ਕੇਂਦਰੀ ਵਜ਼ਾਰਤ ਵੱਲੋਂ ‘ਪੀਐੱਮ-ਵਿਦਿਆਲਕਸ਼ਮੀ’ ਯੋਜਨਾ ਨੂੰ ਮਨਜ਼ੂਰੀ
ਨਵੀਂ ਦਿੱਲੀ, 6 ਨਵੰਬਰ
ਕੇਂਦਰੀ ਵਜ਼ਾਰਤ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੇਣ ਲਈ ‘ਪ੍ਰਧਾਨ ਮੰਤਰੀ-ਵਿਦਿਆਲਕਸ਼ਮੀ’ ਯੋਜਨਾ ਨੂੰ ਅੱਜ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਅਨੁਸਾਰ, ਮਿਆਰੀ ਉੱਚ ਸਿੱਖਿਆ ਸੰਸਥਾਵਾਂ (ਕਿਊਐੱਚਈਆਈ) ਵਿੱਚ ਦਾਖ਼ਲਾ ਲੈਣ ਵਾਲਾ ਕੋਈ ਵੀ ਵਿਦਿਆਰਥੀ ਪਾਠਕ੍ਰਮ ਨਾਲ ਸਬੰਧਤ ਟਿਊਸ਼ਨ ਫੀਸ ਅਤੇ ਹੋਰ ਖ਼ਰਚਿਆਂ ਦੀ ਪੂਰੀ ਰਕਮ ਹਾਸਲ ਕਰਨ ਲਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਬਿਨਾਂ ਕਿਸੇ ਜ਼ਮਾਨਤ ਜਾਂ ਜ਼ਾਮਨੀ ਦੇ ਕਰਜ਼ਾ ਲੈਣ ਦੇ ਯੋਗ ਹੋਵੇਗਾ। ਇਸ ਯੋਜਨਾ ਲਈ 3600 ਕਰੋੜ ਰੁਪਏ ਦੇ ਖ਼ਰਚ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਕੌਮੀ ਸੰਸਥਾਗਤ ਦਰਜਾਬੰਦੀ ਢਾਂਚਾ ਦੇ ਆਧਾਰ ’ਤੇ ਦੇਸ਼ ਦੇ ਸਿਖਰਲੇ 860 ਕਿਊਐੱਚਈਆਈ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ। ਇਸ ਵਿੱਚ ਹਰ ਸਾਲ 22 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। -ਪੀਟੀਆਈ
ਐੱਫਸੀਆਈ ਵਿੱਚ 10,700 ਕਰੋੜ ਰੁਪਏ ਦੇ ਨਿਵੇਸ਼ ਦੀ ਪ੍ਰਵਾਨਗੀ
ਨਵੀਂ ਦਿੱਲੀ:
ਕੇਂਦਰੀ ਵਜ਼ਾਰਤ ਨੇ ਵਿੱਤੀ ਸਾਲ 2024-25 ਵਿੱਚ ਕਾਰਜਸ਼ੀਲ ਪੂੰਜੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਨਤਕ ਅਦਾਰੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵਿੱਚ 10,700 ਕਰੋੜ ਰੁਪਏ ਦੀ ਇਕੁਇਟੀ ਵਜੋਂ ਪੂੰਜੀ ਨਿਵੇਸ਼ ਦੀ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਐੱਫਸੀਆਈ ਅਨਾਜ ਦੀ ਖ਼ਰੀਦ ਤੇ ਵੰਡ ਸਬੰਧੀ ਸਰਕਾਰ ਦੀ ‘ਨੋਡਲ’ ਏਜੰਸੀ ਹੈ। ਬਿਆਨ ਮੁਤਾਬਕ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਦੀ ਕਮੇਟੀ (ਸੀਸੀਈਏ) ਦੀ ਮੀਟਿੰਗ ਵਿੱਚ ਐੱਫਸੀਆਈ ਵਿੱਚ 2024-25 ਲਈ ਕਾਰਜਸ਼ੀਲ ਪੂਜੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ 10,700 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਪਾਉਣ ਦੀ ਮਨਜ਼ੂਰੀ ਦਿੱਤੀ ਗਈ।’’