For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਰਿਹਾਇਸ਼ ਤੋਂ ਲੈਪਟੌਪ ਤੇ ਮੋਬਾਈਲ ਜ਼ਬਤ

07:26 AM May 20, 2024 IST
ਕੇਜਰੀਵਾਲ ਦੀ ਰਿਹਾਇਸ਼ ਤੋਂ ਲੈਪਟੌਪ ਤੇ ਮੋਬਾਈਲ ਜ਼ਬਤ
ਪਾਰਟੀ ਆਗੂਆਂ ਦੀ ਗ੍ਰਿਫ਼ਤਾਰੀ ਖਿਲਾਫ਼ ਭਾਜਪਾ ਹੈੱਡਕੁਆਰਟਰ ਵੱਲ ਕੱਢੇ ਰੋਸ ਮਾਰਚ ਵਿਚ ਸ਼ਾਮਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 19 ਮਈ
ਦਿੱਲੀ ਪੁਲੀਸ ਦੀ ਟੀਮ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ਵਿਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ ਇੱਕ ਲੈਪਟਾਪ ਅਤੇ ਸੀਸੀਟੀਵੀ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਜ਼ਬਤ ਕੀਤੇ ਹਨ। ਪੁਲੀਸ ਮੁਤਾਬਕ ਕਬਜ਼ੇ ਵਿਚ ਲਿਆ ਸਾਮਾਨ ਜਾਂਚ ਵਿੱਚ ਸਹਾਈ ਹੋ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲੀਸ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦਸਤਾਵੇਜ਼ ਵੀ ਚੁੱਕ ਕੇ ਲੈ ਗਈ ਹੈ।
ਉਧਰ ਦਿੱਲੀ ਦੀ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਪੰਜ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲੀਸ ਨੇ ਹਾਲਾਂਕਿ ਸੱਤ ਦਿਨਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਦਿੱਲੀ ਪੁਲੀਸ ਤੇ ਵਿਭਵ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਸ਼ਨਿੱਚਰਵਾਰ ਦੇਰ ਰਾਤ ਫੈਸਲਾ ਰਾਖਵਾਂ ਰੱਖਣ ਮਗਰੋਂ ਪੌਣੇ ਇਕ ਵਜੇ ਦੇ ਕਰੀਬ ਫੈਸਲਾ ਸੁਣਾਇਆ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ‘ਆਪ’ ਆਗੂ ਸਵਾਤੀ ਮਾਲੀਵਾਲ ’ਤੇ ਕੀਤਾ ਹਮਲਾ ਘਾਤਕ ਹੋ ਸਕਦਾ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 13 