ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਨੇੜੇ ਮਾਰਚ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 1 ਅਕਤੂਬਰ
ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਅੱਜ ਮੁੜ ਰੋਸ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਨਹੀਂ ਕਰਵਾਇਆ ਜਾਂਦਾ ਤਾਂ ਉਹ ਪੱਕਾ ਧਰਨਾ ਲਾਉਣ ਲਈ ਮਜਬੂਰ ਹੋਣਗੇ। ਅੱਜ ਇਸ ਰੋਸ ਮਾਰਚ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਡੀਪੀਆਈ ਐਲੀਮੈਂਟਰੀ ਨਾਲ ਮੀਟਿੰਗ ਵੀ ਤੈਅ ਕਰਵਾ ਦਿੱਤੀ ਗਈ।
ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬੰਟੀ ਕੰਬੋਜ, ਬਲਿਹਾਰ ਸਿੰਘ, ਕੁਲਵਿੰਦਰ ਬਰੇਟਾ, ਡਾ. ਪਰਵਿੰਦਰ ਸਿੰਘ ਲਾਹੌਰੀਆ, ਹਰੀਸ਼ ਫਾਜ਼ਿਲਕਾ ਅਤੇ ਪਰਗਟ ਬੋਹਾ ਨੇ ਦੱਸਿਆ ਕਿ ਸਕੂਲੀ ਸਿੱਖਿਆ ਵਿਭਾਗ ਨੇ 27 ਤੋਂ 29 ਸਤੰਬਰ ਤੱਕ ਸਟੇਸ਼ਨ ਚੋਣ ਖੋਲ੍ਹਣ ਸਬੰਧੀ ਨੋਟੀਫਿਕੇਸ਼ਨ 24 ਸਤੰਬਰ 2024 ਨੂੰ ਜਾਰੀ ਕੀਤਾ ਸੀ ਅਤੇ ਉਮੀਦਵਾਰ ਸਟੇਸ਼ਨ ਚੋਣ ਸਬੰਧੀ ਪੋਰਟਲ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ ਪਰ 27 ਸਤੰਬਰ ਨੂੰ ਸ਼ਾਮ ਤੱਕ ਪੋਰਟਲ ਨਾ ਖੁੱਲ੍ਹਣ ’ਤੇ ਸੂਬਾ ਕਮੇਟੀ ਮੈਂਬਰਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੋਰਟਲ ਖੋਲ੍ਹਣ ਸਬੰਧੀ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣੀ ਪਵੇਗੀ, ਜਿਸ ਕਾਰਨ ਸਮੂਹ ਈਟੀਟੀ 5994 ਯੂਨੀਅਨ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਈਟੀਟੀ 5994 ਭਰਤੀ ਪਹਿਲਾਂ ਹੀ ਦੋ ਸਾਲ ਲੇਟ ਹੈ। ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਟੇਸ਼ਨ ਚੋਣ ਦਾ ਪੋਰਟਲ ਖੋਲ੍ਹ ਕੇ ਚੁਣੇ ਗਏ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ।