ਝਾਰਖੰਡ: ਨਿੱਜੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀਆਂ ਕਮੀਜ਼ਾਂ ਲੁਹਾਈਆਂ, ਜਾਂਚ ਦੇ ਹੁਕਮ
ਧਨਬਾਦ, 11 ਜਨਵਰੀ
ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਇਕ ਨਿੱਜੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਉੱਤੇ ਦਸਵੀਂ ਜਮਾਤ ਦੀਆਂ 80 ਲੜਕੀਆਂ ਦੀਆਂ ਕਮੀਜ਼ਾਂ ਲੁਹਾਉਣ ਦੇ ਦੋਸ਼ ਲੱਗੇ ਹਨ। ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਲੜਕੀਆਂ ਨੇ ਕਮੀਜ਼ਾਂ ’ਤੇ ਕੁਝ ਸੁਨੇਹੇ ਲਿਖੇ ਸਨ, ਜਿਸ ਕਰਕੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਮੀਜ਼ਾਂ ਲਾਹੁਣ ਦੇ ਹੁਕਮ ਦਿੱਤੇ ਸਨ। ਇਨ੍ਹਾਂ ਲੜਕੀਆਂ ਨੂੰ ਮਗਰੋਂ ਕਮੀਜ਼ਾਂ ਤੋਂ ਬਗੈਰ ਬਲੇਜ਼ਰ ਪਾ ਕੇ ਘਰਾਂ ਨੂੰ ਮੁੜਨਾ ਪਿਆ। ਡਿਪਟੀ ਕਮਿਸ਼ਨਰ ਮਾਧਵੀ ਮਿਸ਼ਰਾ ਨੇ ਕਿਹਾ ਕਿ ਇਹ ਘਟਨਾ ਜੋਰਾਪੋਖਰ ਪੁਲੀਸ ਥਾਣਾ ਇਲਾਕੇ ਅਧੀਨ ਆਉਂਦੇ ਦਿਗਵਾਦੀ ਦੇ ਇਕ ਵੱਕਾਰੀ ਸਕੂਲ ਦੀ ਹੈ।
ਲੜਕੀਆਂ ਦੇ ਮਾਪਿਆਂ ਨੇ ਡੀਸੀ ਨੂੰ ਸ਼ਿਕਾਇਤ ਕੀਤੀ ਕਿ ਦਸਵੀਂ ਜਮਾਤ ਦੀਆਂ ਲੜਕੀਆਂ ਆਪਣੀ ਪ੍ਰੀਖਿਆ ਦੇਣ ਮਗਰੋਂ ‘ਪੈੱਨ ਡੇਅ’ ਨੂੰ ਲੈ ਕੇ ਇਕ ਦੂਜੇ ਦੀਆਂ ਕਮੀਜ਼ਾਂ ’ਤੇ ਸੁਨੇਹੇ ਲਿਖ ਰਹੀਆਂ ਸਨ। ਮਹਿਲਾ ਪ੍ਰਿੰਸੀਪਲ ਨੇ ਇਸ ਉੱਤੇ ਇਤਰਾਜ਼ ਕੀਤਾ ਤੇ ਵਿਦਿਆਰਥਣਾਂ ਨੂੰ ਆਪਣੀਆਂ ਕਮੀਜ਼ਾਂ ਉਤਾਰਨ ਲਈ ਕਿਹਾ। ਵਿਦਿਆਰਥਣਾਂ ਨੇ ਹਾਲਾਂਕਿ ਮੁਆਫ਼ੀ ਵੀ ਮੰਗੀ। ਮਾਪਿਆਂ ਨੇ ਕਿਹਾ ਕਿ ਸਾਰੀਆਂ ਵਿਦਿਆਰਥਣਾਂ ਨੂੰ ਬਿਨਾਂ ਕਮੀਜ਼ ਦੇ ਬਲੇਜ਼ਰ ਪਾ ਕੇ ਘਰ ਭੇਜ ਦਿੱਤਾ ਗਿਆ। ਮਿਸ਼ਰਾ ਨੇ ਕਿਹਾ, ‘‘ਕਈ ਮਾਪਿਆਂ ਨੇ ਪ੍ਰਿੰਸੀਪਲ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਅਸੀਂ ਵੀ ਕੁਝ ਪੀੜਤ ਲੜਕੀਆਂ ਨਾਲ ਗੱਲਬਾਤ ਕੀਤੀ ਹੈ। ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ।’’ ਕਮੇਟੀ ਵਿਚ ਸਬ ਡਿਵੀਜ਼ਨਲ ਮੈਜਿਸਟਰੇਟ, ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਤੇ ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਸ਼ਾਮਲ ਹਨ। ਡੀਸੀ ਨੇ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉਧਰ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਪ੍ਰਿੰਸੀਪਲ ਨਾਲ ਗੱਲਬਾਤ ਨਹੀਂ ਹੋ ਸਕੀ। ਡੀਸੀ ਨੂੰ ਸ਼ਿਕਾਇਤ ਕਰਨ ਮੌਕੇ ਝਾਰੀਆ ਤੋਂ ਵਿਧਾਇਕ ਰਾਗਿਨੀ ਸਿੰਘ ਵੀ ਲੜਕੀਆਂ ਦੇ ਮਾਪਿਆਂ ਨਾਲ ਮੌਜੂਦ ਸਨ। ਸਿੰਘ ਨੇ ਘਟਨਾ ਨੂੰ ‘ਸ਼ਰਮਨਾਕ ਤੇ ਮੰਦਭਾਗਾ’ ਦੱਸਿਆ। ਪੀਟੀਆਈ