ਮਈ ਨੂੰ ਹੋਏ ਹਮਲੇ ਸਬੰਧੀ ਕਬਜ਼ੇ ਵਿਚ ਲਈ ਸੀਸੀਟੀਵੀ ਫੁਟੇਜ ਖਾਲੀ ਨਿਕਲੀ ਹੈ। ਪੁਲੀਸ ਨੇ ਰਿਮਾਂਡ ਅਰਜ਼ੀ ਵਿਚ ਇਹ ਗੱਲ ਵੀ ਕਹੀ ਕਿ ਕੁਮਾਰ ਨੇ ਮੰਨਿਆ ਕਿ ਉਸ ਨੇ ਮੁੰਬਈ ਵਿਚ ਆਪਣਾ ਐੱਪਲ ਦਾ ਆਈਫੋਨ 15 ਫਾਰਮੈਟ ਕਰਵਾਇਆ ਹੈ, ਜਿਸ ਦਾ ਡੇਟਾ ਰਿਕਵਰ ਕਰਨ ਲਈ ਮੁਲਜ਼ਮ ਦੇ ਰਿਮਾਂਡ ਦੀ ਲੋੜ ਹੈ। ਪੁਲੀਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਵਲ ਲਾਈਨਜ਼ ਵਿਚਲੀ ਰਿਹਾਇਸ਼ ਦੇ ਡਰਾਇੰਗ ਰੂਮ, ਜਿੱਥੇ ਮਾਲੀਵਾਲ ’ਤੇ ਕਥਿਤ ਹਮਲੇ ਦੀ ਘਟਨਾ ਵਾਪਰੀ, ਦੀ ਡਿਜੀਟਲ ਵੀਡੀਓ ਰਿਕਾਰਡਿੰਗ ਵੀ ਅਧਿਕਾਰਤ ਤੌਰ ’ਤੇ ਨਹੀਂ ਦਿੱਤੀ ਗਈ ਤੇ ਅਣਅਧਿਕਾਰਤ ਤੌਰ ’ਤੇ ਹਾਸਲ ਕੀਤਾ ਰਿਕਾਰਡਿੰਗ ਦਾ ਇਕ ਹਿੱਸਾ ਬਿਲਕੁਲ ਖਾਲੀ ਹੈ। ਪੁਲੀਸ ਨੇ ਕੋਰਟ ਵਿਚ ਦਾਇਰ ਹਲਫ਼ਨਾਮੇ ’ਚ ਇਹ ਵੀ ਕਿਹਾ ਕਿ ਵਿਭਵ ਕੁਮਾਰ ਇਸ ਗੱਲ ਦਾ ਜਵਾਬ ਵੀ ਨਹੀਂ ਦੇ ਸਕਿਆ ਕਿ 19 ਅਪਰੈਲ ਨੂੰ ਉਸ ਦੀ ਨਿੱਜੀ ਸਕੱਤਰ ਵਜੋਂ ਨਿਯੁਕਤੀ ਟਰਮੀਨੇਟ ਕਰਨ ਦੇ ਬਾਵਜੂਦ ਵੀ ਉਹ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ’ਤੇ ਕਿਵੇਂ ਕੰਮ ਕਰ ਰਿਹਾ ਸੀ। ਦਿੱਲੀ ਪੁਲੀਸ ਨੇ ਵਿਭਵ ਕੁਮਾਰ ਨੂੰ ਸ਼ਨਿੱਚਰਵਾਰ ਨੂੰ ਕੇਜਰੀਵਾਲ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਮਾਲੀਵਾਲ ਦੀ ਸ਼ਿਕਾਇਤ ’ਤੇ ਸਿਵਲ ਲਾਈਨਜ਼ ਪੁਲੀਸ ਥਾਣੇ ਵਿਚ ਦਰਜ ਕੇਸ ਵਿਚ ਆਈਪੀਸੀ ਦੀ ਧਾਰਾ 308, 341, 354(ਬੀ), 506 ਤੇ 509 ਆਇਦ ਕੀਤੀਆਂ ਗਈਆਂ ਹਨ। ਕੇਜਰੀਵਾਲ ਦੀ ਰਿਹਾਇਸ਼ ਤੋਂ ਲੈਪਟਾਪ ਤੇ ਡੀਵੀਆਰ ਕਬਜ਼ੇ ਵਿਚ ਲੈਣ ਮੌਕੇ ਵਧੀਕ ਡੀਸੀਪੀ ਅੰਜਿਤਾ ਚੇਪਿਆਲਾ ਨਾਲ ਸਿਵਲ ਲਾਈਨਜ਼ ਥਾਣੇ ਦੇ ਐੱਸਐੱਚਓ ਤੇ ਪੁਲੀਸ ਟੀਮ ਵੀ ਮੌਜੂਦ ਸੀ। ਟੀਮ ਵੱਲੋਂ ਕਥਿਤ ਕੁੱਟਮਾਰ ਦੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement

‘ਆਪ’ ਨੂੰ ਖ਼ਤਮ ਕਰਨ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ: ਕੇਜਰੀਵਾਲ

ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਡਰ ਹੈ ਕਿ ‘ਆਪ’ ਆਉਣ ਵਾਲੇ ਸਮੇਂ ਵਿਚ ਚੁਣੌਤੀ ਬਣ ਸਕਦੀ ਹੈ। ਭਾਜਪਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਤੋਂ ਪਹਿਲਾਂ ਇਥੇ ਪਾਰਟੀ ਹੈੱਡਕੁਆਰਟਰ ’ਤੇ ‘ਆਪ’ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ‘‘ਉਹ ਸਾਡੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਨਗੇ, ਸਾਡੇ ਬੈਂਕ ਖਾਤੇ ਜ਼ਬਤ ਕਰਨਗੇ ਅਤੇ ਸਾਡੇ ਦਫਤਰ ਖਾਲੀ ਕਰਵਾਉਣਗੇ ਅਤੇ ਸਾਨੂੰ ਸੜਕਾਂ ’ਤੇ ਲਿਆਉਣਗੇ। ਪ੍ਰਧਾਨ ਮੰਤਰੀ ਸੋਚਦੇ ਹਨ ਕਿ ਉਹ ‘ਆਪ’ ਨੂੰ ਤਬਾਹ ਕਰ ਦੇਣਗੇ, ਪਰ ਅਜਿਹਾ ਨਹੀਂ ਹੋਵੇਗਾ।’’ ਕੇਜਰੀਵਾਲ ਮਗਰੋਂ ਦੁਪਹਿਰੇ 12 ਵਜੇ ਪਾਰਟੀ ਆਗੂਆਂ ਨਾਲ ਗ੍ਰਿਫਤਾਰੀਆਂ ਦੇਣ ਲਈ ਪੈਦਲ ਮਾਰਚ ਕਰਦੇ ਹੋਏ ਭਾਜਪਾ ਹੈੱਡਕੁਆਰਟਰ ਵੱਲ ਵਧੇ। ਦਿੱਲੀ ਪੁਲੀਸ ਨੇ ਰਸਤਾ ਬੰਦ ਕਰਕੇ ਰਾਹ ਵਿਚ ਹੀ ਸਾਰੇ ਆਗੂਆਂ ਨੂੰ ਰੋਕ ਲਿਆ। ਕੇਜਰੀਵਾਲ ਦੇ ਪਿੱਛੇ ਪਾਰਟੀ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਨਾਅਰਿਆਂ ਵਾਲੇ ਪੋਸਟਰ, ਬੈਨਰ ਅਤੇ ਤਖ਼ਤੀਆਂ ਸਨ। ਕੇਜਰੀਵਾਲ ਸੜਕ ’ਤੇ ਬੈਠ ਗਏ ਅਤੇ ਅੱਧੇ ਘੰਟੇ ਤੱਕ ਗ੍ਰਿਫਤਾਰੀ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਪੁਲੀਸ ਨੇ ਕੇਜਰੀਵਾਲ ਤੇ ਹੋਰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਮੁੱਖ ਮੰਤਰੀ ਸਮੇਤ ਸਾਰੇ ਆਗੂ ਪਰਤ ਗਏ। ਇਸ ਮੌਕੇ ਸੰਸਦ ਮੈਂਬਰ ਸੰਜੈ ਸਿੰਘ, ਸੰਗਠਨ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਦਿੱਲੀ ਪ੍ਰਦੇਸ਼ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਸੰਸਦ ਮੈਂਬਰ ਰਾਘਵ ਚੱਢਾ, ਕੈਬਨਿਟ ਮੰਤਰੀ ਆਤਿਸ਼ੀ ਅਤੇ ਇਮਰਾਨ ਹੁਸੈਨ, ਰਾਸ਼ਟਰੀ ਸਕੱਤਰ ਪੰਕਜ ਗੁਪਤਾ ਅਤੇ ਵਿਧਾਇਕ, ਕੌਂਸਲਰ ਤੇ ਸੀਨੀਅਰ ਆਗੂ ਹਾਜ਼ਰ ਸਨ।

Advertisement

‘ਆਪ’ ਨੂੰ ਸੱਟ ਮਾਰਨ ਲਈ ਝੂਠੀਆਂ ਕਹਾਣੀਆਂ ਘੜੀਆਂ ਗਈਆਂ: ਭਾਰਦਵਾਜ

ਨਵੀਂ ਦਿੱਲੀ: ‘ਆਪ’ ਨੇ ਕਿਹਾ ਕਿ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ਕਾਰ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਝੂਠੀਆਂ ਕਹਾਣੀਆਂ ਘੜ ਕੇ ਪਾਰਟੀ ਦੀ ਦਿੱਖ ਨੂੰ ਢਾਹ ਲਾਉਣਾ ਚਾਹੁੰਦੇ ਹਨ। ‘ਆਪ’ ਨੇ ਮਾਲੀਵਾਲ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਭਾਜਪਾ ਦੇ ਆਖੇ ਲੱਗ ਕੇ ਕੇਜਰੀਵਾਲ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੇ ਰਿਕਾਰਡਰ ਪਹਿਲਾਂ ਹੀ ਕਬਜ਼ੇ ਵਿਚ ਲੈ ਲਏ ਹਨ। ਭਾਰਦਵਾਜ ਨੇ ਦਾਅਵਾ ਕੀਤਾ, ‘‘ਲੰਘੇ ਦਿਨ ਉਨ੍ਹਾਂ ਦਾਖਲਾ ਗੇਟਾਂ ਤੇ ਚਾਰਦੀਵਾਰੀ ’ਤੇ ਲੱਗੇ ਕੈਮਰਿਆਂ ਦੇ ਡੀਵੀਆਰ ਜ਼ਬਤ ਕੀਤੇ ਸਨ। ਅੱਜ ਉਨ੍ਹਾਂ ਘਰ ਦੇ ਦੂਜੇ ਹਿੱਸੇ ਵਿਚ ਲੱਗੇ ਕੈਮਰਿਆਂ ਦੇ ਡੀਵੀਆਰ ਵੀ ਕਬਜ਼ੇ ਵਿਚ ਲੈ ਲਏ। ਪੁਲੀਸ ਸੀਸੀਟੀਵੀ ਫੁਟੇਜ ਡਿਲੀਟ ਕਰਨ ਦੀਆਂ ਕਹਾਣੀਆਂ ਘੜ ਰਹੀ ਹੈ, ਪਰ ਉਹ ਤਾਂ ਪਹਿਲਾਂ ਹੀ ਇਨ੍ਹਾਂ ਨੂੰ ਕਬਜ਼ੇ ਵਿਚ ਲੈ ਚੁੱਕੇ ਹਨ।’’ ਭਾਰਦਵਾਜ ਨੇ ਕਿਹਾ ਕਿ ਕਬਜ਼ੇ ਵਿਚ ਲਏ ਸੀਸੀਟੀਵੀ ਕੈਮਰੇ ਤੇ ਫੁਟੇਜ ਦਾ ਪ੍ਰਬੰਧ ਪਬਲਿਕ ਵਰਕਸ ਵਿਭਾਗ ਕੋਲ ਹੈ। -ਪੀਟੀਆਈ

