Under-construction building collapses ਕੰਨੌਜ ਰੇਲਵੇ ਸਟੇਸ਼ਨ ਉੱਤੇ ਉਸਾਰੀ ਅਧੀਨ ਇਮਾਰਤ ਡਿੱਗੀ, ਮਲਬੇ ਹੇਠ ਕਈ ਕਾਮੇ ਫਸੇ
ਕੰਨੌਜ, 11 ਜਨਵਰੀ
ਕੰਨੌਜ ਰੇਲਵੇ ਸਟੇਸ਼ਨ ਉੱਤੇ ਅੱਜ ਦੁਪਹਿਰੇ ਉਸਾਰੀ ਅਧੀਨ ਇਮਾਰਤ ਡਿੱਗਣ ਕਰਕੇ ਦੋ ਦਰਜਨ ਤੋਂ ਵੱਧ ਵਰਕਰ ਮਲਬੇ ਹੇਠ ਫਸ ਗਏ। ਇਸ ਦੌਰਾਨ ਛੇ ਵਰਕਰਾਂ ਨੂੰ ਬਾਹਰ ਕੱੱਢ ਕੇ ਹਸਪਤਾਲ ਦਾਖਲ ਕੀਤਾ ਗਿਆ ਹੈ। ਕੇਂਦਰੀ ਰੇਲ ਮੰਤਰੀ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਸ਼ੁਭਰੰਤ ਕੁਮਾਰ ਸ਼ੁਕਲ ਨੇ ਕਿਹਾ, ‘‘ਸ਼ੁਰੂਆਤੀ ਜਾਣਕਾਰੀ ਮੁਤਾਬਕ ਉਸਾਰੀ ਅਧੀਨ ਇਮਾਰਤ ਦੀ ਛੱਤ ਦੀ ਸ਼ਟਰਿੰਗ ਡਿੱਗਣ ਕਰਕੇ ਹਾਦਸਾ ਵਾਪਰਿਆ।’’ ਸ਼ੁਕਲ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਮਲਬੇ ਹੇਠ ਫਸੇ ਵਰਕਰਾਂ ਨੂੰ ਬਾਹਰ ਕੱਢਣਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਲਬੇ ਹੇਠ ਫਸੇ ਵਰਕਰਾਂ ਦੀ ਸੁਰੱਖਿਆ ਤੇ ਉਨ੍ਹਾਂ ਲਈ ਢੁੱਕਵਾਂ ਇਲਾਜ ਯਕੀਨੀ ਬਣਾਉਣ। ਸੂਬਾਈ ਰਾਹਤ ਕਮਿਸ਼ਨਰ ਭਾਨੂ ਚੰਦਰਾ ਗੋਸਵਾਮੀ ਨੇ ਕਿਹਾ ਕਿ ਉਹ ਕੰਨੌਜ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ। ਐੱਨਡੀਆਰਐੱਫ ਤੇ ਐੱਸਡੀਆਰਐਫ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਹਨ। ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਤੇ ਡਾਕਟਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। -ਪੀਟੀਆਈ