ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੇਮਕੁੰਟ ਸਾਹਿਬ ਯਾਤਰਾ ਦੀ ਅਭੁੱਲ ਯਾਦ

12:27 PM Jul 14, 2024 IST
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ

ਅਮਰਬੀਰ ਸਿੰਘ ਚੀਮਾ

Advertisement

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਖੁੱਲ੍ਹਣ ’ਤੇ ਮੈਨੂੰ ਤੀਹ ਕੁ ਵਰ੍ਹੇ ਪਹਿਲਾਂ ਚੜ੍ਹਦੀ ਉਮਰੇ ਕੀਤੀ ਉੱਥੋਂ ਦੀ ਯਾਤਰਾ ਯਾਦ ਆਈ। ਅਸੀਂ ਚਾਰ-ਪੰਜ ਦੋਸਤ ਬੈਠੇ ਗੱਲਾਂਬਾਤਾਂ ਕਰ ਰਹੇ ਸੀ। ਅਚਾਨਕ ਵਿੱਚੋਂ ਇੱਕ ਬੇਲੀ ਕਹਿੰਦਾ ਕਿ ਯਾਰ ਕਦੇ ਹੇਮਕੁੰਟ ਸਾਹਿਬ ਨਹੀਂ ਦੇਖਿਆ। ਤੁਰੰਤ ਹੀ ਤਿੰਨ ਜਣਿਆਂ ਨੇ ਜਾਣ ਦਾ ਪ੍ਰੋਗਰਾਮ ਬਣਾ ਲਿਆ। 18 ਕੁ ਸਾਲਾਂ ਦੀ ਉਮਰੇ ਸਭ ਤੋਂ ਪਹਿਲੀ ਪਹਾੜੀ ਯਾਤਰਾ ਹੀ ਸਭ ਤੋਂ ਉੱਚੇ ਪਹਾੜਾਂ ਵਾਲੀ ਕਰਨ ਦੀ ਸੋਚ ਲਈ। ਇੱਕ ਸਕੂਟਰ ਮੇਰਾ ਸੀ ਤੇ ਦੂਜਾ ਸਾਡੇ ਇੱਕ ਦੋਸਤ ਦੇ ਜੀਜੇ ਕੋਲੋਂ ਲੈਣ ਲਈ ਮੇਰੇ ਸਕੂਟਰ ’ਤੇ ਰੋਪੜ ਨੂੰ ਚਾਲੇ ਪਾ ਦਿੱਤੇ। ਉੱਥੋਂ ਸਕੂਟਰ ਲੈ ਕੇ ਸਰਹਿੰਦ ਵਾਪਸ ਆਉਣ ਉਪਰੰਤ ਇੱਕ ਹੋਰ ਦੋਸਤ ਤੋਂ ਵਾਕ-ਮੈਨ ਤੇ ਰੀਲਾਂ ਵਾਲਾ ਕੈਮਰਾ ਲੈ ਕੇ ਅਸੀਂ ਤਿੰਨੇ ਜਣੇ ਉਸੇ ਸ਼ਾਮ ਚੱਲ ਪਏ। ਨਾ ਸਕੂਟਰ ਚੰਗੀ ਤਰ੍ਹਾਂ ਚਲਾਉਣਾ ਆਉਂਦਾ ਸੀ ਤੇ ਨਾ ਪਤਾ ਸੀ ਕਿ ਕਿੰਨੇ ਕਿਲੋਮੀਟਰ ਹੈ, ਕਿੰਨੇ ਪੈਸੇ ਚਾਹੀਦੇ ਹਨ, ਕਿੰਨਾ ਪੈਟਰੋਲ ਲੱਗੇਗਾ ਆਦਿ। ਘਰ ਬਹਾਨਾ ਲਾਇਆ ਕਿ ਅੰਬਾਲੇ ਇੱਕ ਦੋਸਤ ਦੀ ਭੈਣ ਦੇ ਦਿਉਰ ਦਾ ਵਿਆਹ ਹੈ। ਉਨ੍ਹਾਂ ਨਾਲ ਕੰਮ ਕਰਵਾਉਣ ਲਈ ਦੋ-ਤਿੰਨ ਦਿਨ ਪਹਿਲਾਂ ਜਾਣਾ ਹੈ। ਔਖੇ-ਸੌਖੇ ਘਰਦਿਆਂ ਨੂੰ ਮਨਾ ਲਿਆ। ਉਦੋਂ ਜੇਬ੍ਹ ਵਿੱਚ ਪੈਸੇ ਵੀ ਓਨੇ ਕੁ ਹੀ ਹੁੰਦੇ ਸਨ। ਰਸਤੇ ’ਚ ਪੈਟਰੋਲ ਬਚਾਉਣ ਦੀ ਸਕੀਮ ਤਹਿਤ ਇੱਕ ਰੱਸੀ ਲਈ ਤੇ ਸਕੂਟਰ ਨੂੰ ਟੋਚਣ ਪਾ ਲਿਆ। ਕਦੇ ਇੱਕ ਸਕੂਟਰ ਮੂਹਰੇ ਤੇ ਕਦੇ ਦੂਜਾ। ਭਾਵ 400-500 ਰੁਪਏ ਪਿੱਛੇ ਆਪਣੀਆਂ ਜ਼ਿੰਦਗੀਆਂ ਦਾਅ ’ਤੇ ਲਾਈ ਰੱਖੀਆਂ, ਪਰ ਉਦੋਂ ਇੰਨੀ ਸਮਝ ਕਿੱਥੇ ਸੀ। ਘੁੰਮਦੇ-ਘੁੰਮਾਉਂਦੇ ਸ਼ਾਹਬਾਦ ਮਾਰਕੰਡੇ ਜਾ ਪਹੁੰਚੇ ਜਿੱਥੇ ਇੱਕ ਦੋਸਤ ਦੇ ਰਿਸ਼ਤੇਦਾਰਾਂ ਦੇ ਘਰ ਪਹਿਲੀ ਰਾਤ ਕੱਟੀ। ਦੂਜੇ ਦਿਨ ਤੜਕੇ ਨਾਸ਼ਤਾ ਕਰ ਕੇ ਅੱਗੇ ਦੇ ਚਾਲੇ ਪਾ ਦਿੱਤੇ। ਉੱਥੋਂ ਤਿੰਨ-ਚਾਰ ਘੰਟੇ ਬਾਅਦ ਹਰਿਦੁਆਰ ਪਹੁੰਚ ਗਏ। ਉੱਥੇ ਕਿੰਨੀ ਦੇਰ ਗੰਗਾ ਨਦੀ ਕਿਨਾਰੇ ਫੋਟੋਆਂ ਖਿੱਚਦੇ ਰਹੇ। ਇੱਕ ਰੀਲ ਤਾਂ ਉੱਥੇ ਹੀ ਮੁਕਾ ਦਿੱਤੀ। ਕੈਮਰੇ ’ਚ ਨਵੀਂ ਰੀਲ ਪਵਾਉਣ ਲਈ ਬਾਜ਼ਾਰ ਚਲੇ ਗਏ। ਉੱਥੇ ਇੱਕ ਗੁਰਦੁਆਰਾ ਸੀ ਜਿੱਥੇ ਲੰਗਰ ਛਕਣ ਲੱਗ ਪਏ। ਅਸੀਂ ਸੋਚਿਆ ਕਿ ਇੱਥੋਂ 30 ਕੁ ਕਿਲੋਮੀਟਰ ਹੀ ਰਹਿ ਗਿਆ ਹੈ, ਸੋ ਆਰਾਮ ਨਾਲ ਚੱਲਾਂਗੇ। ਉੱਥੇ ਕਿਸੇ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਰਿਸ਼ੀਕੇਸ਼ ਤੋਂ 300 ਕਿਲੋਮੀਟਰ ਦਾ ਪਹਾੜੀ ਸਫ਼ਰ ਤੈਅ ਕਰਨ ਤੋਂ ਬਾਅਦ ਆਉਂਦੈ ਹੇਮਕੁੰਟ ਸਾਹਿਬ। ਇਹ ਸੁਣ ਕੇ ਤਾਂ ਸਾਡੇ ਸਾਹ ਹੀ ਸੁੱਕ ਗਏ। ਸਾਰੇ ਜਣਿਆਂ ਨੇ ਫ਼ੈਸਲਾ ਕੀਤਾ ਕਿ ਇਮਾਨਦਾਰੀ ਨਾਲ ਆਪਣੀਆਂ-ਆਪਣੀਆਂ ਜੇਬਾਂ ’ਚ ਦੇਖੋ ਕਿ ਕਿੰਨੇ ਕੁ ਪੈਸੇ ਹਨ ਕਿਉਂਕਿ ਹੁਣ ਦੁਬਾਰਾ ਟੈਂਕੀਆਂ ਪੈਟਰੋਲ ਨਾਲ ਫੁੱਲ ਕਰਵਾਉਣੀਆਂ ਪੈਣੀਆਂ ਸਨ। ਉਦੋਂ ਨਾ ਤਾਂ ਏ.ਟੀ.ਐਮ. ਤੇ ਨਾ ਹੀ ਮੋਬਾਈਲ ਫੋਨ ਹੁੰਦੇ ਸਨ। ਦੂਜੇ ਦਿਨ ਇੱਕ ਸਕੂਟਰ ਰਿਸ਼ੀਕੇਸ਼ ਖੜ੍ਹਾ ਕਰ ਕੇ ਦੂਜੇ ’ਤੇ ਤਿੰਨ ਜਣਿਆਂ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ।

ਪਿੰਡ ਮਾਨਾ ਵਿਖੇ ਦੇਸ਼ ਦੀ ਅਖੀਰਲੀ ਦੁਕਾਨ।

ਰਿਸ਼ੀਕੇਸ਼ ਦੇ ਨਜ਼ਦੀਕ ਹੀ ਲਛਮਣ ਝੂਲਾ ਹੈ। ਇੱਥੇ ਤਪੋਬਨ ਨਾਮਕ ਸਥਾਨ ’ਤੇ ਭਾਰਤੀ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਸੈਲਾਨੀ ਵੀ ਆਉਂਦੇ ਰਹਿੰਦੇ ਹਨ। ਗੰਗਾ ਨਦੀ ਕਿਨਾਰੇ ਅਨੇਕਾਂ ਹੀ ਯੋਗ ਕੇਂਦਰ ਖੁੱਲ੍ਹੇ ਹੋਏ ਹਨ ਜਿੱਥੇ ਜਾ ਕੇ ਸੈਲਾਨੀ ਮੈਡੀਟੇਸ਼ਨ ਕਰ ਕੇ ਅਸੀਮਸ਼ਾਂਤੀ ਮਹਿਸੂਸ ਕਰਦੇ ਹਨ। ਉੱਪਰ ਪਹੁੰਚ ਕੇ ਅਲਕਨੰਦਾ ਨਾਂ ਨਾਲ ਜਾਣਿਆ ਜਾਂਦਾ ਦਰਿਆ ਹੈ ਜੋ ਇੱਥੇ ਗੰਗਾ ਨਦੀ ਅਖਵਾਉਂਦਾ ਹੈ। ਰਸਤੇ ’ਚ ਇੱਕ ਪਾਸੇ ਬੇਹੱਦ ਡੂੰਘੀਆਂ ਖਾਈਆਂ ਤੇ ਦੂਜੇ ਪਾਸੇ ਅਸਮਾਨ ਛੂੰਹਦੇ ਉੱਚੇ ਪਹਾੜ। ਆਪਣੇ ਤੋਂ ਹੇਠਾਂ ਛਾਏ ਬੱਦਲਾਂ ਨੂੰ ਦੇਖ ਮਨ ਰੁਮਾਂਚਿਤ ਹੋ ਉੱਠਿਆ। ਖੁੱਲ੍ਹੇ ਝਰਨਿਆਂ ਹੇਠ ਨਹਾਉਣ ਦਾ ਨਜ਼ਾਰਾ ਅੱਜ ਵੀ ਚੇਤੇ ਹੈ। ਨਾਗ ਵਾਂਗ ਵਲ-ਵਲੇਵੇਂ ਖਾਂਦੀਆਂ ਸੜਕਾਂ, ਉੱਚੇ ਨੀਵੇਂ ਹਜ਼ਾਰਾਂ ਕੂਹਣੀ ਮੋੜ, ਕਦੇ ਮੀਂਹ ਤੇ ਕਦੇ ਧੁੱਪ ’ਚ ਬੇਪ੍ਰਵਾਹ ਅਸੀਂ ਆਪਣੀ ਮੰਜ਼ਿਲ ਵੱਲ ਵਧਦੇ ਗਏ। ਕੁਦਰਤ ਨਾਲ ਇਕਮਿਕ ਹੋਣ ਦਾ ਉਹ ਪਹਿਲਾ ਅਹਿਸਾਸ ਕਦੇ ਨਹੀਂ ਭੁੱਲ ਸਕਦੇ। ਇੰਨੇ ਔਖੇ ਰਸਤਿਆਂ ’ਚ ਦੌੜਾਂ ਵੀ ਲਾਈਆਂ। ਬੱਸ ਕਰਮ ਚੰਗੇ ਸੀ ਜਾਂ ਰੱਬ ਦੀ ਸੁਵੱਲੀ ਨਜ਼ਰ ਸੀ ਸਾਡੇ ਉੱਤੇ। ਡਰਾਈਵਿੰਗ ’ਚ ਰਤਾ ਵੀ ਲਾਪਰਵਾਹੀ ਜਾਨਲੇਵਾ ਸਾਬਿਤ ਹੋ ਸਕਦੀ ਸੀ।
ਰਿਸ਼ੀਕੇਸ਼ ਤੋਂ ਚੱਲ ਕੇ ਅੱਗੇ ਸ੍ਰੀਨਗਰ ਸ਼ਹਿਰ ਆਉਂਦਾ ਹੈ ਜੋ ਅਲਕਨੰਦਾ ਕਿਨਾਰੇ ਹੀ ਵੱਸਿਆ ਹੋਇਆ ਹੈ। ਸ੍ਰੀਨਗਰ ਹੁੰਦੇ ਹੋਏ ਸੁਕਾਰਤਾ, ਖਾਸਕਾਰਾ, ਨਰਕੋਟਾ ਆਦਿ ਛੋਟੇ-ਛੋਟੇ ਕਸਬੇ ਲੰਘਣ ਉਪਰੰਤ ਰੁਦਰਪ੍ਰਯਾਗ ਪਹੁੰਚ ਗਏ ਜਿੱਥੇ ਦਰਿਆ ਅਲਕਨੰਦਾ ਅਤੇ ਮੰਦਾਕਨੀ ਨਦੀ ਦਾ ਸੰਗਮ ਹੁੰਦਾ ਹੈ। ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ 5 ਪ੍ਰਯਾਗ ਆਉਂਦੇ ਹਨ। ਪਹਿਲਾ ਸ੍ਰੀਨਗਰ ਤੋਂ ਪਹਿਲਾਂ ਹੀ ਦੇਵ ਪ੍ਰਯਾਗ ਹੈ ਜਿੱਥੇ ਅਲਕਨੰਦਾ ਤੇ ਭਗੀਰਥੀ ਦਾ ਸੁਮੇਲ ਹੁੰਦਾ ਹੈ। ਅੱਗੇ ਚੱਲ ਕੇ ਤੀਜਾ ਕਰਨ ਪ੍ਰਯਾਗ ਆਉਂਦਾ ਹੈ ਜਿੱਥੇ ਭਿੰਡਰ ਗੰਗਾ ਦਾ ਅਲਕਨੰਦਾ ਦੀਆਂ ਲਹਿਰਾਂ ਦੇ ਸੰਗਮ ਨੂੰ ਦੇਖ ਕੇ ਮਨ ਵਿਸਮਾਦ ਵਿੱਚ ਪਹੁੰਚ ਗਿਆ। ਕਰਨ ਪ੍ਰਯਾਗ ਲੰਘਣ ਉਪਰੰਤ ਥੋੜ੍ਹੀ ਦੂਰੀ ’ਤੇ ਅਸੀਂ ਨੰਦ ਪ੍ਰਯਾਗ ਪਹੁੰਚ ਗਏ। ਚੱਲਦੇ-ਚੱਲਦੇ ਪਿੱਪਲ ਖੋਟੀ ਤੋਂ ਅਗਲੇ ਪੜਾਅ ਜੋਸ਼ੀਮੱਠ ਜਾ ਕੇ ਸਕੂਟਰ ਨੂੰ ਬਰੇਕਾਂ ਲਗਾਈਆਂ। ਇੱਥੇ ਇਤਿਹਾਸਕ ਗੁਰਦੁਆਰਾ ਦੁਸ਼ਟ ਦਮਨ ਸਾਹਿਬ ਵਿਖੇ ਲੰਗਰ ਪਾਣੀ ਛਕ ਕੇ ਕੁਝ ਦੇਰ ਆਰਾਮ ਕੀਤਾ। ਜੋਸ਼ੀਮੱਠ ਤੋਂ ਗੋਬਿੰਦ ਘਾਟ ਤੱਕ 25 ਕਿਲੋਮੀਟਰ ਲਗਾਤਾਰ ਚੜ੍ਹਾਈ ਆਉਂਦੀ ਹੈ ਜਿੱਥੇ ਰਸਤਾ ਤੰਗ ਹੋਣ ਕਰ ਕੇ ਆਵਾਜਾਈ ਇੱਕ ਤਰਫ਼ਾ ਹੀ ਰਹਿ ਜਾਂਦੀ ਹੈ। ਇੱਥੇ ਪਹੁੰਚਦਿਆਂ ਤੱਕ ਸ਼ਾਮ ਵਾਂਗ ਹਨੇਰਾ ਹੋਣ ’ਤੇ ਇਕਹਿਰਾ ਚੜ੍ਹਾਈ ਵਾਲਾ ਰਸਤਾ ਹੋਣ ਕਾਰਨ ਡਰ ਵੀ ਲੱਗਦਾ ਹੈ। ਇਸ ਰਸਤੇ ’ਤੇ ਹੀ ਵਿਸ਼ਨੂੰ ਪ੍ਰਯਾਗ ਆ ਜਾਂਦਾ ਹੈ। ਸ੍ਰੀਨਗਰ, ਰੁਦਰ ਪਰਿਆਗ, ਪਿੱਪਲ ਖੋਟੀ, ਜੋਸ਼ੀਮੱਠ ਹੁੰਦੇ ਹੋਏ ਸ਼ਾਮੀ ਕਰੀਬ ਛੇ-ਸੱਤ ਵਜੇ ਯਾਤਰਾ ਦੇ ਪਹਿਲੇ ਪੜਾਅ ਗੋਬਿੰਦ ਘਾਟ ਵਿਖੇ ਸਕੂਟਰ ਪਾਰਕਿੰਗ ’ਚ ਲਾ ਕੇ ਚੈਨ ਮਿਲਿਆ। ਇੱਥੇ ਅਲਕਨੰਦਾ ਤੇ ਹੇਮ ਗੰਗਾ ਦਾ ਸੰਗਮ ਹੁੰਦਾ ਹੈ ਜੋ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਅੰਮ੍ਰਿਤ ਸਰੋਵਰ ’ਚੋਂ ਨਿਕਲਦੀ ਹੈ। ਇਹ ਅਸਥਾਨ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇੱਥੋਂ ਹੀ ਯਾਤਰੀ ਹੇਮਕੁੰਟ ਸਾਹਿਬ ਤੋਂ ਇਲਾਵਾ ਬਦਰੀਨਾਥ, ਫੁੱਲਾਂ ਦੀ ਘਾਟੀ ਆਦਿ ਦੇਖਣ ਜਾਂਦੇ ਹਨ।
ਇਸ ਪੜਾਅ ਤੋਂ ਅੱਗੇ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ। ਜਿਹੜੇ ਮੈਦਾਨੀ ਇਲਾਕੇ ’ਚ ਇੱਕ ਕਿਲੋਮੀਟਰ ਵੀ ਨਹੀਂ ਤੁਰ ਸਕਦੇ, ਉਹ ਇੱਥੇ ਲੰਮੀਆਂ ਤੇ ਉੱਚੀਆਂ ਚੜ੍ਹਾਈਆਂ ਸਹਿਜੇ ਹੀ ਚੜ੍ਹ ਜਾਂਦੇ ਹਨ। ਅਗਲੇ ਦਿਨ 13 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ। ਗੋਬਿੰਦ ਘਾਟ ਤੋਂ ਪੈਦਲ ਯਾਤਰਾ ਸ਼ੁਰੂ ਹੁੰਦੇ ਹੀ ਹੇਮ ਗੰਗਾ ’ਤੇ ਬਣਿਆ ਪੁਲ ਪਾਰ ਕੀਤਾ, ਜਿਸ ਨੂੰ ਪਾਰ ਕਰ ਕੇ ਸੰਗਤਾਂ ਲੋਕ ਪਾਲ ਦੀ ਧਰਤੀ ’ਤੇ ਪਹੁੰਚ ਜਾਂਦੀਆਂ ਹਨ। ਇੱਥੇ ਪਹੁੰਚ ਕੇ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਅਸੀਂ ਕਿਸੇ ਹੋਰ ਹੀ ਦੁਨੀਆ ’ਚ ਆ ਗਏ ਹੋਈਏ। ਅਸੀਂ ਉੱਪਰ ਗੁਰਦੁਆਰਾ ਸਾਹਿਬ ਪਹੁੰਚ ਕੇ ਫੋਟੋਆਂ ਖਿੱਚਣ ਦੇ ਚਾਅ ’ਚ ਪੱਗਾਂ ਤੇ ਹੋਰ ਕੱਪੜਿਆਂ ਨਾਲ ਬੈਗ ਭਰ ਲਿਆ। ਰਸਤੇ ’ਚ ਉਹੀ ਬੈਗ ਕੁਇੰਟਲ ਭਾਰ ਦੇ ਬਰਾਬਰ ਲੱਗਿਆ ਜਿਸ ਨੂੰ ਚੁੱਕਣ ਲਈ ਸਾਡੀ ਕਈ ਵਾਰੀ ਆਪਸ ’ਚ ਲੜਾਈ ਵੀ ਹੋਈ। ਉੱਪਰੋਂ ਵਾਪਸ ਆਉਂਦੀ ਸੰਗਤ ਦੇ ਹੌਸਲੇ ਸਦਕਾ ਸ਼ਾਮੀ 5 ਕੁ ਵਜੇ ਅਸੀਂ ਯਾਤਰਾ ਦੇ ਦੂਜੇ ਪੜਾਅ ਗੋਬਿੰਦ ਘਾਟ ਵਿਖੇ ਪਹੁੰਚ ਗਏ। ਇਹ ਰਸਤਾ ਵੀ ਖ਼ਤਰਿਆਂ ਭਰਿਆ ਹੋਣ ਦੇ ਬਾਵਜੂਦ ਰੁਮਾਂਚ ਭਰਦਾ ਹੈ। ਗੋਬਿੰਦ ਧਾਮ ਦੀ ਸਮੁੰਦਰੀ ਤਲ ਤੋਂ ਉਚਾਈ 10,000 ਫੁੱਟ ਹੈ। ਇੱਥੇ ਲਛਮਣ ਅਤੇ ਪੁਸ਼ਪਾ ਨਦੀ ਦਾ ਮਿਲਾਪ ਹੁੰਦਾ ਹੈ ਜਿਸ ਨੂੰ ਘਾਘਰੀਆ ਕਿਹਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਇਸ ਥਾਂ ’ਤੇ ਬਹੁਤ ਨੁਕਸਾਨ ਹੋਇਆ ਸੀ। ਇੱਥੋਂ ਕੁਝ ਅੱਗੇ ਜਾ ਕੇ ਇੱਕ ਰਸਤਾ ਫੁੱਲਾਂ ਦੀ ਘਾਟੀ ਨੂੰ ਜਾਂਦਾ ਹੈ। ਇੱਥੇ ਲੰਗਰ ਲਈ ਰਸਦ ਪਹੁੰਚਾਉਣੀ ਬਹੁਤ ਮੁਸ਼ੱਕਤ ਭਰਿਆ ਕੰਮ ਹੈ। ਰਾਸ਼ਨ ਦਾ ਸਾਰਾ ਸਾਮਾਨ ਖੱਚਰਾਂ ’ਤੇ ਲੱਦ ਕੇ ਲੰਗਰ ਹਾਲ ’ਚ ਪਹੁੰਚਾਇਆ ਜਾਂਦਾ ਹੈ। ਸੋ ਉੱਥੇ ਜੂਠ ਛੱਡਣੀ ਖ਼ਾਸ ਤੌਰ ’ਤੇ ਵਰਜਿਤ ਹੈ। ਲੰਗਰ ਛਕਦਿਆਂ ਅਸੀਂ ਦੋ ਜਣਿਆਂ ਨੇ ਸਲਾਹ ਕਰ ਕੇ ਤੀਜੇ ਦੋਸਤ ਨੂੰ ਕਿਹਾ ਕਿ ਸਾਡੇ ਦੋਵਾਂ ਦੇ ਚੌਲ ਵੀ ਤੂੰ ਆਪਣੀ ਥਾਲ਼ੀ ’ਚ ਹੀ ਪਵਾ ਲੈ, ਆਪਾਂ ਇਕੱਠੇ ਹੀ ਛਕਾਂਗੇ। ਉਸ ਨੇ ਆਪਣੀ ਥਾਲ਼ੀ ਚੌਲਾਂ ਨਾਲ ਭਰਵਾ ਲਈ। ਪ੍ਰਸ਼ਾਦਾ ਛਕਣ ਉਪਰੰਤ ਅਸੀਂ ਉੱਠ ਕੇ ਜਾਣ ਲੱਗੇ ਤਾਂ ਉਹ ਕਹਿੰਦਾ ਕਿ ਆਪਣੇ ਚੌਲ ਵੀ ਖਾਓ। ਅਸੀਂ ਕਿਹਾ ਕਿ ਤੂੰ ਪਵਾਏ ਹਨ ਤੇ ਤੂੰ ਹੀ ਛਕ ਹੁਣ ਆਪੇ। ਸਾਨੂੰ ਮੰਦਾ ਬੋਲਦਾ, ਉਹ ਵੀ ਚੌਲਾਂ ਦੀ ਭਰੀ ਆਪਣੀ ਥਾਲ਼ੀ ਚੁੱਕ ਕੇ ਸਾਡੇ ਪਿੱਛੇ ਹੀ ਆ ਗਿਆ। ਅੱਗੇ ਦਰਵਾਜ਼ੇ ’ਤੇ ਬਾਬਾ ਡਾਂਗ ਲਈ ਬੈਠਾ ਸੀ। ਅਸੀਂ ਫੱਟ ਦੇਣੇ ਬਾਬੇ ਨੂੰ ਉਸ ਬਾਬਤ ਦੱਸ ਦਿੱਤਾ। ਬਾਬੇ ਨੇ ਉਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਤੇ ਜ਼ਬਰਦਸਤੀ ਸਾਰੇ ਚੌਲ ਖਵਾਉਣ ਤੋਂ ਬਾਅਦ ਹੀ ਬਾਹਰ ਜਾਣ ਦਿੱਤਾ।
ਅਗਲੀ ਸਵੇਰ ਛੇ ਕਿਲੋਮੀਟਰ ਦੀ ਸਿੱਧੀ ਚੜ੍ਹਾਈ ਚੜ੍ਹਦਿਆਂ ਸਾਰ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਇਸ਼ਨਾਨ ਕੀਤਾ ਜਿਸ ਨਾਲ ਪਲਾਂ ’ਚ ਹੀ ਸਾਰੀ ਥਕਾਵਟ ਖੰਭ ਲਾ ਕੇ ਕਿੱਧਰੇ ਉੱਡ ਗਈ। ਉੱਚੀਆਂ-ਉੱਚੀਆਂ ਪਹਾੜੀਆਂ ’ਚ ਘਿਰਿਆ ਗੁਰਦੁਆਰਾ ਹੇਮਕੁੰਟ ਸਾਹਿਬ। ਬਰਫ਼ ਨਾਲੋਂ ਠੰਢਾ ਸਰੋਵਰ ਦਾ ਨੀਲੇ ਰੰਗ ਦਾ ਪਾਣੀ। ਇਸ਼ਨਾਨ ਕਰਨ ਉਪਰੰਤ ਲੰਗਰ ਦੀ ਬਦਾਮਾਂ ਵਾਲੀ ਚਾਹ ਪੀਤੀ। ਫਿਰ ਦਰਬਾਰ ਸਾਹਿਬ ’ਚ ਅਰਦਾਸ ਹੋਈ। ਉੱਥੇ ਯਾਦਗਾਰੀ ਤਸਵੀਰਾਂ ਲੈਣ ਉਪਰੰਤ ਨਾ ਚਾਹੁੰਦਿਆਂ ਵੀ ਵਾਪਸ ਚੱਲ ਪਏ। ਪੈਦਲ ਚੜ੍ਹਨ ਨਾਲੋਂ ਉਤਰਨਾ ਸੌਖਾ ਸੀ। ਇਸ ਲਈ ਅਸੀਂ ਵਾਪਸੀ ’ਤੇ 13 ਦੀ ਥਾਂ 19 ਕਿਲੋਮੀਟਰ ਦਾ ਪੈਂਡਾ ਉਸੇ ਦਿਨ ਤੈਅ ਕਰ ਕੇ 25 ਕਿਲੋਮੀਟਰ ਪੈਦਲ ਤੁਰੇ। ਹਨੇਰਾ ਹੋਣ ’ਤੇ ਇੱਕ ਵਾਰੀ ਗ਼ਲਤ ਪਗਡੰਡੀ ਵੀ ਪੈ ਗਏ ਤੇ ਕਾਫ਼ੀ ਦੂਰੋਂ ਵਾਪਸ ਆ ਕੇ ਸਹੀ ਰਸਤੇ ਪਏ।
