Mohali Gym Building Collapse: ਮੁਹਾਲੀ ਦੇ ਸੁਹਾਣਾ ਪਿੰਡ ਵਿੱਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; ਵੱਡੀ ਗਿਣਤੀ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ ਗੌਰਵ ਕੈਂਥਵਾਲ
ਮੁਹਾਲੀ, 21 ਦਸੰਬਰ
ਮੁਹਾਲੀ ਦੇ ਸੁਹਾਣਾ ਪਿੰਡ ਵਿਚ ਅੱਜ ਸ਼ਾਮ ਵੇਲੇ ਬਹੁ‘ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਦੇ ਮਲਬੇ ਹੇਠ ਵੱਡੀ ਗਿਣਤੀ ਲੋਕ ਫਸੇ ਹੋਏ ਹਨ। ਇਸ ਇਮਾਰਤ ਵਿਚ ਜਿਮ ਵੀ ਚਲਦਾ ਸੀ ਤੇ ਸ਼ਾਮ ਵੇਲੇ ਨੌਜਵਾਨ ਕਸਰਤ ਵੀ ਕਰ ਰਹੇ ਹਨ। ਇਸ ਵੇਲੇ ਪੁਲੀਸ ਤੇ ਹੋਰ ਬਚਾਅ ਟੀਮਾਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਇਮਾਰਤ ਦਾ ਮਲਬਾ ਦੂਰ ਤਕ ਫੈਲ ਗਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਵਿਚ ਸਮਾਂ ਲੱਗ ਰਿਹਾ ਹੈ। ਮੁਹਾਲੀ ਪੁਲੀਸ ਦੇ ਇਕ ਅਧਿਕਾਰੀ ਅਨੁਸਾਰ ਇਸ ਇਮਾਰਤ ਵਿਚ ਦਸ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ ਪਰ ਪਿੰਡ ਵਾਸੀਆਂ ਅਨੁਸਾਰ ਇਹ ਗਿਣਤੀ ਕਾਫੀ ਵੱਧ ਦੱਸੀ ਜਾ ਰਹੀ ਹੈ।ਇਹ ਪਤਾ ਲੱਗਿਆ ਹੈ ਕਿ ਇਸ ਇਮਾਰਤ ਵਿਚ ਕੁਆਰਟਰ ਵੀ ਬਣੇ ਹੋਏ ਸਨ ਜਿਸ ਵਿਚ ਕਈ ਪਰਵਾਸੀ ਪਰਿਵਾਰ ਰਹਿ ਰਹੇ ਸਨ। ਇਸ ਇਮਾਰਤ ਵਿਚ ਰੌਇਲ ਨਾਂ ਦਾ ਜਿਮ ਚਲ ਰਿਹਾ ਸੀ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਫੌਜ ਨੂੰ ਸੱਦਿਆ ਗਿਆ ਹੈ। ਇਸ ਵੇਲੇ ਦੋ ਲੜਕੀਆਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ ਜਿਸ ਵਿਚ ਇਕ ਦੀ ਮੌਤ ਹੋ ਗਈ ਜੋ ਵੀਹ ਸਾਲਾਂ ਦੀ ਸੀ। ਇਹ ਪਤਾ ਲੱਗਿਆ ਹੈ ਕਿ ਜ਼ੀਰਕਪੁਰ ਤੋਂ ਫੌਜ ਦੇ 40 ਜਵਾਨ ਪੁੱਜ ਗਏ ਹਨ ਤੇ ਹੋਰ ਫੌਜ ਦੇ ਜਵਾਨ ਆ ਰਹੇ ਹਨ।
ਪ੍ਰਸ਼ਾਸਨ ਵੱਲੋਂ ਮੌਕੇ ’ਤੇ ਜੇਸੀਬੀ ਮਸ਼ੀਨਾਂ ਤੇ ਫਾਇਰ ਟੈਂਡਰਾਂ ਨਾਲ ਰਾਹਤ ਕਾਰਜ ਚਲਾਏ ਜਾ ਰਹੇ ਹਨ ਤੇ ਇਕ ਔਰਤ ਨੂੰ ਬਾਹਰ ਕੱਢਿਆ ਗਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸ਼ਾਮ ਵੇਲੇ ਵੱਡੇ ਧਮਾਕੇ ਦੀ ਆਵਾਜ਼ ਆਉਣ ਨਾਲ ਇਮਾਰਤ ਅਚਾਨਕ ਢਹਿ ਗਈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਨਾਲ ਦੀ ਇਮਾਰਤ ਦੀ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਮਾਰਤ ਵਿੱਚ ਜਿੰਮ ਜਾਣ ਵਾਲੇ ਅਤੇ ਇਮਾਰਤ ਨਾਲ ਲਗਦੇ ਉਸਾਰੀ ਮਜ਼ਦੂਰ ਰਹਿੰਦੇ ਸਨ।ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਕਾਰਜ ਲਈ ਐਨਡੀਆਰਐਫ ਨੂੰ ਸੱਦਿਆ ਹੈ।
ਇਸ ਦੌਰਾਨ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਡੀਜੀਪੀ ਗੌਰਵ ਯਾਦਵ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਦਾ ਨਿਰੀਖਣ ਕੀਤਾ। ਇਮਾਰਤ ਡਿੱਗਦੇ ਹੀ ਇਲਾਕੇ ਦੀ ਬਿਜਲੀ ਗੁੱਲ ਹੋ ਗਈ, ਜਿਸ ਨਾਲ ਸਥਾਨਕ ਲੋਕਾਂ ਵਿਚ ਦਹਿਸ਼ਤ ਫੈਲ ਗਈ। ਬਚਾਅ ਕਾਰਜ ਸ਼ੁਰੂ ਹੁੰਦੇ ਹੀ ਮੌਕੇ ’ਤੇ ਭਾਰੀ ਭੀੜ ਇਕੱਠੀ ਹੋ ਗਈ।
ਮੁੱਖ ਮੰਤਰੀ ਨੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹਾਸਲ ਕੀਤੀ ਜਾਣਕਾਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਇਕ ਦੁਖਦਾਈ ਖਬਰ ਮਿਲੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸੋਹਾਣਾ ਨੇੜੇ ਇੱਕ ਬਹੁਮੰਜ਼ਿਲਾ ਇਮਾਰਤ ਢਹਿ ਗਈ ਹੈ। ਸਮੁੱਚਾ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਉਹ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ, ‘ਅਸੀਂ ਦੁਆ ਕਰਦੇ ਹਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ, ਇਸ ਮਾਮਲੇ ਵਿਚ ਕੋਤਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕਰਾਂਗੇ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਉਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਹਰ ਸੰਭਵ ਮਦਦ ਕਰਨ ਦੇ ਹੁਕਮ ਦਿੱਤੇ।