ਬੇਰੁਜ਼ਗਾਰ ਲਾਈਨਮੈਨਾਂ ਦੇ ਸੰਘਰਸ਼ ਨੂੰ ਪਿਆ ਬੂਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
ਨੌਕਰੀ ਖਾਤਰ ਪਿਛਲੇ ਸਮੇਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ਪੰਜਾਬ ਦੇ ਦੋ ਹਜ਼ਾਰ ਦੇ ਕਰੀਬ ਬੇਰੁਜ਼ਗਾਰ ਲਾਈਨਮੈਨਾਂ ਦੇ ਸੰਘਰਸ਼ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੂੰ 28 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਈਨਮੈਨ ਵਜੋਂ ਨਿਯੁਕਤੀ ਪੱਤਰ ਸੌਂਪਣ ਦੀ ਜਾਣਕਾਰੀ ਬਾਰੇ ਪਤਾ ਲੱਗਾ ਹੈ। ਇਹ ਜਾਣਕਾਰੀ ਇਨ੍ਹਾਂ ਬੇਰੁਜ਼ਗਾਰਾਂ ਨੂੰ ਅੱਜ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫ਼ਤਰ ਅੱਗੇ ਕੀਤੇ ਗਏ ਘਿਰਾਓ ਦੌਰਾਨ ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਦਿੱਤੀ ਜਿਸ ਮਗਰੋਂ ਉਨ੍ਹਾ ਨੇ ਇਹ ਧਰਨਾ ਸਮਾਪਤ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਪ੍ਰੈਂਟਿਸਸ਼ਿਪ ਕਰਨ ’ਤੇ ਬੇਰੁਜ਼ਗਾਰ ਨੌਜਵਾਨ ਪਾਵਰਕੌਮ ’ਚ ਲਾਈਨਮੈਨ ਲੱਗਣ ਦੇ ਯੋਗ ਹੋ ਜਾਂਦਾ ਹੈ ਤੇ ਇਸ ਵਕਤ ਰਾਜ ਅੰਦਰ ਦੋ ਹਜ਼ਾਰ ਤੋਂ ਵੀ ਵੱਧ ਅਜਿਹੇ ਬੇਰੁਜ਼ਗਾਰ ਨੌਜਵਾਨ ਹਨ, ਜਿਨ੍ਹਾਂ ਵੱਲੋਂ ਅਪ੍ਰੈਂਟਿਸਸ਼ਿਪ ਕੀਤੀ ਹੋਣ ਮਗਰੋਂ ਵੀ ਨੌਕਰੀਆਂ ਨਹੀਂ ਮਿਲੀਆਂ। ਜ਼ਿਮਨੀ ਚੋਣਾਂ ਸ਼ੁਰੂ ਹੋਣ ’ਤੇ ਵੀ ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਕੰਵਲਦੀਪ ਸਿੰਘ ਦੀ ਅਗਵਾਈ ਹੇਠ ਇੱਥੇ ਪਾਵਰਕੌਮ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ, ਪਰ ਮੈਨੇਜਮੈਂਟ ਵੱਲੋਂ ਜ਼ਿਮਨੀ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤਹਿਤ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ। ਚੋਣਾਂ ਖਤਮ ਹੋਣ ਤੋਂ ਅਗਲੇ ਹੀ ਦਿਨ ਅੱਜ ਇਨ੍ਹਾਂ ਬੇਰੁਜ਼ਗਾਰਾਂ ਨੇ ਅੱਜ ਫੇਰ ਇੱਥੇ ਆ ਕੇ ਪਾਵਰਕੌਮ ਦਫ਼ਤਰ ਮੂੂਹਰੇ ਡੇਰੇ ਲਾ ਲਏ। ਇਸ ਦੌਰਾਨ ਹੀ ਇਨ੍ਹਾਂ ਦੀ ਪਾਵਰਕੌਮ ਦੇ ਪ੍ਰਬੰਧਕੀ ਮੈਂਬਰ ਜਸਬੀਰ ਸਿੰਘ ਢਿੱਲੋਂ ਨਾਲ ਵੀ ਮੀਟਿੰਗ ਹੋਈ ਜਿਨ੍ਹਾਂ ਨੇ ਜਲਦੀ ਹੀ ਮੁੱਖ ਮੰਤਰੀ ਤੋਂ ਸਮਾਂ ਲੈਣ ਦੀ ਗੱਲ ਆਖੀ। ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਰਣਬੀਰ ਸਿੰਘ ਇਸ ਦੌਰਾਨ ਮੈਨੇਜਰ, ਆਈਆਰਪੀਐੱਸਪੀਸੀਐੱਲ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ 28 ਨਵੰਬਰ ਨੂੰ ਮੁੱਖ ਮੰਤਰੀ ਨਿਯੁਕਤੀ ਪੱਤਰ ਦੇਣਗੇ ਜਿਸ ਨਾਲ ਸਹਿਮਤੀ ਪ੍ਰਗਟਾਉਂਦਿਆਂ ਉਨ੍ਹਾ ਧਰਨਾ ਸਮਾਪਤ ਕਰ ਦਿੱਤਾ।