ਪੰਜਾਬ ਦੇ ਰਾਜਪਾਲ ਦਾ ਅਚਨਚੇਤ ਅਸਤੀਫ਼ਾ ਬਣਿਆ ਭੇਤ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਫਰਵਰੀ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਦਿੱਤੇ ਗਏ ਅਚਨਚੇਤ ਅਸਤੀਫ਼ੇ ਦਾ ਭੇਤ ਬਰਕਰਾਰ ਹੈ। ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਜ਼ੋਰ ਹੈ ਪਰ ਕਿਸੇ ਦੇ ਹੱਥ ਅਸਤੀਫ਼ੇ ਦੇ ਠੋਸ ਕਾਰਨ ਨਹੀਂ ਹਨ। ਚੇਤੇ ਰਹੇ ਕਿ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣੀ ਮਗਰੋਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ। ਪੁਰੋਹਿਤ ਦਾ ਬਤੌਰ ਰਾਜਪਾਲ ਪੰਜਾਬ ਵਿਚਲਾ ਕਾਰਜਕਾਲ ਵਿਵਾਦਤ ਰਿਹਾ ਹੈ ਅਤੇ ਕਈ ਸੰਵਿਧਾਨਕ ਮਾਮਲਿਆਂ ਵਿੱਚ ਵੀ ਅੜਿੱਕੇ ਖੜ੍ਹੇ ਕੀਤੇ ਗਏ। ਅਹਿਮ ਸੂਤਰਾਂ ਅਨੁਸਾਰ ਇਸ ਦਾ ਫੌਰੀ ਕਾਰਨ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਬਣੀ ਜਾਪਦੀ ਹੈ। ਬੇਸ਼ੱਕ ਪੁਰੋਹਿਤ ਭਾਜਪਾ ਹਾਈਕਮਾਂਡ ਦੇ ਇਸ਼ਾਰੇ ’ਤੇ ਹੀ ਕਦਮ ਪੁੱਟ ਰਹੇ ਸਨ ਪਰ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਚੰਡੀਗੜ੍ਹ ਨਿਗਮ ਦੇ ਮੇਅਰ ਦੀ ਚੋਣ ਵਿੱਚ ਜ਼ਿਆਦਤੀ ਕਾਰਨ ਕੌਮੀ ਪੱਧਰ ’ਤੇ ਪਾਰਟੀ ਦੀ ਸਾਖ਼ ਨੂੰ ਧੱਕਾ ਪਹੁੰਚਿਆ ਹੈ। ਚਰਚਾ ਹੈ ਕਿ ਚੰਡੀਗੜ੍ਹ ਦੇ ਬਤੌਰ ਪ੍ਰਸ਼ਾਸਕ ਪੁਰੋਹਿਤ ਨੇ ਮੇਅਰ ਦੀ ਚੋਣ ਜਿੱਤਣ ਲਈ ਸਿਆਸੀ ਸੰਜਮ ਤੇ ਹੁਸ਼ਿਆਰੀ ਨਾਲ ਕੰਮ ਨਹੀਂ ਲਿਆ। ਉਧਰ, ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦਰਸ਼ਨ ਕਰ ਕੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਸੀ। ਭਾਜਪਾ ਹਕੂਮਤ ਇਸ ਗੱਲੋਂ ਕਾਫੀ ਖ਼ਫਾ ਜਾਪ ਰਹੀ ਹੈ ਕਿ ਮੇਅਰ ਦੀ ਚੋਣ ਲਈ ਤਾਇਨਾਤ ਪ੍ਰੀਜ਼ਾਈਡਿੰਗ ਅਫਸਰ ਦੀ ਐਨ ਮੌਕੇ ਦੀ ਵੀਡੀਓ ਨਸ਼ਰ ਹੋਣ ਕਾਰਨ ਉਹ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਇੱਕ ਹਿੱਸੇ ਵਿੱਚ ਇਹ ਵੀ ਚਰਚਾ ਹੈ ਕਿ ਪੁਰੋਹਿਤ ਹੁਣ ਬਿਰਧ ਅਵੱਸਥਾ ਵਿੱਚ ਹਨ ਅਤੇ ਕੇਂਦਰੀ ਹਕੂਮਤ ਆਪਣੇ ਕਿਸੇ ਹੋਰ ਨੇੜਲੇ ਨੂੰ ਪੰਜਾਬ ਦਾ ਰਾਜਪਾਲ ਲਾਉਣ ਦੀ ਇੱਛੁਕ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਨੇੜੇ ਭਵਿੱਖ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਰਤ ਵਿੱਚ ਭਾਜਪਾ ਹਕੂਮਤ ਪੰਜਾਬ ਨਾਲ ਨਜਿੱਠਣ ਲਈ ਕਿਸੇ ਖਾਸ ਚਿਹਰੇ ਦੀ ਤਲਾਸ਼ ਵਿਚ ਹੈ। ਹਾਲਾਂਕਿ, ਬਨਵਾਰੀ ਲਾਲ ਪੁਰੋਹਿਤ ਆਰਐੱਸਐੱਸ ਦੇ ਸਥਾਨਕ ਆਗੂਆਂ ਨਾਲ ਘਿਓ-ਖਿਚੜੀ ਸਨ ਪਰ ਸੰਘ ਦੇ ਕੁੱਝ ਆਗੂ ਉਨ੍ਹਾਂ ਤੋਂ ਨਾਰਾਜ਼ ਚੱਲੇ ਆ ਰਹੇ ਸਨ। ਉਨ੍ਹਾਂ ਨੇ ਰਾਜਪਾਲ ਖ਼ਿਲਾਫ਼ ਕੇਂਦਰੀ ਲੀਡਰਸ਼ਿਪ ਤੱਕ ਸ਼ਿਕਾਇਤਾਂ ਕੀਤੀਆਂ ਸਨ। ਅਜਿਹੀਆਂ ਚਰਚਾਵਾਂ ਦੌਰਾਨ ਪੰਜਾਬ ਦਾ ਨਵਾਂ ਰਾਜਪਾਲ ਕੌਣ ਹੋਵੇਗਾ, ਨੂੰ ਲੈ ਕੇ ਵੀ ਅਨੁਮਾਨ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ ’ਤੇ ਸਿਆਸੀ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਿਰਨ ਬੇਦੀ ਨੂੰ ਪੰਜਾਬ ਦਾ ਰਾਜਪਾਲ ਲਗਾਇਆ ਜਾ ਸਕਦਾ ਹੈ ਅਤੇ ਗੁਜਰਾਤ ਦੇ ਕਿਸੇ ਆਈਪੀਐੱਸ ਅਧਿਕਾਰੀ ਦੀ ਤਾਇਨਾਤੀ ਦੀ ਵੀ ਚਰਚਾ ਹੈ।