For the best experience, open
https://m.punjabitribuneonline.com
on your mobile browser.
Advertisement

ਅਣਪੁੰਗਰਿਆ ਬੀਅ

08:43 AM Jul 17, 2023 IST
ਅਣਪੁੰਗਰਿਆ ਬੀਅ
Advertisement

ਰੂਪ ਸਤਵੰਤ

Advertisement

ਕਈ ਸਾਲ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਣ ਪਿੱਛੋਂ ਸਰਕਾਰੀ ਅਧਿਆਪਕ ਬਣੀ ਸੀ ਉਹ। ਮਗਰੇ ਵਿਆਹ ਹੋ ਗਿਆ ਤੇ ਹੁਣ ਸੁੱਖ ਨਾਲ ਕਾਕਾ ਉਹਦੇ ਕੋਲ। ਪੱਕਾ ਨਾਉਂ ਤਾਂ ਨਿਮਰਜੋਤ ਹੈ ਪਰ ਕਹਿੰਦੇ ਸਾਰੇ ਨਿੰਮੀ ਨੇ। ਨੌਕਰੀ ਪੇਸ਼ਾ ਰੁਟੀਨ ਦੀ ਭੱਜ-ਨੱਠ ਤੋਂ ਬਾਅਦ ਐਤਵਾਰ ਤਾਂ ਜਿਵੇਂ ਮਸਾਂ ਹੀ ਆਉਂਦਾ ਸੀ। ਉਂਝ ਐਤਕੀਂ ਐਤਵਾਰ ਵੱਖਰਾ ਸੀ। ਹਾਲੇ ਬੁਰਸ਼ ਹੀ ਕਰਦੀ ਸੀ ਕਿ ਨਿੱਕੇ ਪੁੱਤਰ ਸਾਂਵਲ ਦੀ ਚੀਕਣੀ ਆਵਾਜ਼ ਕੰਨਾਂ ’ਚ ਪਈ, “ਮਮਾ... ਮਮਾ ਜੀ...।”
“ਆਈ ਡੱਡ ਬਸ... ਇੱਕ ਮਿੰਟ।” ਨਿੰਮੀ ਆਖਿਆ। “ਕੁੜੇ ਚੂਰਨ ਆਲੀ ਡੱਬੀ ਫੜਾ ਜਾਂਦੀ ਮੈਨੂੰ...।” ਨਾਲ਼ ਦੇ ਕਮਰੇ ’ਚ ਪਈ ਬੀਬੀ ਬੋਲੀ। ਵਿੱਚੇ ਪਤੀ ਦੇਵ ਦਾ ਸੁਨੇਹਾ- “ਓ ਬਈ... ਮੇਰੀ ਲੈਮਨ ਟੀ...।” ਛੋਟਾ ਅਜੇ ਉੱਠਿਆ ਨਹੀਂ ਸੀ, ਨਹੀਂ ਉਧਰੋਂ ਵੀ ਕੋਈ ਫਰਮਾਇਸ਼ ਆ ਜਾਣੀ ਸੀ।... ਚਲੋ ਛੱਡੋ, ਕੰਮ ਤਾਂ ਧਰਮ ਹੁੰਦੈ ਬੰਦੇ ਦਾ, ਨਾਲੇ ਜੇ ਮੈਂ ਨਹੀਂ ਕਰਾਂਗੀ ਤਾਂ ਹੋਰ ਕਰੂ ਕੌਣ? ਆਪਣਾ ਸਿਰ ਆਪ ਹੀ ਗੁੰਦੀਦੈ। ਨਾਲੇ ਆਪਣੇ ਪੈਰ ਧੋਂਦੀ ਰਾਣੀ ਕੋਈ ਗੋਲੀ ਥੋੜ੍ਹਾ ਬਣ ਜਾਂਦੀ। ਇਉਂ ਖ਼ੁਦ ਨੂੰ ਹੱਲਾਸ਼ੇਰੀ ਦਿੰਦੀ ਤੇ ਕੰਮ ’ਚ ਰੁੱਝੀ ਰਹਿੰਦੀ। ਛੇ ਦਨਿ ਸਕੂਲ ਤੇ ਸੱਤਵੇਂ ਦਨਿ ਘਰੇ। ਕਦੇ ਝਾੜੂ-ਪੋਚਾ, ਕਦੇ ਰੋਟੀ-ਟੁੱਕ, ਕਦੇ ਹੋਰ ਛੋਟੇ-ਮੋਟੇ ਘਰੇਲੂ ਕੰਮ। ਅੱਡੀ ਨਾ ਲਗਦੀ ਸਾਰਾ ਦਨਿ ਪਰ ਕਿਸੇ ਵੀ ਕੰਮ ਲਈ ਕਦੀ ਮੱਥੇ ਵੱਟ ਨਾ ਪਾਉਂਦੀ।
