For the best experience, open
https://m.punjabitribuneonline.com
on your mobile browser.
Advertisement

ਕਾਵਿ ਕਿਆਰੀ

12:32 PM Jul 14, 2024 IST
ਕਾਵਿ ਕਿਆਰੀ
Advertisement

ਗ਼ਜ਼ਲ

ਰਣਜੀਤ ਕੌਰ ਰਤਨ
ਚਾਰੇ ਪਾਸੇ ਮੌਜ ਬਹਾਰਾਂ, ਰੂਹ ਦੇ ਕਾਸੇ ਖਾਲ਼ੀ।
ਦੂਰ ਗਿਆਂ ਦੀ ਪੈੜ ਮਿਲੇ ਨਾ, ਹੋਏ ਨੈਣ ਸਵਾਲੀ।
ਬਿਰਹਾ ਦੀ ਭੱਠੀ ਵਿੱਚ ਭੁੱਜਣ, ਦੁੱਖਾਂ ਵਾਲੇ ਦਾਣੇ,
ਚਾਵਾਂ ਵਾਲਾ ਬਾਲਣ ਪਾ ਕੇ, ਕੈਸੀ ਅਗਨੀ ਬਾਲ਼ੀ।
ਜ਼ਾਲਮ ਦੇ ਮੂੰਹਾਂ ਨੂੰ ਭੰਨਣ, ਇਸਦੇ ਧੀਆਂ ਪੁੱਤਰ,
ਦੇਸ਼ ਮਿਰੇ ਦੀ ਮਿੱਟੀ ਵੇਖੋ, ਕਿੰਨੀ ਅਣਖਾਂ ਵਾਲੀ।
ਜੰਗਲ ਬੇਲੇ ਵੱਢ ਮੁਕਾਏ, ਬੰਜਰ ਧਰਤ ਬਣਾਈ,
ਹਲ਼ ਹੁਣ ਕਿੱਥੇ ਹਾਲੀ ਜੋੜੇ,  ਵੱਗ ਚਰਾਵੇ ਪਾਲ਼ੀ।
ਅੱਖਾਂ ਦੇ ਵਿੱਚ ਖਾਬਾਂ ਵਾਲੇ, ਲੱਖਾਂ ਜੁਗਨੂੰ ਲਿਸ਼ਕਣ,
ਮੁਖੜੇ ਉੱਤੋਂ ਡਲ੍ਹਕਾਂ ਮਾਰੇ, ਇਸ਼ਕ ਤਿਰੇ ਦੀ ਲਾਲੀ।

ਚਿੜੀਏ

 ਮਨਜੀਤ ਸਿੰਘ ਬੱਧਣ
ਉੱਡ ਜਾ ਚਿੜੀਏ! ਮਰ ਜਾ ਚਿੜੀਏ!
ਇਹ ਕੀ ਗੱਲ ਹੋਈ! ਦੱਸ ਜਾ ਚਿੜੀਏ।
ਇਹ ਕੋਈ ਗੱਲ ਨਾ ਹੋਈ ਸੁਣ ਜਾ ਚਿੜੀਏ।
ਆ ਜਾ ਚਿੜੀਏ ਬਹਿ ਜਾ ਚਿੜੀਏ...
ਡਰ ਨਾ, ਤੈਨੂੰ ਸਦਾ ਕੋਲ ਨਾ ਰੱਖਣਾ।
ਇਹ ਵਿਹੜਾ ਅਸਾਂ ਵੀ ਕਰਨਾ ਸੱਖਣਾ।
ਚੁਗ ਲੈ ਕੁਝ ਦਾਣੇ ਬਰਕਤ ਪਾ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਕਿਸੇ ਵੇਲ਼ੇ ਘਰ ਘਰ ਥੋਡਾ ਡੇਰਾ ਸੀ।
ਵਾਂਙ ਫੱਕਰਾਂ ਥੋਡਾ ਨਿੱਤ ਦਾ ਫੇਰਾ ਸੀ।
ਪੱਕੇ ਘਰੀਂ ਕੱਚਿਆਂ ਨੂੰ ਖ਼ੈਰ ਪਾ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਥੋਡਾ ਚੁਹਕਣਾ ਹੁੰਦਾ ਸੀ ਦਿਨ ਦਾ ਚੜ੍ਹਨਾ।
ਚਾਟੀ ਵਿੱਚ ਮਧਾਣੀ ਕਿਤੇ ਦੁੱਧ ਦਾ ਕੜ੍ਹਨਾ।
ਬੜਾ ਕੁਝ ਖੁੰਝਿਆ, ਯਾਦ ਕਰਾ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਝੱਟ ਛੱਡ ਚਰਖਾ ਬੇਬੇ ਉੱਠ ਭੱਜੀ ਸੀ,
ਤੇਰੀ ਵੱਡੀ ਵਡੇਰੀ ਪੱਖੇ ਜਾ ਵੱਜੀ ਸੀ।
ਬੇਰੀ ਹੇਠਾਂ ਦੱਬੀ, ਪਲਕਾਂ ਸੁਕਾ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਨੀ ਚਿੜੀਏ ਅਸੀਂ ਤਰੱਕੀ ਕਰ ਗਏ!
ਜਿੱਤਦੇ ਜਿੱਤਦੇ ਬੜਾ ਕੁਝ ਹਰ ਗਏ!
ਸਾਨੂੰ ਮੁੜ ਇਨਸਾਨ ਬਣਾ ਜਾ ਅੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਕਹਿੰਦੇ ਕੁੜੀਆਂ ਚਿੜੀਆਂ ਹੁੰਦੀਆਂ।
ਫੇਰ ਅੱਖੀਆਂ ਨਾ ਗਿੜੀਆਂ ਹੁੰਦੀਆਂ।
ਸਜਾ ਸੁਫ਼ਨੇ ਇਨ੍ਹਾਂ ਤਾਈਂ ਹਸਾ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...
ਜਿੰਦੜੀ ਤੇਰੀ, ਖੰਭ ਤੇਰੇ, ਉਡਾਣ ਤੇਰੀ।
ਗੱਲਾਂ ਸੁਣ ਉੱਡੀਂ, ਮਰੀਂ ਨਾ, ਮੰਨ ਮੇਰੀ।
ਮੇਰੀ ਦਰਖ਼ਾਸਤ ਵੀ ਮੰਨ ਜਾ ਚਿੜੀਏ,
ਆ ਜਾ ਚਿੜੀਏ ਬਹਿ ਜਾ ਚਿੜੀਏ...