ਸਿਸੋਦੀਆ ਜੀ ਅੱਜ ਇਥੇ ਹੁੰਦੇ ਤਾਂ ਮੇਰੇ ਲਈ ਸਥਿਤੀ ਏਨੀ ਖਰਾਬ ਨਾ ਹੁੰਦੀ: ਮਾਲੀਵਾਲ

ਨਵੀਂ ਦਿੱਲੀ: ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਸ ਦੇ ਪਾਰਟੀ ਕੁਲੀਗ, ਜੋ ਕਦੇ ਨਿਰਭਯਾ ਲਈ ਇਨਸਾਫ਼ ਮੰਗਦੇ ਸਨ, ਪਰ ਅੱਜ ਉਹ ਉਸ ’ਤੇ ਹਮਲਾ ਕਰਨ ਵਾਲੇ ਸ਼ਖ਼ਸ (ਵਿਭਵ ਕੁਮਾਰ) ਦੀ ਹਮਾਇਤ ਕਰ ਰਹੇ ਹਨ। ਮਾਲੀਵਾਲ ਨੇ ਕਿਹਾ ਕਿ ਜੇਕਰ ‘ਆਪ’ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਜੇਲ੍ਹ ’ਚ ਹਨ, ਇਥੇ ਹੁੰਦੇ ਤਾਂ ‘ਸ਼ਾਇਦ ਮੇਰੇ ਲਈ ਸਥਿਤੀ ਇੰਨੀ ਖਰਾਬ ਨਾ ਹੁੰਦੀ!’’ ਮਾਲੀਵਾਲ ਨੇ ਦਾਅਵਾ ਕੀਤਾ ਸੀ ਕਿ 13 ਮਈ ਨੂੰ ਜਦੋਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਗਈ ਤਾਂ ਸੀਐੱਮ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੇ ਉਸ ਨਾਲ ਕੁੱਟਮਾਰ ਕੀਤੀ। ਪਿਛਲੇ 10 ਸਾਲਾਂ ਤੋਂ ‘ਆਪ’ ਨਾਲ ਜੁੜੀ ਮਾਲੀਵਾਲ ਨੇ ਕਿਹਾ, ‘‘ਇਕ ਸਮਾਂ ਸੀ ਜਦੋਂ ਅਸੀਂ ਸਾਰੇ ਨਿਰਭਯਾ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ’ਤੇ ਉਤਰੇ ਸੀ। ਅੱਜ 12 ਸਾਲਾਂ ਬਾਅਦ ਅਸੀਂ ਮੁਲਜ਼ਮ (ਵਿਭਵ ਕੁਮਾਰ) ਨੂੰ ਬਚਾਉਣ ਲਈ ਸੜਕਾਂ ’ਤੇ ਹਾਂ, ਉਹ ਮੁਲਜ਼ਮ ਜਿਸ ਨੇ ਸੀਸੀਟੀਵੀ ਫੁਟੇਜ ਗਾਇਬ ਕੀਤੀ ਤੇ ਫੋਨ ਫਾਰਮੈਟ ਕੀਤਾ। ਮੇਰੀ ਇੱਛਾ ਹੈ ਕਿ ਉਨ੍ਹਾਂ (ਆਪ) ਇੰਨਾ ਜ਼ੋਰ ਮਨੀਸ਼ ਸਿਸੋਦੀਆ ਜੀ ਲਈ ਲਾਇਆ ਹੁੰਦਾ।’’ -ਪੀਟੀਆਈ

Advertisement
Author Image

sukhwinder singh

View all posts

Advertisement