ਜਦ ਸਾਰਾ ਟੱਬਰ ਹੌਲੀ ਹੌਲੀ ਵੱਡੇ ਕਮਰੇ ’ਚ ਇਕੱਠਾ ਹੋਣ ਲੱਗਾ ਤਾਂ ਛੋਟੇ ਦੀ ਫਰਮਾਇਸ਼ ‘ਅੱਜ ਦਾਲ ਧਰਲੋ... ਹਾਰੀ ’ਚ। ਵਾਹਵਾ ਦਨਿ ਹੋਗੇ ਹਾਰੀ ਆਲੀ ਦਾਲ਼ ਖਾਧੀ ਨੂੰ, ਅੱਜ ਤਾਂ ਸੰਡੇ ਹੀ ਆ।” ਬਾਕੀ ਟੱਬਰ ਨੇ ਵੀ ਸਹਿਮਤੀ ਪ੍ਰਗਟਾ ਦਿੱਤੀ। ਛੋਟਾ ਭਾਵੇਂ ਜਵਾਕਾਂ ਆਲਾ ਹੋ ਗਿਆ ਸੀ ਪਰ ਅਜੇ ਤੱਕ ਸਾਰਿਆਂ ਲਈ ਛੋਟਾ ਹੀ ਸੀ, ਸਭ ਦਾ ਲਾਡਲਾ। ਪਿੰਡ ਹੋਵੇ ਜਾਂ ਸ਼ਹਿਰ, ਅੱਜ ਕੱਲ੍ਹ ਗੈਸੀ ਚੁੱਲ੍ਹਿਆਂ ਦਾ ਹੀ ਬੋਲ-ਬਾਲਾ। ਹੋਵੇ ਵੀ ਕਿਉਂ ਨਾ? ਜਿ਼ੰਦਗੀ ਐਨੀ ਰਫ਼ਤਾਰ ਫੜ ਚੁੱਕੀ ਹੈ ਕਿ ਛਟੀਆਂ ਡਾਹ ਕੇ ਚੁੱਲ੍ਹੇ ’ਚ ਫੂਕਾਂ ਮਾਰਨ ਦਾ ਨਾ ਵਿਹਲ ਤੇ ਨਾ ਵੱਲ ਹੈ। ਕਹਿਣ ਨੂੰ ਤਾਂ ਟੱਬਰ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਸ਼ਹਿਰ ਆ ਵਸਿਆ ਸੀ ਪਰ ਨਾ ਤਾਂ ਇਨ੍ਹਾਂ ਦੀ ਰੂਹ ਪਿੰਡੋਂ ਨਿੱਕਲੀ ਸੀ ਤੇ ਨਾ ਰੂਹ ’ਚੋਂ ਪਿੰਡ। ਸ਼ਹਿਰ ’ਚ ਰਹਿਣ ਕਰ ਕੇ ਪਾਥੀਆਂ ਤਾਂ ਮੁੱਲ ਦੀਆਂ ਹੁੰਦੀਆਂ ਪਰ ਚੁੱਲ੍ਹਾ, ਹਾਰੀ ਵਰਤਣ ਦਾ ਮੱਸ ਹਾਲੇ ਗਿਆ ਨਹੀਂ ਸੀ।
ਹੋਰ ਕੰਮ-ਧੰਦੇ ਨਬੇੜਦਿਆਂ ਨਿੰਮੀ ਨੂੰ ਚੇਤਾ ਆਇਆ ਕਿ ਦਾਲ਼ ਵੀ ਧਰਨੀ ਸੀ। ਸੋ, ਭੂਕਣੇ ਨਾਲ ਪਾਥੀਆਂ ਭੰਨ੍ਹੀਆਂ ਤੇ ਜਾ ਬੈਠੀ ਹਾਰੀ ਮਘਾਉਣ। ਕੀ ਦੇਖਦੀ ਕਿ ਹਾਰੀ ਵਿਚ ਵਾਲ਼ਾਂ-ਪੱਤਿਆਂ ਤੇ ਹੋਰ ਲੀਰਾਂ-ਕਾਤਰਾਂ ਦਾ ਛਿੱਦਾ ਜਿਹਾ ਆਲ੍ਹਣਾ ਪਿਆ ਹੈ। ਸੋਚਿਆ, ਕੱਢ ਕੇ ਬਾਹਰ ਸੁੱਟ ਦੇਵਾਂ। ਜਿਉਂ ਹੀ ਹੱਥ ਵਧਾਇਆ ਤਾਂ ਪਤਾ ਲੱਗਿਆ, ਆਲ੍ਹਣੇ ਵਿਚ 2 ਆਂਡੇ ਵੀ ਨੇ। ਫਿਰ ਨਜ਼ਰ ਪਈ ਕਿ ਦਲਾਨ ਦੇ ਆਸੇ ਪਾਸੇ ਕਬੂਤਰ ਲਗਾਤਾਰ ਗੇੜੇ ਕੱਢ ਰਿਹੈ। ਕਦੇ ਪੱਖੇ ’ਤੇ ਜਾ ਬੈਠੇ, ਕਦੇ ਰੋਸ਼ਨਦਾਨ ’ਚ। ਕਦੇ ਇੱਧਰ, ਕਦੇ ਓਧਰ। ਜਿਵੇਂ ਸਿੱਟੇ ਪਹੁੰਚੀ ਫ਼ਸਲ ਦੀ ਰਾਖੀ ਕਰਦਾ ਕੋਈ ਕਿਸਾਨ।
ਨਿੰਮੀ ਪਹਿਲੀ ਨਜ਼ਰੇ ਹੀ ਤਾੜ ਗਈ- ਹੋਵੇ ਨਾ ਹੋਵੇ ਇਹ ਆਂਡੇ ਇਸ ਕਬੂਤਰੀ ਦੇ ਹੀ ਨੇ। ਕਬੂਤਰੀ ਦੀ ਬੇਚੈਨੀ ਜਿਵੇਂ ਉਹਦੇ ਰੋਮ ਰੋਮ ਥਾਣੀਂ ਹੁੰਦੀ ਹੋਈ ਦਿਲੋ-ਦਿਮਾਗ਼ ਤੱਕ ਜਾ ਅੱਪੜੀ। ਉਹਨੂੰ ਬੀਤੇ ਵੇਲੇ ਦੇ ਸਾਰੇ ਆਕਾਰ: ਐਂਬੂਲੈਂਸ, ਹਸਪਤਾਲ, ਸਟ੍ਰੈਚਰ, ਪੱਕੜ ਜਿਹੀਆਂ ਦੋ ਨਰਸਾਂ, ਛੋਟੇ ਕੱਦ ਦਾ ਕਲੀਨ ਸ਼ੇਵਨ ਡਾਕਟਰ ਤੇ ਓਟੀ ਦੇ ਬੈੱਡ ’ਤੇ ਘਬਰਾਹਟ ਦੇ ਧੱਫਿਆਂ ਨਾਲ ਝੰਬੀ ਹੋਈ ਉਹ ਆਪ; ਸਭ ਸਨਿਮੇ ਦੀ ਸਕ੍ਰੀਨ ਵਾਂਗ ਦਿਸਣ ਲੱਗ ਪਏ। ਜਿਵੇਂ ਉਹ ਖ਼ੌਫਨਾਕ ਵਕਤ ਕਿਸੇ ਰੰਗਰੂਟ ਵਾਂਗ ਅੱਖਾਂ ਮੂਹਰੇ ਕਦਮਤਾਲ ਕਰਨ ਰਿਹਾ ਹੋਵੇ! ਕੱਚੀਆਂ ਤਰੇਲੀਆਂ ਠੱਲ੍ਹਦੀ ਨਿੰਮੀ ਨੇ ਕੋਲ ਖੜ੍ਹੇ ਥਮ੍ਹਲੇ ਨਾਲ ਲੱਗ ਕੇ ਆਪਣਾ ਆਪ ਬੋਚਿਆ। ਉਹ ਕਿਹੜਾ ਕੋਈ ਭੁੱਲਣ ਵਾਲੀ ਗੱਲ ਸੀ ਜਦੋਂ ਅਣਗਹਿਲੀ ਨਾਲ ਲਗਾਏ ਟੀਕੇ ਨੇ ਨਵੀਂ ਜਿੰਦ ਖ਼ਾਤਿਰ ਛਾਤੀਆਂ ’ਚ ਉੱਤਰਦੇ ਸੀਰ ਨੂੰ ਨਿਰਜਿੰਦ ਕਰ ਛੱਡਿਆ ਸੀ। ਕਸੂਰ ਭਾਵੇਂ ਕਿਸੇ ਦਾ ਵੀ ਸੀ ਪਰ ਹਰਜਾਨਾ ਦੋਵਾਂ ਜਿੰਦਾਂ ਨੇ ਭੋਗਿਆ ਤੇ ਸੋਗ ਟੱਬਰ ਨੇ।
