For the best experience, open
https://m.punjabitribuneonline.com
on your mobile browser.
Advertisement

ਕੰਟਰੈਕਚੁਅਲ ਰਿਟਾਇਰਮੈਂਟ

05:28 AM Nov 13, 2024 IST
ਕੰਟਰੈਕਚੁਅਲ ਰਿਟਾਇਰਮੈਂਟ
Advertisement

ਅਵਤਾਰ ਸਿੰਘ ਢਿੱਲੋਂ

Advertisement

ਦੇਸ਼ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ ਵਿੱਚ ਕੰਟਰੈਕਚੁਅਲ ਭਰਤੀ ਦਾ ਰੁਝਾਨ ਵਧਿਆ ਹੈ। ਸਰਕਾਰ ਕੋਈ ਵਾਧੂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦੀ; ਪ੍ਰਾਈਵੇਟ ਸੈਕਟਰ ਵੀ ਇਸੇ ਤਰੀਕੇ ਨਾਲ ਆਮ ਸ਼ਖਸ ਤੋਂ ਵੱਧ ਤੋਂ ਵੱਧ ਕੰਮ ਲੈਣ ਦੀ ਫਿਰਾਕ ਵਿੱਚ ਨੇ; ਹਾਲਾਂਕਿ ਅਜਿਹੇ ਕੰਮਕਾਜੀ ਵਿਹਾਰ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗੇ ਨੇ। ਸਾਧਾਰਨ ਬੰਦਾ ਜਾਵੇ ਵੀ ਤਾਂ ਜਾਵੇ ਕਿੱਥੇ! ਘਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੂੰ ਜਿੱਥੇ ਵੀ ਕੁਝ ਹੱਥ ਅੜਦਾ ਲੱਗੇ, ਉਹ ਕੋਈ ਵੀ ਕੰਮ ਕਰਨ ਲਈ ਰਾਜ਼ੀ ਹੋ ਜਾਂਦਾ ਹੈ।
ਨੌਕਰੀ ਤੋਂ ਬਾਅਦ ਸਰਕਾਰੀ ਮੁਲਾਜ਼ਮ ਨੂੰ ਉਸ ਦੇ ਦਫਤਰ ’ਚੋਂ ਸ਼ਾਨੋ-ਸ਼ੌਕਤ ਨਾਲ ਵਿਦਾਇਗੀ ਦਿੱਤੀ ਜਾਂਦੀ ਹੈ। ਤੋਹਫੇ ਤਾਂ ਮਿਲਦੇ ਹੀ ਨੇ, ਨਾਲ ਸਰਕਾਰ ਕੋਲ ਜਮ੍ਹਾ ਕੀਤੀ ਉਸ ਦੀ ਰਾਸ਼ੀ ਤੇ ਪੈਨਸ਼ਨ ਦੀ ਖੁਸ਼ੀ ਉਸ ਨੂੰ ਆਪਣੇ ਇਸ ਦਫਤਰ ਤੋਂ ਵਿਦਾਇਗੀ ਲੈਣ ਵਿੱਚ ਕੋਈ ਰੁਕਾਵਟ ਨਹੀਂ ਬਣਦੀ ਪਰ ਕੀ ਇਹ ਸਭ ਕੁਝ ਕੰਟਰੈਕਚੁਅਲ ਜਾਂ ਠੇਕੇ ’ਤੇ ਸਾਰੀ ਉਮਰ ਨੌਕਰੀ ਕਰਨ ਵਾਲੇ ਦੇ ਹਿੱਸੇ ਆਉਂਦਾ ਹੈ? ਨਹੀਂ… ਇਥੋਂ ਤੱਕ ਕਿ ਦਫਤਰ ਤੋਂ ਵਿਦਾਇਗੀ ਦਾ ਪਤਾ ਵੀ ਉਸ ਦੇ ਸੰਗੀ ਸਾਥੀਆਂ ਨੂੰ ਉਸ ਦੇ ਚਲੇ ਜਾਣ ਦੇ ਕਈ ਦਿਨ ਬਾਅਦ ਲੱਗਦਾ ਹੈ। ਦਫਤਰੋਂ ਹੋਣ ਵਾਲੀ ਅਜਿਹੀ ਵਿਦਾਇਗੀ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀ ਹੈ ਕਿ ਹੁਣ ਬਿਨਾਂ ਤਨਖਾਹ, ਬਿਨਾਂ ਪੈਸੇ ਉਹ ਜ਼ਿੰਦਗੀ ਦੀ ਗੱਡੀ ਅੱਗੇ ਕਿਵੇਂ ਤੋਰੇਗਾ। ਮੈਂ ਵੀ ਇਸ ਹਾਲਤ ’ਚੋਂ ਲੰਘ ਕੇ ਆਇਆ ਹਾਂ।
ਕੁਝ ਸਮੇਂ ਲਈ ਮੈਨੂੰ ਦਿੱਲੀ ਦੇ ਰੇਡੀਓ ਸਟੇਸ਼ਨ ਤੋਂ ਦੂਰ ਪੰਜਾਬ ਦੇ ਇੱਕ ਰੇਡੀਓ ਸਟੇਸ਼ਨ ’ਤੇ ਪੰਜਾਬੀ ਖ਼ਬਰਾਂ ਸ਼ੁਰੂ ਕਰਨ ਲਈ ਭੇਜ ਦਿੱਤਾ ਗਿਆ। ਸ਼ਾਇਦ ਉੱਥੇ ਜਾਣ ਲਈ ਮੈਂ ਰਾਜ਼ੀ ਵੀ ਨਾ ਹੁੰਦਾ ਪਰ ਵੱਡੇ ਅਫਸਰਾਂ ਦੇ ਵੱਡੇ-ਵੱਡੇ ਵਾਅਦਿਆਂ ਨੇ ਜਾਣ ਲਈ ਮਜਬੂਰ ਕਰ ਦਿੱਤਾ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਕੰਟਰੈਕਚੁਅਲ ਮੁਲਾਜ਼ਮ ਨੂੰ ਭਰਤੀ ਸਮੇਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਉਸ ਨੂੰ ਸਿਰਫ ਇਥੇ ਹੀ ਕੰਮ ਕਰਨਾ ਪਵੇਗਾ ਪਰ ਮੇਰੇ ਮਾਮਲੇ ’ਚ ਇਹ ਸ਼ਰਤਾਂ ਲਾਗੂ ਨਾ ਹੋਈਆਂ। ਅਸਲ ਵਿਚ, ਸਰਕਾਰ ਦੀ ਮਨਸ਼ਾ ਪੰਜਾਬੀ ਖ਼ਬਰਾਂ ਪੰਜਾਬ ਅਤੇ ਦੇਸ਼ ਦੀ ਰਾਜਧਾਨੀ ’ਚੋਂ ਕੱਢਣ ਦੀ ਬਣ ਗਈ ਸੀ। ਅਸੀਂ ਇਸ ਨੂੰ ਰੁਕਵਾਉਣ ਲਈ ਕੌਮੀ ਅਤੇ ਦਿੱਲੀ ਦੇ ਘੱਟਗਿਣਤੀ ਕਮਿਸ਼ਨਾਂ ਤੱਕ ਪਹੁੰਚ ਕਰਨ ਦੇ ਨਾਲ-ਨਾਲ ਪੰਜਾਬੀ ਦੇ ਰਖਵਾਲਿਆਂ ਅਤੇ ਸਿਆਸਤਦਾਨਾਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਵੀ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਪੰਜਾਬੀ ਖ਼ਬਰਾਂ ਦਿੱਲੀ ਅਤੇ ਚੰਡੀਗੜ੍ਹ ਦੇ ਰੇਡੀਓ ਸਟੇਸ਼ਨਾਂ ਤੋਂ ਹਟਾ ਦਿੱਤੀਆਂ ਗਈਆਂ।
ਉਥੇ ਜਾਣ ਦੇ ਨੌਂ ਮਹੀਨਿਆਂ ਬਾਅਦ ਹੀ ਸਭ ਕੀਤੇ ਵਾਅਦੇ ਰਫੂ ਚੱਕਰ ਹੋ ਗਏ ਪਰ ਮਜਬੂਰੀ ਵੱਸ ਮੈਨੂੰ ਹੋਰ ਤਿੰਨ ਮਹੀਨਿਆਂ ਲਈ ਪੰਜਾਬ ਦੇ ਇਸ ਸਟੇਸ਼ਨ ’ਤੇ ਰੱਖਣਾ ਸਰਕਾਰ ਦੀ ਮਜਬੂਰੀ ਬਣ ਗਿਆ। ਉੱਥੇ ਪਹੁੰਚਣ ’ਤੇ ਮੇਰਾ ਸਵਾਗਤ ਵਧੀਆ ਆਵਾਜ਼ ਤੇ ਪੇਸ਼ਕਾਰੀ ਵਾਲੇ ਨਿਊਜ਼ ਰੀਡਰ ਵੱਲੋਂ ਕੀਤਾ ਗਿਆ। ਦਿੱਲੀ ਦੇ ਵੱਡੇ ਕੌਮੀ ਚੈਨਲ ਤੋਂ ਖੇਤਰੀ ਸਰਕਾਰੀ ਰੇਡੀਓ ਦਾ ਫ਼ਰਕ ਮੈਨੂੰ ਉਦੋਂ ਹੀ ਸਮਝ ਆ ਗਿਆ ਸੀ ਜਦ ਮੇਰੇ ਉਥੇ ਪਹੁੰਚਣ ’ਤੇ ਦੋ ਦਿਨ ਬਾਅਦ ਰੇਡੀਓ ਸਟੇਸ਼ਨ ਆਪਣੀ ਸਥਾਪਨਾ ਦੇ 75 ਸਾਲ ਮਨਾ ਰਿਹਾ ਸੀ। ਇੰਨੀ ਸ਼ਾਨੋ-ਸ਼ੌਕਤ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਦੂਰਦਰਸ਼ਨ ਦੇ ਵਿਹੜੇ ਵਿੱਚ ਕੀਤਾ ਗਿਆ; ਰੇਡੀਓ ਦੀ ਆਪਣੀ ਇਮਾਰਤ ਤਾਂ ਇਸ ਦੇ 75 ਸਾਲ ਪੂਰੇ ਹੋਣ ਤੱਕ ਜ਼ਰਜ਼ਰ ਹੋ ਰਹੀ ਏ। ਬਸ ਖਾਨਾਪੂਰਤੀ ਦੇ ਨਾਂ ’ਤੇ ਉਸ ਇਮਾਰਤ ’ਤੇ ਕੁਝ ਰੌਸ਼ਨੀਆਂ ਲਗਾ ਦਿੱਤੀਆਂ।
ਉੱਥੇ ਜਾ ਕੇ ਪਹਿਲੀ ਵਾਰ ਦੇਖਿਆ ਕਿ ਪੂਰੇ ਰੇਡੀਓ ਸਟੇਸ਼ਨ ਦਾ ਸਿਰਫ ਇੱਕ ਏਸੀ ਯੂਨਿਟ ਚੱਲਦਾ ਸੀ; ਬਾਕੀ ਸਮੇਂ ਦੇ ਨਾਲ-ਨਾਲ ਬੰਦ ਹੁੰਦੇ ਰਹੇ ਅਤੇ ਹੁਣ ਅਨਾਊਂਸਰ ਗਰਮੀਆਂ ਵਿੱਚ ਸਟੂਡੀਓ ’ਚ ਪੱਖਾ ਚਲਾ ਕੇ ਪ੍ਰੋਗਰਾਮ ਪੇਸ਼ ਕਰਦੇ ਨੇ। ਜਦੋਂ ਕੋਈ ਪ੍ਰੋਗਰਾਮ ਨਸ਼ਰ ਹੋ ਰਿਹਾ ਹੁੰਦਾ ਹੈ ਤਾਂ ਉਹ ਇਨ੍ਹਾਂ ਦੀ ਹਵਾ ਲੈਂਦੇ ਨੇ ਤੇ ਅਨਾਊਂਸਮੈਂਟ ਕਰਨ ਸਮੇਂ ਪਹਿਲਾਂ ਪੱਖਾ ਬੰਦ ਕਰ ਦਿੰਦੇ ਨੇ। ਰੇਡੀਓ ਦੇ ਕੰਪਲੈਕਸ ਵਿੱਚ ਉੱਗਿਆ ਘਾਹ ਫੂਸ ਸੱਪਾਂ ਤੇ ਕਿਰਲਿਆਂ ਦੇ ਰਹਿਣ ਦੀ ਥਾਂ ਬਣ ਗਿਆ। ਇੱਕ ਵਾਰ ਸਟੂਡੀਓ ਵਿੱਚ ਸੱਪ ਵੜ ਗਿਆ ਸੀ ਜਿਸ ਨੂੰ ਬੜੀ ਮੁਸ਼ਕਿਲ ਨਾਲ ਕੱਢਿਆ।
ਖ਼ੈਰ! ਮੇਰਾ ਕੰਟਰੈਕਟ 30 ਜੂਨ 2024 ਨੂੰ ਖਤਮ ਹੋ ਰਿਹਾ ਸੀ। ਉਮੀਦ ਸੀ ਕਿ ਇੱਥੋਂ ਦੇ ਸੰਗੀ ਸਾਥੀ ਮੇਰੀ ਵਿਦਾਇਗੀ ਦਾ ਇੰਤਜ਼ਾਮ ਕਰਨਗੇ। ਮੇਰੇ ਉਥੇ ਰਹਿੰਦਿਆਂ ਇਕ ਸਾਲ ਵਿੱਚ ਅੱਠ ਦਸ ਲੋਕ ਰਿਟਾਇਰ ਹੋਏ ਸਨ ਜਿਨ੍ਹਾਂ ਦੀਆਂ ਪਾਰਟੀਆਂ ਲਈ ਸਟਾਫ ਵੱਲੋਂ ਪੈਸੇ ਇਕੱਠੇ ਕੀਤੇ ਜਾਂਦੇ ਸਨ ਜਿਸ ਲਈ ਸਾਨੂੰ ਸਮੇਂ-ਸਮੇਂ ਭਾਗੀਦਾਰ ਬਣਾਇਆ ਗਿਆ। ਅਸੀਂ ਵੀ ਉਨ੍ਹਾਂ ਦੀਆਂ ਸਾਰੀਆਂ ਪਾਰਟੀਆਂ ਚ ਸ਼ਾਮਿਲ ਹੁੰਦੇ ਰਹੇ ਪਰ ਇਹ ਉਮੀਦ ਪੂਰੀ ਨਾ ਹੋਈ ਕਿਉਂਕਿ ਮੈਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਸੀ ਜਿਸ ਲਈ ਪਾਰਟੀ ਦਾ ਪ੍ਰਬੰਧ ਕੀਤਾ ਜਾਂਦਾ।
...ਪਹਿਲਾਂ ਮੈਂ ਵੀ ਰੇਡੀਓ ਦਾ ਮਾਨਤਾ ਪ੍ਰਾਪਤ ਆਰਟਿਸਟ ਸਾਂ ਅਤੇ ਕਈ ਵਾਰੀ ਉਥੋਂ ਦੇ ਸਟਾਫ ਨੂੰ ਕਿਹਾ ਕਿ ਮੈਨੂੰ ਵੀ ਆਪਣੇ ਨਾਟਕਾਂ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਮੇਰੀ ਇਹ ਗੱਲ ਪੂਰੀ ਵੀ ਕੀਤੀ ਤੇ ਸਰਕਾਰੀ ਚੋਣ ਪ੍ਰੋਗਰਾਮ ਦਾ ਹਿੱਸਾ ਵੀ ਬਣਾਇਆ ਪਰ ਉਸ ਪ੍ਰੋਗਰਾਮ ਦੀ ਅਦਾਇਗੀ ਵੀ ਮੈਨੂੰ ਇਸ ਕਰ ਕੇ ਨਹੀਂ ਕੀਤੀ ਕਿਉਂਕਿ ਮੈਂ ਸਰਕਾਰੀ ਮੁਲਾਜ਼ਮਾਂ ਦੇ ਕੰਮ-ਕਾਜ ਦਾ ਸਟਾਫ ਮੈਂਬਰ ਹਾਂ... ਵਿਦਾਇਗੀ ਪਾਰਟੀ ਸਮੇਂ ਮੈਂ ਕੰਟਰੈਕਚੁਅਲ ਮੁਲਾਜ਼ਮ ਸਾਂ। ਉਂਝ, ਆਪਣੇ ਖ਼ਬਰਾਂ ਵਾਲੇ ਮੁਲਾਜ਼ਮਾਂ ਦਾ ਧੰਨਵਾਦ ਕਿ ਉਨ੍ਹਾਂ ਮੈਨੂੰ ਵਿਦਾਇਗੀ ਦੇ ਤੌਰ ’ਤੇ ਦੁਪਹਿਰ ਦੇ ਖਾਣੇ ਦੀ ਦਾਅਵਤ ਅਤੇ ਤੋਹਫੇ ਦਿੱਤੇ।
ਇਹ ਮੇਰੇ ਲਈ ਨਵੀਂ ਗੱਲ ਨਹੀਂ ਸੀ। 1986 ਜਾਂ 87 ਵਿੱਚ ਰੇਡੀਓ ’ਤੇ ਮੇਰੀ ਆਵਾਜ਼ ਇਹ ਕਹਿ ਕੇ ਫੇਲ੍ਹ ਕਰ ਦਿੱਤੀ ਸੀ ਕਿ ਇਹ ਆਵਾਜ਼ ਰੇਡੀਓ ਦੇ ਕਾਬਲ ਨਹੀਂ ਹੈ। ਕਹਿੰਦੇ ਨੇ ਨਾ, ਜੇ ਜ਼ਿੰਦਗੀ ਵਿੱਚ ਇੱਕ ਦਰਵਾਜ਼ਾ ਬੰਦ ਹੁੰਦਾ ਏ ਤਾਂ ਕਈ ਹੋਰ ਖੁੱਲ੍ਹਦੇ ਵੀ ਨੇ। ਮੇਰੇ ਲਈ ਵੀ ਦਰਵਾਜ਼ੇ ਖੁੱਲ੍ਹਦੇ ਰਹੇ।
*ਸਾਬਕਾ ਪੰਜਾਬੀ ਕੰਟਰੈਕਚੁਅਲ ਨਿਊਜ਼ ਰੀਡਰ, ਆਕਾਸ਼ਵਾਣੀ।
ਸੰਪਰਕ: 98998-32513

Advertisement

Advertisement
Author Image

joginder kumar

View all posts

Advertisement