ਆਸਾਂ ਦੇ ਬੋਟ

 ਪ੍ਰਸ਼ੋਤਮ ਪੱਤੋ
ਜਾਹ ਨੀ ਭੈੜੀਏ ਹਸਰਤੇ
ਐਵੇਂ ਨਾ ਕੂਕਾਂ ਮਾਰ,
ਲੱਗਦਾ ਤੇਰਾ ਕੁਝ ਲੁਟ ਗਿਐ
ਇੱਥੇ ਤਾਂ ਹੁੰਦਾ ਰੋਜ਼ ਵਪਾਰ।
ਆਸਾਂ ਦੇ ਬੋਟ ਨੀ ਜਿੰਦੇ
ਗਿਰਝਾਂ ਲੈ ਗਈਆਂ ਖੋਹ,
ਵੇਖ ਲੈ ਅੜਿਆ ਚੀਰ ਕੇ
ਮੇਰੇ ਦਿਲ ਦਾ ਰੰਗ ਵਸਾਰ।
ਹਰ ਰੁੱਤ ਇੱਥੇ ਫੁੱਲ ਨੇ ਖਿੜਦੇ,
ਰੋਜ਼ ਹੀ ਇੱਥੇ ਫੁੱਲ ਪਏ ਮਿਧਦੇ
ਸੰਗਮਰੀ ਮਹਿਲਾਂ ਥੱਲੇ ਕੂਕ ਰਿਹਾ
ਭੁੱਖਣ ਭਾਣਿਆਂ ਦਾ ਗੁਲਜ਼ਾਰ।
ਅਹੁ ਕੋਈ ਗਿੱਲੀਆਂ ਪਾਥੀਆਂ
ਵਿੱਚ ਰਿਹਾ ਹੈ ਫੂਕਾਂ ਮਾਰ,
’ਕੱਠੇ ਕਰ ਕਰ ਤਿਣਕੇ-ਤੀਲ੍ਹੇ,
ਕਰ ਰਿਹਾ ਹੈ ਧੂਣੀ ਤਿਆਰ।
’ਕੱਠੇ ਹੋ ਕੇ ਜੰਗ ਜਿੱਤਣੀ
‘ਪੱਤੋ’ ਮਨਾਂ ’ਚੋਂ ਕੱਢ ਕੇ ਖਾਰ।
ਜਾਹ ਨੀ ਭੈੜੀਏ ਹਸਰਤੇ
ਐਵੇਂ ਨਾ ਕੂਕਾਂ ਮਾਰ।
ਸੰਪਰਕ: 98550-38775
Advertisement
Advertisement
Author Image

Advertisement