ਅਗਲੇ ਦਿਨ ਬਦਰੀਨਾਥ ਜਾਣ ਲਈ ਸਕੂਟਰ ਸਟਾਰਟ ਕੀਤਾ। ਇੰਨੇ ਨੂੰ ਖ਼ਬਰ ਸੁਣਨ ਨੂੰ ਮਿਲੀ ਕਿ ਕੱਲ੍ਹ ਬਦਰੀਨਾਥ ਤੋਂ ਵਾਪਸ ਆਉਂਦਾ ਇੱਕ ਮੋਟਰਸਾਈਕਲ ਨਦੀ ’ਚ ਰੁੜ੍ਹ ਗਿਆ ਹੈ। ਨਾਲ ਹੀ ਅਸੀਂ ਸਕੂਟਰ ਉੱਥੇ ਹੀ ਖੜ੍ਹਾ ਕਰ ਦਿੱਤਾ ਤੇ ਦਿੱਲੀ ਦੀ ਸੰਗਤ ਦੀ ਇੱਕ ਬੱਸ ’ਚ ਲਿਫਟ ਲੈ ਲਈ। 20 ਕਿਲੋਮੀਟਰ ਦਾ ਪਹਾੜੀ ਸਫ਼ਰ ਬੱਸ ਨੇ 2 ਘੰਟਿਆਂ ’ਚ ਤੈਅ ਕੀਤਾ। ਉੱਥੇ ਬਦਰੀਨਾਥ ਦੇ ਦਰਸ਼ਨ ਕੀਤੇ ਤੇ ਭਾਰਤ ਦਾ ਚੀਨ ਦੀ ਸਰਹੱਦ ਨਾਲ ਲੱਗਦਾ ਆਖ਼ਰੀ ਪਿੰਡ ਮਾਨਾ ਵੀ ਦੇਖਿਆ ਜਿਸ ਨੂੰ ਅੱਜ ਭਾਰਤ ਦਾ ਪਹਿਲਾ ਪਿੰਡ ਕਿਹਾ ਜਾਂਦਾ ਹੈ। ਸ਼ਾਮ ਚਾਰ ਕੁ ਵਜੇ ਹੀ ਦਿਨ ਛਿਪ ਗਿਆ। ਉਸੇ ਬੱਸ ’ਚ ਵਾਪਸ ਆ ਕੇ ਰਾਤ ਨੂੰ ਗੁਰਦੁਆਰੇ ਦੇ ਹਾਲ ’ਚ ਆਰਾਮ ਕੀਤਾ। ਸਵੇਰੇ ਸੁਵਖਤੇ ਆਪਣਾ ਸਕੂਟਰ ਚੁੱਕ ਵਾਪਸੀ ਕਰ ਦਿੱਤੀ। ਰਸਤੇ ’ਚ ਹੁੱਲੜਬਾਜ਼ੀ ਕਰਦਿਆਂ ਇੱਕ-ਦੋ ਵਾਰੀ ਡਿੱਗ ਕੇ ਸੱਟਾਂ ਵੀ ਖਾਧੀਆਂ ਕਿਉਂਕਿ ਉਸ ਵਕਤ ਜ਼ਿੰਦਗੀ ਦੀ ਕੀਮਤ ਕਿੱਥੇ ਪਤਾ ਸੀ। ਪਹਾੜੀ ਰਸਤਿਆਂ ਨਾਲ ਦੋ-ਦੋ ਹੱਥ ਕਰਦੇ ਸਹੀ ਸਲਾਮਤ ਵਾਪਸ ਰਿਸ਼ੀਕੇਸ਼ ਪੁੱਜ ਗਏ ਜਿੱਥੋਂ ਅਗਲੇ ਦਿਨ ਆਪੋ-ਆਪਣੇ ਘਰ ਪਹੁੰਚ ਗਏ। ਘਰਦਿਆਂ ਨੂੰ ਪਤਾ ਲੱਗਣ ’ਤੇ ਘਰੋਂ ਝਿੜਕਾਂ ਤਾਂ ਮਿਲਣੀਆਂ ਹੀ ਸਨ। ਇਸ ਪਹਿਲੀ ਤੇ ਔਖੀ ਯਾਤਰਾ ਦੀ ਯਾਦ ਅੱਜ ਵੀ ਸਾਡੇ ਚੇਤਿਆਂ ’ਚ ਮਹਿਫ਼ੂਜ਼ ਪਈ ਹੈ। ਇੰਨੇ ਸਾਲ ਬੀਤਣ ਦੇ ਬਾਵਜੂਦ ਦੁਬਾਰਾ ਉੱਥੇ ਜਾਣ ਦਾ ਕਦੇ ਸਬੱਬ ਨਾ ਬਣ ਸਕਿਆ।
ਸੰਪਰਕ: 98889-40211

Advertisement

Advertisement
Advertisement