ਨਾਟ-ਰੂਪ ਬਾਰੇ ਵਿਲੱਖਣ ਜਾਣਕਾਰੀ
ਪ੍ਰੋ. (ਡਾ.) ਸਤਨਾਮ ਸਿੰਘ ਜੱਸਲ
ਪੁਸਤਕ ਚਰਚਾ
ਦਲਬਾਰ ਸਿੰਘ ਰਚਿਤ ‘ਦੁੱਲਾ ਭੱਟੀ (ਮਰਦਾਂ ਦਾ ਗਿੱਧਾ ਨਾਟ-ਰੂਪ)’ (ਕੀਮਤ: 200 ਰੁਪਏ; ਸ਼ਿਲਾਲੇਖ ਪਬਲਿਸ਼ਰਜ਼, ਦਿੱਲੀ) ਲੇਖਕ ਦੀ ਸੱਤਵੀਂ ਕਿਤਾਬ ਹੈ। ਲੇਖਕ ਨੇ ਇਸ ਤੋਂ ਪਹਿਲਾਂ ਲੋਕ ਕਵੀ ਹੰਸ ਰਾਜ ਰਚਿਤ ਬੋਲੀਆਂ ਨਣਦ-ਭਰਜਾਈ (ਮੂਲ ਪਾਠ ਤੇ ਮੁਲਾਂਕਣ), ਆਈ ਮੇਲਣ ਵਿੱਚ ਗਿੱਧੇ ਦੇ (ਬੋਲੀਆਂ ਦਾ ਸੰਗ੍ਰਹਿ), ਮਲਵਈ ਗਿੱਧਾ ਬਨਾਮ ਮਰਦਾਂ ਦਾ ਗਿੱਧਾ (ਲੋਕ ਨਾਚ), ਮਰਦਾਂ ਦਾ ਗਿੱਧਾ (ਖੋਜ), ਹਰੀ ਸਿੰਘ ਵਿਯੋਗੀ ਕਵੀਸ਼ਰ; ਜੀਵਨ ਤੇ ਰਚਨਾ (ਪ੍ਰਕਾਸ਼ਨਾਧੀਨ), ਬੋਲੀਆਂ: ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ (ਪ੍ਰਕਾਸ਼ਨਾਧੀਨ) ਦੀ ਸਿਰਜਨਾ ਕੀਤੀ ਹੈ। ਇਸ ਕਿਤਾਬ ਵਿੱਚ ਦਰਜ ‘ਆਦਿਕਾ’ ਪ੍ਰੋਫੈਸਰ (ਡਾ.) ਸਤੀਸ਼ ਕੁਮਾਰ ਵਰਮਾ, ‘ਆਪਣੇ ਵੱਲੋਂ’ ਦਲਬਾਰ ਸਿੰਘ ਅਤੇ ‘ਪੰਜਾਬ ਦਾ ਲੋਕ-ਨਾਟ ਅਤੇ ਮਰਦਾਂ ਦਾ ਗਿੱਧਾ ਨਾਟ-ਰੂਪ’ ਪ੍ਰੋਫੈਸਰ (ਡਾ.) ਰਵੇਲ ਸਿੰਘ, ਤਿੰਨੇ ਹੀ ਲੇਖ ਇਸ ਕਿਤਾਬ ਅਤੇ ਮਰਦਾਂ ਦੇ ਗਿੱਧਾ ਨਾਟ-ਰੂਪ ਬਾਰੇ ਮੁੱਲਵਾਨ ਜਾਣਕਾਰੀ ਪ੍ਰਦਾਨ ਕਰਦੇ ਹਨ। ਡਾ. ਵਰਮਾ ਨੇ ਆਪਣੇ ਲੇਖ ਵਿੱਚ ਮਰਦਾਂ ਦੇ ਗਿੱਧਾ ਨਾਟ-ਰੂਪ ਦੇ ਇਤਿਹਾਸਕ ਪਿਛੋਕੜ ਅਤੇ ਵਿਕਾਸ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਉਹ ਲਿਖਦਾ ਹੈ ਕਿ ਦਲਬਾਰ ਸਿੰਘ ਦੀ ‘ਮਰਦਾਂ ਦਾ ਗਿੱਧਾ ਲੋਕ ਨਾਟ-ਰੂਪ’ ਵਜੋਂ ਹੱਥਲੀ ਪੁਸਤਕ ‘ਦੁੱਲਾ ਭੱਟੀ’ ਉਸੇ ਕਿਸਮ ਦੀ ਪਹਿਲਕਦਮੀ ਹੈ ਜਿਹੜੀ ਮੇਰੇ ਜੱਦੀ ਸ਼ਹਿਰ ਸੁਨਾਮ ਨਾਲ ਜੁੜੇ ਸਵਰਗੀ ਮਾਸਟਰ ਸਤਪਾਲ ਸ਼ਰਮਾ ਅਤੇ ਦਲਬਾਰ ਸਿੰਘ ਚੱਠੇ ਸੇਖਵਾਂ ਵੱਲੋਂ ਪੰਜ ਦਹਾਕੇ ਪਹਿਲਾਂ ਹੋਈ ਸੀ ਜਦੋਂ ਮਰਦਾਂ ਦੇ ਗਿੱਧੇ ਨੂੰ ਮੰਚ ’ਤੇ ਲਿਆ ਕੇ ਨਾ ਸਿਰਫ਼ ਇਸ ਲੋਕ ਨਾਚ ਨੂੰ ਸਨਮਾਨ ਦੇਣਾ ਸੀ ਸਗੋਂ ‘ਮਰਦਾਂ ਦੇ ਗਿੱਧੇ’ ਦਾ ਸੁਨਾਮ ਦੀ ਧਰਤੀ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪਸਾਰ ਤੇ ਪ੍ਰਚਾਰ ਵੀ ਕਰਨਾ ਸੀ। ਡਾ. ਵਰਮਾ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ ਕਿ ਮਰਦਾਂ ਦਾ ਗਿੱਧਾ ਲੋਕ-ਨਾਟ ਰੂਪ ਮੰਚ ਉੱਤੇ ਤਾਂ ਸਥਾਪਿਤ ਹੋ ਗਿਆ ਸੀ। ਉਹ ਇਸ ਲੋਕ-ਨਾਟ ਰੂਪ ਨੂੰ ਅਕਾਦਮਿਕ ਅਦਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਜਿਸ ਸਬੰਧੀ ਡਾਕਟਰ ਰਵੇਲ ਸਿੰਘ ਨੇ ਪੁਸਤਕ ‘ਲੋਕ ਨਾਟਕੀ: ਨਾਟ ਰੂਪ’ ਦਿੱਲੀ ਯੂਨੀਵਰਸਿਟੀ ਦੇ ਬੀ.ਏ. ਦੇ ਵਿਦਿਆਰਥੀਆਂ ਲਈ ਤਿਆਰ ਕਰਦਿਆਂ ‘ਦੁੱਲਾ ਭੱਟੀ’ ਨੂੰ ਉਸ ਵਿੱਚ ਸ਼ਾਮਿਲ ਕੀਤਾ। ਇਸ ਪੁਸਤਕ ਦੀ ਸਿਰਜਨਾ ਦਾ ਪਹਿਲਾ ਮਨੋਰਥ ਇਹ ਸੀ ਕਿ ਪੰਜਾਬ ਦੀ ਲੋਕ-ਧਾਰਾ ਤੋਂ ਟੁੱਟੇ ਬੱਚਿਆਂ ਨੂੰ ਲੋਕ-ਧਾਰਾ ਨਾਲ ਜੋੜਿਆ ਜਾਵੇ; ਦੂਜਾ ਪੰਜਾਬ ਦੀ ਲੋਕ-ਧਾਰਾ ਅਤੇ ਦਿੱਲੀ ਦੇ ਵਿਦਿਆਰਥੀਆਂ ਲਈ ਪੁਲ ਬਣਨ ਦੇ ਸਮੱਰਥ ਹੋਵੇ, ਤੀਜਾ ਇਹ ਕਿ ਉਹ ਨੇ ਫਮਜਾਬ ਦੀ ਲੋਕ ਨਾਟ-ਪਰੰਪਰਾ ਅਤੇ ਪੰਜਾਬੀ ਨਾਟਕ ਦਾ ਦੀਰਘ ਅਧਿਐਨ ਕੀਤਾ ਸੀ। ਇਸ ਲਈ ਉਹ ਲੋਕ-ਨਾਟਕ ਅਤੇ ਵਿਸ਼ਿਸ਼ਟ ਨਾਟਕ ਬਾਰੇ ਇੱਕ ਸਮਝ ਦੇਣੀ ਚਾਹੁੰਦਾ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਲਈ ਤਿਆਰ ਕੀਤੀ ਪੁਸਤਕ ਵਿੱਚ ਸੱਤ ਨਾਟਕ ਚੁਣੇ ਜਿਨ੍ਹਾਂ ਵਿੱਚੋਂ ‘ਦੁੱਲਾ ਭੱਟੀ’ ਵੀ ਇੱਕ ਸੀ। ਇਸ ਪੁਸਤਕ ਦਾ ਮਨੋਰਥ ਬੁਨਿਆਦੀ ਆਧਾਰਾਂ ਨੂੰ ਸਮਝਣਾ, ਪ੍ਰਚਲਿਤ ਲੋਕ-ਨਾਟ ਵੰਨਗੀਆਂ ਬਾਰੇ ਚਰਚਾ ਕਰਨਾ ਅਤੇ ਇਨ੍ਹਾਂ ਦੀ ਰੰਗ-ਮੰਚੀ ਸਾਰਥਕਤਾ ਬਾਰੇ ਸੰਵਾਦ ਰਚਾਉਣਾ ਸੀ। ਦਲਬਾਰ ਸਿੰਘ ਲੰਬੇ ਸਮੇਂ ਤੋਂ ਇਸ ਖੇਤਰ ਨਾਲ ਜੁੜਿਆ ਹੋਇਆ ਸੀ। ਉਸ ਦਾ ਮੰਨਣਾ ਹੈ ਕਿ ‘ਮਰਦਾਂ ਦੇ ਗਿੱਧੇ ਵਿੱਚ ਨਾਟਕੀ ਪੇਸ਼ਕਾਰੀ’ ਵਿਸ਼ੇ ’ਤੇ ਖੋਜ ਕਾਰਜ ਅਤੇ ਬੋਲੀਆਂ ਵਿੱਚ ਲਿਖੇ ਪ੍ਰਸਿੱਧ ਕਵੀਸ਼ਰਾਂ ਦੇ ਕਿੱਸਿਆਂ ਦਾ ਭਾਰਤੀ ਲੋਕ-ਨਾਟ ਪਰੰਪਰਾ ਨਾਲ ਤੁਲਨਾਤਮਕ ਅਧਿਐਨ ਕਰਦਿਆਂ ਮਹਿਸੂਸ ਕੀਤਾ ਕਿ ਇਨ੍ਹਾਂ ਕਿੱਸਿਆਂ ਵਿੱਚ ਇੱਕ ਨਵੀਂ ਨਾਟ-ਵਿਧਾ ਛੁਪੀ ਹੋਈ ਹੈ ਜਿਸ ਸਦਕਾ ‘ਦੁੱਲਾ ਭੱਟੀ (ਮਰਦਾਂ ਦਾ ਗਿੱਧਾ ਨਾਟ-ਰੂਪ)’ ਦੀ ਸਿਰਜਨਾ ਹੋਈ।
‘ਦੁੱਲਾ ਭੱਟੀ’ ਨਾਟਕ ਦੀ ਗੋਂਦ ਦਾ ਆਧਾਰ ਦੁੱਲਾ ਭੱਟੀ ਦੀ ਲੋਕ ਗਾਥਾ ਹੈ। ਇਸ ਨੂੰ ਸੈਂਤੀ ਦ੍ਰਿਸ਼ਾਂ ਵਿੱਚ ਬਹੁਤ ਮਿਹਨਤ ਤੇ ਪ੍ਰਬੀਨਤਾ ਨਾਲ ਰਚਿਆ ਹੈ। ਲੋਕ-ਨਾਟਕ ਦੀ ਕਹਾਣੀ ਦੀ ਗੋਂਦ ਅਤੇ ਪਾਤਰਾਂ ਦੀ ਉਸਾਰੀ ਤੇ ਸੰਵਾਦ ਬਿਰਤਾਂਤ ਰਾਹੀਂ ਕੀਤਾ ਗਿਆ ਹੈ। ਇੱਥੇ ਇੱਕ ਹੋਰ ਗੱਲ ਕਰਨੀ ਵੀ ਬਣਦੀ ਹੈ ਕਿ ਇਹ ਲੋਕ ਨਾਟ-ਰੂਪ ਕੇਵਲ ਮਰਦਾਂ ਦੇ ਗਿੱਧੇ ਦੇ ਕਲਾਕਾਰ ਹੀ ਕਰ ਸਕਦੇ ਹਨ ਅਤੇ ਨਾ ਹੀ ਕੇਵਲ ਪਾਤਰਾਂ ਦਾ ਅਭਿਨੈ ਕਰਨ ਵਾਲੇ ਅਦਾਕਾਰ ਕਰ ਸਕਦੇ ਹਨ, ਇਸ ਲਈ ਦੋਵੇਂ ਕਲਾਵਾਂ ਦੇ ਪ੍ਰਬੀਨ ਅਦਾਕਾਰਾਂ ਦੀ ਲੋੜ ਹੈ। ਪੁਸਤਕ ਨੂੰ ਸਿਰਜਨ ਵਾਲੇ ਲੇਖਕ, ਪ੍ਰੇਰਕ ਅਤੇ ਇਸ ਨਾਟ-ਰੂਪ ਨੂੰ ਅਕਾਦਮਿਕ ਹਲਕਿਆਂ ਵਿੱਚ ਲਿਜਾਣ ਵਾਲੇ ਵਧਾਈ ਦੇ ਪਾਤਰ ਹਨ। ਉਮੀਦ ਹੈ ਤਿੰਨਾਂ ਦੇ ਸੁਫ਼ਨਿਆਂ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਸੰਪਰਕ: 94172-25942