ਬਿੰਦੇ-ਝੱਟੇ ਗੇੜੇ ਮਾਰਦੀ ਕਬੂਤਰੀ ਦੀ ਤੜਫਣਾ ਉਹਨੂੰ ਹੱਡੀਂ ਹੰਢਾਏ ਦਰਦ ਜਿਹੀ ਲੱਗਣ ਲੱਗੀ। ਜਿਵੇਂ ਵਾਰ ਵਾਰ ਵਿਆਕੁਲ ਮਨ ਨਾਲ ਕਬੂਤਰੀ ਕਹਿ ਰਹੀ ਹੋਵੇ- ‘ਹਾੜ੍ਹੇ ਰੱਬਾ... ਬਚਾਈਂ ਮੇਰੇ ਬੱਚਿਆਂ ਨੂੰ।” ਕੁਦਰਤ ਵੀ ਜਿਵੇਂ ਪਰਖਾਂ ਵਾਲੀ ਬਰੀਕ ਛਾਣਨੀ ਲਾਈ ਬੈਠੀ ਸੀ। ਮੀਂਹ ਉੱਤਰ ਆਇਆ ਤੇ ਨ੍ਹੇਰੀ ਕਹੇ, ਮੈਂ ਕਿਸੇ ਦਾ ਦੇਣਾ ਕੀ ਆ! ਨਿੰਮੀ ਦਾ ਕਾਲਜਾ ਡੁੱਬਦਾ ਜਾਵੇ। “ਕਿਤੇ ਮੇਰੇ ਕਰ ਕੇ ਇਸ ਅਣਪੁੰਗਰੇ ਬੀਅ ਨੂੰ... ਨਾ ਨਾ ਰੱਬਾ, ਮੈਥੋਂ ਪਾਪ ਨਾ ਕਰਾ ਦੀਂ। ਮਿਹਰ ਕਰੀਂ।” ਫਿਰ ਪਤਾ ਨਹੀਂ ਕਿੱਥੋਂ, ਨਿੱਗਰ ਜਜ਼ਬੇ ਦੀ ਕੋਈ ਪੌਣ ਉਹਦੇ ਅੰਦਰ ਪ੍ਰਵੇਸ਼ ਕਰ ਗਈ ਤੇ ਉਹਨੇ ਘੜੇ ਦੇ ਗਲ਼ ’ਤੇ ਉਸਾਰੀ ਹਾਰੀ ਚੁੱਕੀ ਤੇ ਵਰਾਂਡੇ ਦੀ ਛੱਤ ਹੇਠ ਇੱਕ ਖੂੰਜੇ ਧਰ ਦਿੱਤੀ ਜਿੱਥੇ ਨਾ ਮੀਂਹ ਦੀ ਵਾਛੜ ਸੀ ਤੇ ਨਾ ਨ੍ਹੇਰੀ ਦੇ ਧੱਫੇ।
ਪਾਥੀਆਂ ਗਿੱਲੀਆਂ ਹੋਣ ਦਾ ਪੱਜ ਪਾ ਕੇ ਦਾਲ਼ ਉਹਨੇ ਗੈਸ ’ਤੇ ਧਰ ਦਿੱਤੀ ਸੀ। ਇਸ ਐਤਵਾਰ ਟੱਬਰ ਨੇ ਤਾਂ ਮੂੰਗੀ-ਛੋਲਿਆਂ ਦੀ ਦਾਲ ਖਾਧੀ ਪਰ ਨਿੰਮੀ ਨੇ ਭਰੀਆਂ ਸਹਿਮ ਦੀਆਂ ਘੁੱਟਾਂ। ਮੀਂਹ ਮੁੜ ਗਿਆ ਤੇ ਨ੍ਹੇਰੀ ਵੀ ਠਹਿਰ ਚੱਲੀ ਸੀ। ਰਾਤ ਵੀ ਲੰਘ ਤੁਰੀ ਪਰ ਨਿੰਮੀ ਲਈ ਅਗਲਾ ਦਨਿ ਮਸਾਂ ਚੜ੍ਹਿਆ। ਉੱਠਦਿਆਂ ਸਾਰ ਵਰਾਂਡੇ ’ਚ ਪਈ ਹਾਰੀ ਦੇਖਣ ਗਈ। ਹਾਰੀ ਵਿਚ ਨਿੱਕੇ ਨਿੱਕੇ ਦੋ ਬੋਟ ਕਬੂਤਰੀ ਦੇ ਖੰਭਾਂ ਥੱਲੇ ਪਏ ਸਨ। ਨਿੰਮੀ ਦੀਆਂ ਅੱਖਾਂ ਵਿਚ ਚਮਕ ਆ ਗਈ। ਉਸ ਦੇ ਗਲੇਡੂ ਭਰ ਆਏ, “ਸ਼ੁਕਰ ਆ ਰੱਬਾ! ਮੇਰੇ ਵਾਰੀ ਤਾਂ ਨਾ ਸੀ ਹੋਇਆ ਪਰ ਮੇਰੇ ਰਾਹੀਂ ਹੋ ਗਿਆ।”
ਉਹ ਖ਼ੁਦ ਨੂੰ ਸਨਮਾਨਿਤ ਹੋਇਆ ਮਹਿਸੂਸ ਕਰ ਰਹੀ ਸੀ।
ਸੰਪਰਕ: 81968-21300

Advertisement

Advertisement
Tags :
Author Image

sukhwinder singh

View all posts

Advertisement