For the best experience, open
https://m.punjabitribuneonline.com
on your mobile browser.
Advertisement

ਸਰਬਸੰਮਤੀ

11:13 AM Sep 28, 2024 IST
ਸਰਬਸੰਮਤੀ
Advertisement

ਮੋਹਣ ਸਿੰਘ ਮੁਗਲ ਮਾਜਰੀ
ਪੱਥਰਾਂ ਦੇ ਸ਼ਹਿਰ ਦੀ ਬੁੱਕਲ ਵਿੱਚ ਵਸੇ ਪਿੰਡ ਵਿੱਚ ਹਰ ਵਾਰ ਪੰਚਾਇਤ ਦੀ ਚੋਣ ਵੇਲੇ ਸਰਬਸੰਮਤੀ ਹੰੁਦੀ। ਪਾਰਟੀਬਾਜ਼ੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਪੀੜ੍ਹੀ-ਦਰ-ਪੀੜ੍ਹੀ ਇਹ ਵਰਤਾਰਾ ਚਲਿਆ ਆ ਰਿਹਾ ਸੀ। ਥੋੜ੍ਹੇ ਬਹੁਤ ਮੱਤਭੇਦ ਹੋਣ ਦੇ ਬਾਵਜੂਦ ਲੋਕਾਂ ਅੰਦਰ ਭਾਈਚਾਰਕ ਸਾਂਝ ਦੀਆਂ ਜੜ੍ਹਾਂ ਪਤਾਲੀਂ ਜੁੜੀਆਂ ਹੋਈਆਂ ਸਨ। ਲੱਗਦਾ ਸੀ, ਸਾਰਾ ਪਿੰਡ ਚੋਣਾਂ ਤੋਂ ਨਿਕਲਣ ਵਾਲੇ ਨਤੀਜਿਆਂ ਤੋਂ ਭਲੀ-ਭਾਂਤ ਜਾਣੂ ਸੀ। ਚੋਣਾਂ ਵਿੱਚ ਹੋਣ ਵਾਲੇ ਖਰਚੇ, ਪਾਰਟੀਬਾਜ਼ੀ, ਖਹਿਬਾਜ਼ੀ ਅਤੇ ਮੁਕੱਦਮੇਬਾਜ਼ੀ ਦੇ ਸੇਕ ਤੋਂ ਸਾਰੇ ਪਾਸਾ ਵੱਟਦੇ ਸਨ। ਇਹ ਸਾਰਾ ਕੁਝ ਅਗਾਂਹਵਧੂ ਨੌਜਵਾਨਾਂ ਦੀ ਉਸਾਰੂ ਸੋਚ ਕਾਰਨ ਹੀ ਸੰਭਵ ਹੋ ਸਕਦਾ ਸੀ। ਕਿਸਾਨੀ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਡੁੱਬ ਕੇ ਆਤਮ-ਹੱਤਿਆ ਦੇ ਰਾਹ ਤੁਰ ਪਈ ਸੀ। ਅਜਿਹੀ ਸੋਚ ਨੇ ਪਿੰਡ ਨੂੰ ਕਲ੍ਹਾ ਦੇ ਰਾਹ ਨਹੀਂ ਪੈਣ ਦਿੱਤਾ।
ਪੰਚਾਇਤ ਚੋਣਾਂ ਦੀ ਗੱਲ ਛੱਡੋ, ਹਰ ਚੋਣ ਸਮੇਂ ਲੋਕਾਂ ਨੂੰ ਵਿਆਹ ਜਿੰਨਾ ਚਾਅ ਹੁੰਦਾ। ਮੁਫਤ ਦੀ ਦਾਰੂ ਤੇ ਮਾਲ-ਪੱਤੇ ਦੀਆਂ ਮੌਜਾਂ। ਸਿਆਣੀ ਰਾਏ ਦੇਣ ਵਾਲੇ ਨੂੰ ਲੋਕ ਟਿੱਚਰਾਂ ਕਰਦੇ। ਬਹੁ ਗਿਣਤੀ ਖਾਣ ਪੀਣ ਵਾਲਿਆਂ ਦੀ ਹੋਣ ਕਰ ਕੇ ਸਿਆਣਾ ਬੰਦਾ ਸਭ ਕੁਝ ਜਾਣਦੇ ਹੋਏ ਮੂੰਹ ਬੰਦ ਰੱਖਣ ਵਿੱਚ ਭਲਾਈ ਸਮਝਦਾ। ਨਾਲੇ ਜਿੱਥੇ ਰੱਬ ਨਾਲੋਂ ਘਸੁੰਨ ਨੇੜੇ ਦਿਸਦਾ ਹੋਵੇ, ਰਾਹ ਜਾਂਦੀ ਬਲਾ ਕੌਣ ਗਲ ਪਾਏ ਪਰ ਇਸ ਬਾਰ ਚੰਗੇ ਭਲੇ ਪਿੰਡ ਨੂੰ ਕਿਹਦੀ ਨਜ਼ਰ ਲੱਗ ਗਈ? ਸਰਬਸੰਮਤੀ ਲਈ ਜੁੜੇ ਲੋਕਾਂ ਵਿੱਚੋਂ ਗੁਰਮੇਲ ਸਿੰਘ ਅਤੇ ਹਰਦੇਵ ਸਿੰਘ ਵਿਚਕਾਰ ਤਣਾ-ਤਣੀ ਹੋ ਗਈ। ਦੋਹਾਂ ਵਿੱਚੋਂ ਕੋਈ ਵੀ ਸਰਬਸੰਮਤੀ ਲਈ ਤਿਆਰ ਨਾ ਹੋਇਆ। ਲੱਗਦਾ ਸੀ, ਪਿੰਡ ਵਿੱਚ ਨਫ਼ਰਤ ਦਾ ਬੀਅ ਫੁੱਟ ਪਿਆ ਸੀ। ਸਿਆਣਿਆਂ ਨੇ ਦੋਹਾਂ ਨੂੰ ਸਮਝਾਉਣ ਲਈ ਪੂਰਾ ਜ਼ੋਰ ਲਾਇਆ ਪਰ ਗੱਲ ਕਿਸੇ ਬੰਨੇ ਨਾ ਲੱਗੀ। ਪਹਿਲੀ ਵਾਰ ਬਗੈਰ ਸੰਮਤੀ ਨਿਰਾਸ਼ਾ ਦੇ ਆਲਮ ਵਿੱਚ ਲੋਕਾਂ ਘਰੋ-ਘਰੀ ਤੁਰ ਪਏ।
ਵੋਟਾਂ ਪੈਣ ਤੋਂ ਕਈ ਦਿਨ ਪਹਿਲਾਂ ਦੋਹਾਂ ਨੇ ਆਪੋ-ਆਪਣੀ ਜਿੱਤ ਲਈ ਪੂਰਾ ਜ਼ੋਰ ਲਾਇਆ। ਪੈਸਾ ਪਾਣੀ ਵਾਂਗ ਵਹਾਇਆ। ਪਿਆਕੜਾਂ ਦੀਆਂ ਮੌਜਾਂ ਲੱਗ ਗਈਆਂ। ਦੋਵੇਂ ਜਿੱਤ ਦੇ ਦਾਅਵੇ ਕਰੀ ਜਾਂਦੇ ਸਨ। ਗੁਰਮੇਲ ਸਿੰਘ ਦਾ ਨਰਮ ਸੁਭਾਅ ਅਤੇ ਹਰ ਇੱਕ ਦੇ ਕੰਮ ਆਉਣ ਕਰ ਕੇ ਉਸ ਦਾ ਪਲੜਾ ਭਾਰੀ ਲੱਗਦਾ ਸੀ। ਦੂਜੇ ਪਾਸੇ ਹਰਦੇਵ ਦਾ ਅੜਬ ਤੇ ਜਿ਼ੱਦੀ ਸੁਭਾਅ ਉਸ ਦੇ ਹੱਕ ਵਿੱਚ ਨਹੀਂ ਸੀ ਜਾਂਦਾ। ਖਰਚ ਪੱਖੋਂ ਹਰਦੇਵ ਸਿੰਘ ਉਪਰ ਸੀ।
ਆਖਿ਼ਰ ਵੋਟਾਂ ਦਾ ਦਿਨ ਵੀ ਆ ਗਿਆ। ਦੋਹਾਂ ਪਾਰਟੀਆਂ ਨੇ ਵੋਟਾਂ ਢੋਣ ਵਿੱਚ ਕੋਈ ਕਸਰ ਨਾ ਛੱਡੀ, ਪੰਜ ਵਜੇ ਤੱਕ ਵੋਟਾਂ ਪਾਉਣ ਵਾਲਿਆਂ ਦੀ ਲਾਈਨ ਨਾ ਟੁੱਟੀ। ਗੁਰਮੇਲ ਸਿੰਘ ਦੇ ਛੋਟੇ ਭਰਾ ਨੂੰ ਤਾਂ ਆਪਣੀ ਜਿੱਤ ਪੱਕੀ ਲੱਗਦੀ ਸੀ, ਇਸ ਕਰ ਕੇ ਉਸ ਨੇ ਢੋਲੀ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ। ਉਹ ਤਾਂ ਘਰ ਵਿੱਚ ਪੂਰੀ ਪਾਰਟੀ ਦਾ ਪ੍ਰਬੰਧ ਵੀ ਕਰੀ ਬੈਠਾ ਸੀ।
