ਅੰਡਰ-19 ਕ੍ਰਿਕਟ ਏਸ਼ੀਆ ਕੱਪ: ਭਾਰਤ ਨੇ ਜਪਾਨ ਨੂੰ 211 ਦੌੜਾਂ ਨਾਲ ਹਰਾਇਆ
ਸ਼ਾਰਜਾਹ, 2 ਦਸੰਬਰ
ਕਪਤਾਨ ਮੁਹੰਮਦ ਅਮਾਨ ਦੇ ਨਾਬਾਦ ਸੈਂਕੜੇ ਅਤੇ ਕੇਪੀ ਕਾਰਤੀਕੇਅ ਅਤੇ ਸਲਾਮੀ ਬੱਲੇਬਾਜ਼ ਆਯੂਸ਼ ਮਹਾਤਰੇ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਅੰਡਰ-19 ਏਸ਼ੀਆ ਕੱਪ ਦੇ ਗਰੁੱਪ-ਏ ਮੈਚ ਵਿੱਚ ਜਪਾਨ ਨੂੰ 211 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਛੇ ਵਿਕਟਾਂ ’ਤੇ 339 ਦੌੜਾਂ ਬਣਾਉਣ ਮਗਰੋਂ ਭਾਰਤ ਨੇ ਜਪਾਨ ਨੂੰ ਅੱਠ ਵਿਕਟਾਂ ਦੇ ਨੁਕਸਾਨ ’ਤੇ 128 ਦੌੜਾਂ ’ਤੇ ਰੋਕ ਦਿੱਤਾ। ਅਮਾਨ ਨੇ 118 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ। ਇਸੇ ਤਰ੍ਹਾਂ ਕਾਰਤੀਕੇਅ ਨੇ 49 ਗੇਂਦਾਂ ਵਿੱਚ 57 ਦੌੜਾਂ ਦੀ ਆਪਣੀ ਪਾਰੀ ਦੌਰਾਨ ਪੰਜ ਚੌਕੇ ਅਤੇ ਇੱਕ ਛੱਕਾ ਲਾਇਆ। ਮਹਾਤਰੇ ਨੇ 29 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸੀ ਆਂਦਰੇ ਸਿਧਾਰਥ (38), ਹਾਰਦਿਕ ਰਾਜ (ਨਾਬਾਦ 25) ਅਤੇ ਵੈਭਵ ਸੂਰਿਆਵੰਸ਼ੀ (23) ਨੇ ਵੀ ਭਾਰਤੀ ਟੀਮ ਲਈ ਚੰਗਾ ਯੋਗਦਾਨ ਪਾਇਆ। ਜਪਾਨ ਲਈ ਹਿਊਗੋ ਕੈਲੀ ਅਤੇ ਕੀਫਰ ਯਾਮਾਮੋਟੋ-ਲੇਕ ਨੇ ਦੋ-ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦਿਆਂ ਜਪਾਨ ਦੀ ਟੀਮ ਅੱਠ ਵਿਕਟਾਂ ’ਤੇ 128 ਦੌੜਾਂ ਹੀ ਬਣਾ ਸਕੀ। ਹਾਲਾਂਕਿ ਭਾਰਤੀ ਟੀਮ ਜਪਾਨ ਨੂੰ ਆਲ ਆਊਟ ਕਰਨ ’ਚ ਨਾਕਾਮ ਰਹਿਣ ’ਤੇ ਨਿਰਾਸ਼ ਹੋਵੇਗੀ। -ਪੀਟੀਆਈ