Delhi Polls ਰਮੇਸ਼ ਬਿਧੂੜੀ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ: ਕੇਜਰੀਵਾਲ
ਨਵੀਂ ਦਿੱਲੀ, 11 ਜਨਵਰੀ
‘ਆਪ’ ਆਗੂ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਨੇ ਸਾਬਕਾ ਐੱਮਪੀ ਰਮੇਸ਼ ਬਿਧੂੜੀ ਨੂੰ ਦਿੱਲੀ ਅਸੈਂਬਲੀ ਚੋਣਾਂ ਵਿਚ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਹਾਲਾਂਕਿ ਕੇਜਰੀਵਾਲ ਦੇ ਇਸ ਦਾਅਵੇ ਨੂੰ ‘ਬੇਬੁਨਿਆਦ ਅਫ਼ਵਾਹ’ ਦੱਸ ਕੇ ਖਾਰਜ ਕਰ ਦਿੱਤਾ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਆਪ’ ਆਗੂ ਉੱਤੇ ਸਿਆਸੀ ਮੁਫ਼ਾਦਾਂ ਲਈ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ ਹੈ। ਸ਼ਾਹ ਨੇ ‘ਝੁੱਗੀ ਬਸਤੀ ਪ੍ਰਧਾਨ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕੀ ਹੁਣ ਕੇਜਰੀਵਾਲ ਭਾਜਪਾ ਦੇ ਮੁੱਖ ਮੰਤਰੀ ਚਿਹਰੇ ਬਾਰੇ ਫੈਸਲਾ ਕਰੇਗਾ? ਉਹ ਅਜਿਹੇ ਦਾਅਵੇ ਕਰਨ ਵਾਲਾ ਕੌਣ ਹੁੰਦਾ ਹੈ?’’ ਭਾਜਪਾ ਆਗੂ ਨੇ ਦੋਸ਼ ਲਾਇਆ, ‘‘ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਦਿੱਲੀ ਦੇ ਲੋਕ ਉਸ ਦੀਆਂ ਚਾਲਾਂ ਨੂੰ ਸਮਝਦੇ ਹਨ। ਝੂਠ, ਵਿਸ਼ਵਾਸਘਾਤ ਅਤੇ ਵਾਅਦਿਆਂ ਤੋਂ ਮੁੱਕਰਨਾ’ ਕੇਜਰੀਵਾਲ ਦੇ ਗੁਣ ਹਨ।’’ ਕਾਬਿਲੇਗੌਰ ਹੈ ਕਿ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ‘ਭਰੋਸੇਯੋਗ ਸੂਤਰਾਂ’ ਤੋਂ ਪਤਾ ਲੱਗਾ ਹੈ ਕਿ ਭਾਜਪਾ ਕਾਲਕਾਜੀ ਹਲਕੇ ਤੋਂ ਉਮੀਦਵਾਰ ਰਮੇਸ਼ ਬਿਧੂੜੀ ਨੂੰ ਅਗਲੇ ਇਕ ਜਾਂ ਦੋ ਦਿਨਾਂ ਵਿਚ ਮੁੱਖ ਮੰਤਰੀ ਉਮੀਦਵਾਰ ਐਲਾਨੇਗੀ। ਕੇਜਰੀਵਾਲ ਨੇ ਬਿਧੂੜੀ ਨੂੰ ਚੁਣੌਤੀ ਦਿੱਤੀ ਕਿ ਉਹ ਜਨਤਕ ਡਿਬੇਟ ਲਈ ਅੱਗੇ ਆਉਣ ਤਾਂ ਕਿ ਦਿੱਲੀ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੀ ਅਗਵਾਈ ਕਰਨ ਲਈ ਕੌਣ ਬਿਹਤਰ ਹੈ। -ਪੀਟੀਆਈ