ਵੋਟਾਂ ਪੈਣ ਦਾ ਕੰਮ ਪੰਜ ਵਜੇ ਸਮਾਪਤ ਹੋ ਗਿਆ। ਬਾਹਰਲੇ ਗੇਟ ਨੂੰ ਅੰਦਰੋਂ ਤਾਲਾ ਲੱਗ ਗਿਆ। ਅੰਦਰ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ। ਗੇਟ ਦੇ ਬਾਹਰ ਸਾਰਾ ਪਿੰਡ ਜੁੜ ਗਿਆ। ਦੋਹਾਂ ਪਾਰਟੀਆਂ ਦੇ ਹਮਾਇਤੀ ਟੋਲੇ ਬਣਾਈ ਖੜ੍ਹੇ ਸਨ। ਸਭ ਦੇ ਦਿਲਾਂ ਦਿਆਂ ਧੜਕਣਾਂ ਤੇਜ਼ ਹੋ ਗਈਆਂ ਸਨ। ਸਾਰੇ ਸਾਹ ਰੋਕੀ ਖੜ੍ਹੀ ਸਨ। ਘੰਟੇ ਕੁ ਮਗਰੋਂ ਚੋਣ ਪਾਰਟੀ ਨੇ ਗੁਰਮੇਲ ਸਿੰਘ ਨੂੰ ਜੇਤੂ ਐਲਾਨ ਦਿੱਤਾ। ਚੋਣ ਪਾਰਟੀ ਨੇ ਗੁਰਮੇਲ ਸਿੰਘ ਨੂੰ ਵਧਾਈ ਦਿੱਤੀ।
ਢੋਲੀ ਢੋਲ ’ਤੇ ਡੱਗਾ ਲਾਉਣ ਹੀ ਲੱਗਿਆ ਸੀ ਕਿ ਗੁਰਮੇਲ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ। ਫਿਰ ਉਹ ਹਰਦੇਵ ਸਿੰਘ ਕੋਲ ਗਿਆ ਤੇ ਉਸ ਨੂੰ ਕਲਾਵੇ ਵਿੱਚ ਲੈ ਲਿਆ, ਉਸ ਨੇ ਹੱਥ ਜੋੜ ਕੇ ਪਿੰਡ ਵਾਸੀਆਂ ਨੂੰ ਕਿਹਾ, “ਆਪਾ ਸਾਰਿਆਂ ਨੇ ਗੁਰੂ ਘਰ ਮੱਥਾ ਟੇਕਣ ਜਾਣਾ ਤੇ ਫਿਰ ਸਾਰਿਆਂ ਨੇ ਮੇਰੇ ਘਰ ਜਾ ਕੇ ਕੱਪ-ਕੱਪ ਚਾਹ ਦਾ ਪੀਣਾ।” ਸਾਰਾ ਪਿੰਡ ਢੋਲੀ ਦੇ ਪਿੱਛੇ ਗੁਰੂ ਘਰ ਵੱਲ ਜਾ ਰਿਹਾ ਸੀ।
ਦੋਹਾਂ ਨੂੰ ਜੱਫੀ ਪਾਈ ਦੇਖ ਲੋਕ ਬਹੁਤ ਖੁਸ਼ ਹੋਏ, ਉਹ ਗੁਰਮੇਲ ਸਿੰਘ ਦੀਆਂ ਤਾਰੀਫਾਂ ਕਰ ਰਹੇ ਸਨ ਜਿਸ ਨੇ ਨਾਜ਼ੁਕ ਘੜੀ ਸਾਂਭ ਕੇ ਪਿੰਡ ਵਿੱਚ ਨਫ਼ਰਤ ਦਾ ਬੀਜ ਪੁੰਗਰਨ ਤੋਂ ਪਹਿਲਾਂ ਹੀ ਮਸਲ ਦਿੱਤਾ ਸੀ। ਇਉਂ ਲੱਗਦਾ ਸੀ, ਜਿਵੇਂ ਪਿੰਡ ਵਿੱਚ ਮੁੜ ਸਰਬਸੰਮਤੀ ਹੋ ਗਈ ਹੋਵੇ।
ਸੰਪਰਕ: 84271-05977

Advertisement

Advertisement
Advertisement
Author Image

sanam grng

View all posts

Advertisement