For the best experience, open
https://m.punjabitribuneonline.com
on your mobile browser.
Advertisement

ਪੁਲੀਸ ਅਧਿਕਾਰੀਆਂ ਵੱਲੋਂ ਨਾਕਿਆਂ ਦੀ ਅਚਨਚੇਤ ਜਾਂਚ

06:30 AM Jul 03, 2023 IST
ਪੁਲੀਸ ਅਧਿਕਾਰੀਆਂ ਵੱਲੋਂ ਨਾਕਿਆਂ ਦੀ ਅਚਨਚੇਤ ਜਾਂਚ
ਨਾਕੇ ’ਤੇ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ। -ਫੋਟੋ: ਏਅੈੱਨਆਈ
Advertisement

ਨਵੀਂ ਦਿੱਲੀ, 2 ਜੁਲਾਈ
ਦਿੱਲੀ ਪੁਲੀਸ ਦੇ ਵਿਸ਼ੇਸ਼ ਪੁਲੀਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਬੀਤੀ ਦੇਰ ਰਾਤ ਦਿੱਲੀ ਦੇ ਕਈ ਇਲਾਕਿਆਂ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰਾਤ ਦੇ ਨਾਕਿਆ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਕੰਮ ਦਾ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਅਤੇ ਪੱਛਮੀ ਜ਼ਿਲ੍ਹਾ ਜਨਕਪੁਰੀ ਵਿੱਚ ਕਈ ਵਾਹਨ ਚਾਲਕਾਂ ਤੋਂ ਪੁੱਛਗਿੱਛ ਵੀ ਕੀਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਅਜਿਹੇ ਅਚਾਨਕ ਦੌਰੇ ਜਾਰੀ ਰਹਿਣਗੇ। ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ ਨੇ ਕਿਹਾ, ‘‘ਦਿੱਲੀ ਪੁਲੀਸ ਰਾਤ ਵੇਲੇ ਲਾਈ ਗਈ ਬੈਰੀਕੇਡਿੰਗ ਦੀ ਜਾਂਚ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਕਿੱਥੇ ਬੈਰੀਕੇਡ ਲਗਾਏ ਗਏ ਹਨ ਅਤੇ ਕਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਸੁਲਤਾਨਪੁਰੀ ਸਮੇਤ ਮੰਗੋਲਪੁਰੀ ਅਤੇ ਦਿੱਲੀ ਦੇ ਹੋਰ ਕਈ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ।’’ ਦਿੱਲੀ ਪੁਲੀਸ ਵੱਲੋਂ ਇਹ ਕਦਮ ਬੀਤੇ ਕੁੱਝ ਦਿਨਾਂ ਤੋਂ ਵਧੀਆਂ ਅਪਰਾਧਿਕ ਗਤੀਵਿਧੀਆਂ ਤੋਂ ਬਾਅਦ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਗਤੀ ਮੈਦਾਨ ਨੇੜੇ ਦਿਨ-ਦਿਹਾੜੇ ਇੱਕ ਡਕੈਤੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਕੁੱਝ ਵਿਅਕਤੀਆਂ ਇੱਕ ਡਿਲੀਵਰੀ ਏਜੰਟ ਅਤੇ ਉਸ ਦੇ ਸਾਥੀ ਕੋਲੋਂ ਬੰਦੂਕ ਦਿਖਾ ਕੇ ਦੋ ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ। ਇਸੇ ਤਰ੍ਹਾਂ ਪਿਛਲੇ ਅੈਤਵਾਰ ਨੂੰ ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਇੱਕ 28 ਸਾਲਾ ਔਰਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਦੀ ਅੰਬੇਡਕਰ ਬਸਤੀ ’ਚ ਦੋ ਭੈਣਾਂ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਪਿਛਲੇ ਮਹੀਨੇ ਮੰਗੋਲਪੁਰੀ ਇਲਾਕੇ ’ਚ 21 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਹਾਲ ਹੀ ਵਿੱਚ ਦਿੱਲੀ ਸਾਊਥ ਕੈਂਪਸ ਦੇ ਬਾਹਰ ਇੱਕ 19 ਸਾਲਾ ਵਿਦਿਆਰਥੀ ਦੀ ਵੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਏਅੈੱਨਆਈ

Advertisement

Advertisement
Tags :
Author Image

Advertisement
Advertisement
×