ਫੌਜਾਂ ਪਿੱਛੇ ਹਟਾਉਣ ਸਬੰਧੀ ਸਹਿਮਤੀ ਉੱਤੇ ‘ਬੇਰੋਕ’ ਅਮਲ ਜਾਰੀ: ਚੀਨ
ਪੇਈਚਿੰਗ, 4 ਨਵੰਬਰ
ਚੀਨ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਫੌਜਾਂ ਪਿੱਛੇ ਹਟਾਉਣ ਨੂੰ ਲੈ ਕੇ ਭਾਰਤ ਨਾਲ ਬਣੀ ਸਹਿਮਤੀ ਉੱਤੇ ‘ਬੇਰੋਕ’ ਅਮਲ ਜਾਰੀ ਹੈ। ਪੇਈਚਿੰਗ ਨੇ ਹਾਲਾਂਕਿ ਟਕਰਾਅ ਵਾਲੇ ਦੋ ਖੇਤਰਾਂ ਦੇਪਸਾਂਗ ਤੇ ਡੈਮਚੌਕ ਵਿਚ ਗਸ਼ਤ (ਪੈਟਰੋਲਿੰਗ) ਦੀ ਬਹਾਲੀ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਸਵਾਲ ਦੇ ਜਵਾਬ ਵਿਚ ਕਿਹਾ, ‘‘ਚੀਨ ਤੇ ਭਾਰਤ ਦੇ ਸਲਾਮਤੀ ਦਸਤੇ ਸਰਹੱਦੀ ਇਲਾਕੇ ਨਾਲ ਸਬੰਧਤ ਮਸਲਿਆਂ ਬਾਰੇ ਦੋਵਾਂ ਧਿਰਾਂ ’ਚ ਬਣੀ ਸਹਿਮਤੀ ਨੂੰ ਅਮਲੀ ਰੂਪ ’ਚ ਲਾਗੂ ਕਰ ਰਹੇ ਹਨ, ਤੇ ਇਹ ਅਮਲ ਬੇਰੋਕ ਜਾਰੀ ਹੈ।’’ ਨਿੰਗ ਨੇ ਹਾਲਾਂਕਿ ਟਕਰਾਅ ਵਾਲੇ ਦੋ ਖੇਤਰਾਂ ਵਿਚ ਭਾਰਤੀ ਫੌਜੀਆਂ ਵੱਲੋਂ ਗਸ਼ਤ ਸ਼ੁਰੂ ਕੀਤੇ ਨਾਲ ਜੁੜੇ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਚੇਤੇ ਰਹੇ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਵਿਚ ਮੀਡੀਆ ਨੂੰ ਦੱਸਿਆ ਸੀ ਕਿ ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਦੂਜੇ ਖੇਤਰ ਦੇਪਸਾਂਗ ’ਚ ਗਸ਼ਤ ਨੂੰ ਲੈ ਕੇ ਤਸਦੀਕ ਦਾ ਅਮਲ ਵਿੱਢ ਦਿੱਤਾ ਹੈ। ਭਾਰਤ ਤੇ ਚੀਨ ਦੀਆਂ ਫੌਜਾਂ ਵੱਲੋਂ ਪੂਰਬੀ ਲੱਦਾਖ ਵਿਚ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਦੀ ਵਾਪਸੀ ਮਗਰੋਂ ਸ਼ੁੱਕਰਵਾਰ ਨੂੰ ਡੈਮਚੌਕ ਵਿਚ ਗਸ਼ਤ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 21 ਅਕਤੂਬਰ ਨੂੰ ਦਿੱਲੀ ਵਿਚ ਕਿਹਾ ਸੀ ਕਿ ਵਿਚਾਰ ਚਰਚਾ ਮਗਰੋਂ ਭਾਰਤ ਤੇ ਚੀਨ ਨੇ ਫੌਜਾਂ ਪਿੱਛੇ ਹਟਾਉਣ ਸਬੰਧੀ ਸਹਿਮਤੀ ਦਿੱਤੀ ਹੈ। -ਪੀਟੀਆਈ