀਜ਼ ਮਿੱਧੀ ਗਈ ਹੋਵੇ ਜਿਸ ਕਰਕੇ ਮੈਨੂੰ ਆਪਣੀ ਗੱਲ ਵਿੱਚੇ ਹੀ ਛੱਡਣੀ ਪਈ। ਜੋ ਵੇਖਿਆ, ਵੇਖ ਕੇ, ਮੈਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਹੀਂ ਸੀ ਹੋ ਰਿਹਾ। ਰਸੋਈ ’ਚ ਪੈਰ ਧਰਨ ਲਈ ਵੀ ਕੋਈ ਥਾਂ ਨਹੀਂ ਸੀ। ਫਰਸ਼ ’ਤੇ ਪਲਾਸਟਿਕ ਦੇ ਬੈਗ ਤੇ ਏਅਰ ਟਾਈਟ ਡਿੱਬੇ ਖਿੱਲਰੇ ਪਏ ਸਨ। ਉਹ ਝੁਕ ਕੇ ਫਰਿੱਜ ਫਰੋਲ ਰਹੀ ਸੀ ਤੇ ਹਾਲੇ ਵੀ ਉਹ ਨਾਈਟ ਡ੍ਰੈਸ ਵਿੱਚ ਹੀ ਸੀ। ਉਸ ਦੇ ਚਿਹਰੇ ’ਤੇ ਉਲਝੇ ਵਾਲਾਂ ਦੀਆਂ ਲਟਾਂ ਸਨ। ਉਹ ਬੜੀ ਬੇਦਰਦੀ ਨਾਲ ਤਰ੍ਹਾਂ-ਤਰ੍ਹਾਂ ਦੇ ਮਾਸ, ਮੀਟ, ਚਿਕਨ ਤੇ ਮੱਛੀਆਂ ਦੇ ਸੀਲਬੰਦ ਡਿੱਬੇ ਕੂੜਾਦਾਨ ਵਿੱਚ ਸੁੱਟ ਰਹੀ ਸੀ। ਮੇਰੀ ਸੱਸ ਨੇ ਈਲ ਮਛਲੀ ਦਾ ਜਿਹੜਾ ਆਚਾਰ ਬੜੇ ਮੋਹ ਨਾਲ ਬਣਾ ਕੇ ਭੇਜਿਆ ਸੀ, ਉਹ ਵੀ ਉਸ ਨੇ ਇੱਕ ਭੱਦੇ ਜਿਹੇ ਕਾਲੇ ਝੋਲੇ ’ਚ ਵਗ੍ਹਾ ਮਾਰਿਆ। ਉਹ ਸ਼ਾਇਦ ਨਹੀਂ ਜਾਣਦੀ ਸੀ ਕਿ ਉਹ ਕਿੰਨਾ ਕੀਮਤੀ ਸੀ। ਉਹ ਹੂੰਝ-ਹੂੰਝ ਕੇ ਫਰਿੱਜ ਸਾਫ਼ ਕਰ ਰਹੀ ਸੀ। ਇਹ ਸਭ ਕੁਝ ਵੇਖ ਕੇ ਮੈਂ ਆਪਣੇ ਆਪ ਨੂੰ ਕਾਬੂ ’ਚ ਨਾ ਰੱਖ ਸਕਿਆ।
‘‘ਹੁਣ, ਤੂੰ ਇਹ ਕੀ ਕਰ ਰਹੀ ਹੈਂ?’’ ਮੈਂ ਗਰਜਿਆ ਉਹ ਮੇਰੀ ਹੋਂਦ ਤੋਂ ਇਨਕਾਰੀ, ਬੇਪਰਵਾਹੀ ਨਾਲ ਮੀਟ ਦੇ ਵੱਡੇ ਵੱਡੇ ਪੈਕੇਟ ਕੂੜੇਦਾਨ ’ਚ ਸੁੱਟਦੀ ਰਹੀ। ਉਹ ਨਹੀਂ ਜਾਣਦੀ ਸੀ ਕਿ ਉਸ ਨੇ ਮੇਰਾ ਕਿੰਨਾ ਨੁਕਸਾਨ ਕਰ ਛੱਡਿਆ ਸੀ।
‘ਕੀ ਤੇਰੀ ਬੁੱਧੀ ਭ੍ਰਿਸ਼ਟ ਹੋ ਗਈ ਹੈ?’’ ਇਨ੍ਹਾਂ ਤੇਰਾ ਕੀ ਵਿਗਾੜਿਆ ਹੈ, ਕਿਉਂ ਸੁੱਟ ਰਹੀ ਹੈਂ?’’
ਮੈਂ ਬੜੀ ਮੁਸ਼ਕਿਲ ਨਾਲ ਛੇਤੀ ਜਿਹੇ ਪਲਾਸਟਿਕ ਬੈਗ ਉੱਤੋਂ ਟੱਪਿਆ ਤੇ ਉਸ ਦਾ ਗੁੱਟ ਫੜ ਲਿਆ। ਉਸ ਦੇ ਹੱਥੋਂ ਝੋਲਾ ਖੋਹਣ ਲਈ ਮੈਨੂੰ ਕਾਫ਼ੀ ਕੋਸ਼ਿਸ਼ ਕਰਨੀ ਪਈ। ਉਸ ਨੇ ਆਪਣੇ ਗੁੱਟ ’ਤੇ ਹੱਥ ਫੇਰਿਆ। ਸ਼ਾਇਦ ਮੇਰੇ ਜ਼ੋਰ ਨਾਲ ਫੜਨ ਕਰ ਕੇ ਉਹ ਦੁਖਣ ਲੱਗ ਪਿਆ ਹੋਵੇ।
‘‘ਇਹ ਕੀ ਤਮਾਸ਼ਾ ਹੋ ਰਿਹੈ?’’
ਉਸ ਨੇ ਬੜੀ ਸ਼ਾਂਤ, ਗੰਭੀਰ ਤੇ ਠਹਿਰੀ ਆਵਾਜ਼ ਵਿੱਚ ਕਿਹਾ:
‘‘ਮੈਂ ਸੁਪਨਾ ਵੇਖਿਆ।’’