ਸਰੋਤੇ ਬਨਾਮ ਦਰਸ਼ਕ
ਸਰੋਜ
ਕੁਲਵੰਤ ਕੌਰ ਮੇਰੀ ਸਾਥਣ ਅਧਿਆਪਕ ਸੀ ਜਿਹੜੀ ਉਮਰ ਵਿੱਚ ਮੈਥੋਂ 15-16 ਸਾਲ ਵੱਡੀ ਸੀ। ਅਸੀਂ ਜਲੰਧਰ ਤੋਂ ਲੋਕਲ ਬੱਸ ਰਾਹੀਂ ਉੱਗੀ ਪਿੰਡ ਦੇ ਸਕੂਲ ਤੱਕ ਇਕੱਠੀਆਂ ਇਕ ਸੀਟ ਉੱਤੇ ਬੈਠ ਕੇ ਜਾਂਦੀਆਂ, ਸਕੂਲੇ ਇਕੱਠੀਆਂ ਬੈਠ ਕੇ ਰੋਟੀ ਖਾਂਦੀਆਂ ਨਾਲ-ਨਾਲ ਗੱਲਾਂ ਕਰੀ ਜਾਂਦੀਆਂ। ਮੈਡਮ ਕੁਲਵੰਤ ਮੇਰੇ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਸਾਂਝੇ ਕਰਦੇ ਸਨ। ਉਨ੍ਹਾਂ ਗੱਲਾਂ ਦਾ ਸਾਰ ਤੱਤ ਅਤੇ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਸੀ। ਕਈ ਵਾਰ ਉਹ ਕੋਈ ਗੱਲ ਕਰਦੇ-ਕਰਦੇ ਅਟਕ ਜਾਂਦੇ, ਸ਼ਾਇਦ ਸੋਚਦੇ ਹੋਣ ਕਿ ਮੈਨੂੰ ਗੱਲ ਬੁਰੀ ਨਾ ਲੱਗੇ ਪਰ ਮੈਂ ਉਨ੍ਹਾਂ ਦੇ ਮੂੰਹ ਵਿਚਲੀ ਗੱਲ ਪੂਰੀ ਕਰ ਦਿੰਦੀ। ਉਹ ਮੇਰੇ ਵੱਲ ਦੇਖਦੇ, ਹੈਰਾਨ ਹੋ ਕੇ ਕਹਿੰਦੇ, “ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਕਹਿ ਦਿੱਤੀ।” ਇਉਂ ਅਕਸਰ ਹੁੰਦਾ। ਉਹ ਕਹਿੰਦੇ, “ਤੁਸੀਂ ਤਾਂ ਛੋਟੀ ਉਮਰ ਵਿੱਚ ਹੀ ਸਿਆਣੀਆਂ ਗੱਲਾਂ ਕਰਨ ਲੱਗ ਪਏ ਹੋ। ਤੁਹਾਡੇ ਅੰਦਰ ਹਰ ਪ੍ਰਸੰਗ ਸੁਣਨ ਅਤੇ ਸੁਣ ਕੇ ਸਮਝਣ ਦੀ ਸ਼ਕਤੀ ਹੈ।” ਅਸੀਂ ਹੱਸ ਪੈਂਦੀਆਂ।
ਉਨ੍ਹਾਂ ਦੇ ਦੋ ਲੜਕੇ ਸਨ। ਬਹੁਤ ਹੁਸ਼ਿਆਰ। ਮੈਡਮ ਦੱਸਦੇ, “ਬੱਚੇ ਬਹੁਤ ਸਮਝਦਾਰ ਹਨ। ਰਸੋਈ ਵਿੱਚ ਮੇਰੀ ਮਦਦ ਵੀ ਕਰ ਦਿੰਦੇ ਨੇ। ਘਰ ਦਾ ਹੱਸਮੁਖ ਤੇ ਚੰਗਾ ਮਾਹੌਲ ਬੱਚਿਆ ਨੇ ਹੀ ਬਣਾਇਆ ਹੋਇਆ ਹੈ।” ਲੜਕੇ ਇੰਜਨੀਅਰਿੰਗ ਦੀ ਪੜ੍ਹਾਈ ਕਰਦੇ ਸਨ। ਵੱਡਾ ਲੜਕਾ ਇਨਫੋਇਸਸ ਵਿੱਚ ਨੌਕਰੀ ਕਰਦਾ ਕੈਨੇਡਾ ਹੀ ਸੈੱਟ ਹੋ ਗਿਆ ਅਤੇ ਛੋਟਾ ਗੁੜਗਾਓਂ ਪ੍ਰਸਿੱਧ ਕੰਪਨੀ ਵਿੱਚ ਨੌਕਰੀ ਉੱਤੇ ਜਾ ਲੱਗਾ। ਬੱਸ ਵਿੱਚ ਬੈਠੇ ਮੈਡਮ ਕਦੇ-ਕਦੇ ਬੱਚਿਆਂ ਦੀਆਂ ਗੱਲਾਂ ਕਰਨ ਲੱਗ ਜਾਂਦੇ, “ਬੱਚਿਆਂ ਨੂੰ ਵੀ ਸੁਣਨ ਦੀ ਬਹੁਤ ਚੰਗੀ ਆਦਤ ਹੈ। ਮੈਂ ਬਚਪਨ ਤੋਂ ਹੀ ਉਨ੍ਹਾਂ ਨੂੰ ਚੰਗੇ ਇਨਸਾਨ ਬਣਨ ਦੇ ਪ੍ਰਸੰਗ ਸੁਣਾਉਂਦੀ ਰਹਿੰਦੀ ਸਾਂ। ਕਦੇ ਬਾਤਾਂ ਦੇ ਰੂਪ ਵਿੱਚ, ਕਦੇ ਘਟਨਾਵਾਂ ਦੇ ਰੂਪ ਵਿੱਚ। ਸ਼ੁਰੂ ਤੋਂ ਮੈਂ ਘਰ ਦੇ ਕੰਮਾਂ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਲਈ ਸਮਾਂ ਬਚਾ ਕੇ ਰੱਖਦੀ ਰਹੀ ਹਾਂ। ਮੇਰੇ ਬੱਚੇ ਵੀ ਚੰਗੇ ਸਰੋਤਾ ਹਨ। ਮੈਂ ਉਨ੍ਹਾਂ ਨੂੰ ਕਹਿੰਦੀ ਹੁੰਦੀ ਸਾਂ... ਬਾਹਰ ਨਿਕਲ ਕੇ ਚੰਗੇ ਸਰੋਤੇ ਬਣੋ; ਚਾਹੇ ਉਹ ਸਕੂਲ ਹੋਵੇ ਜਾਂ ਜ਼ਿੰਦਗੀ ਦੇ ਵੱਖ-ਵੱਖ ਪੜਾਅ, ਤੁਸੀਂ ਉਥੋਂ ਸੁਣ ਕੇ ਵਾਚ ਕਰ ਕੇ ਸਿੱਖਿਆ ਪ੍ਰਾਪਤ ਕਰ ਸਕਦੇ ਹੋ। ਜੋ ਬਹੁਤ ਬੋਲਣ ਵਾਲੇ ਹੁੰਦੇ, ਉਨ੍ਹਾਂ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ।
ਮੇਰੇ ਨਾਲ ਮੈਡਮ ਕੁਲਵੰਤ ਕੌਰ ਨੇ ਸੱਤ ਕੁ ਸਾਲ ਨੌਕਰੀ ਕੀਤੀ। ਸਕੂਲੋਂ ਛੁੱਟੀ ਹੁੰਦੀ ਤਾਂ ਬੱਸ ਅੱਡੇ ਵੱਲ ਜਾਂਦਿਆਂ ਮੇਰੀ ਬਾਂਹ ਫੜ ਲੈਂਦੇ... ਤੇ ਗੱਲਾਂ ਸੁਣਾਉਣ ਲੱਗ ਪੈਂਦੇ। ਬੱਸ ਆ ਜਾਂਦੀ ਤੇ ਆਪਣੇ ਨਾਲ ਵਾਲੀ ਸੀਟ ’ਤੇ ਬੈਠ ਕੇ ਮੈਨੂੰ ਇਸ਼ਾਰੇ ਨਾਲ ਬਿਠਾ ਲੈਂਦੇ, “ਆ ਜਾ ਕੁੜੀਏ! ਮੇਰੇ ਨਾਲ ਏਥੇ ਬੈਠ... ਮੇਰੇ ਕੋਲ।” ਫਿਰ ਆਪਣੀ ਅਧੂਰੀ ਰਹਿ ਗਈ ਗੱਲ ਸੁਣਾਉਣ ਲੱਗ ਪੈਂਦੇ। ਮੈਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੀ। ਉਹ ਵਧੇਰੇ ਕਰ ਕੇ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਗੱਲਾਂ ਕਰਦੇ... ਨੈਤਿਕ ਸਿੱਖਿਆ ਕਿਵੇਂ ਦੇਣੀ ਹੈ, ਸਦਾਚਾਰ ਦੇ ਕੀ ਅਰਥ ਹੁੰਦੇ, ਸਾਨੂੰ ਸਬਰ ਤੇ ਸੰਤੋਖ ਦੇ ਗੁਣ ਕਿਵੇਂ ਪ੍ਰਾਪਤ ਹੁੰਦੇ ਅਤੇ ਅਸੀਂ ਕਿਵੇਂ ਬੱਚਿਆਂ ਅੰਦਰ ਇਹ ਗੁਣ ਪੈਦਾ ਕਰਨੇ ਹੁੰਦੇ...।
ਜਦੋਂ ਮੈਂ ਆਪਣੇ ਬੱਚਿਆਂ ਬਾਰੇ ਦੱਸਦੀ ਤਾਂ ਬਹੁਤ ਖੁਸ਼ ਹੁੰਦੇ ਤੇ ਕਹਿੰਦੇ, “ਬੱਚਿਆਂ ਦੀ ਸ਼ਖ਼ਸੀਅਤ ਘੜਨ ਵਿੱਚ ਮਾਵਾਂ ਦਾ ਬਹੁਤ ਯੋਗਦਾਨ ਹੁੰਦਾ। ਅਸੀਂ ਜਦੋਂ ਪਤੀ ਪਤਨੀ ਘਰ ਵਿੱਚ ਵਿਚਰਦੇ ਹਾਂ... ਗੱਲਾਂ ਕਰਦੇ ਹਾਂ... ਘਰ ਦਾ ਚੰਗਾ-ਮਾੜਾ ਮਾਹੌਲ ਸਿਰਜਦੇ ਹਾਂ, ਉਸ ਵਿੱਚੋਂ ਬੱਚੇ ਬਹੁਤ ਕੁਝ ਪ੍ਰਾਪਤ ਕਰਦੇ।”
ਮੈਡਮ ਆਪਣੇ ਪੁਰਾਣੇ ਸਕੂਲ ਦੀ ਨਿੱਕੀ ਤੋਂ ਨਿੱਕੀ ਘਟਨਾ ਵੀ ਮੈਨੂੰ ਦੱਸਦੇ, ਹੱਸਦੇ ਤੇ ਹਸਾਉਂਦੇ। ਉਨ੍ਹਾਂ ਦੀਆਂ ਗੱਲਾਂ ਵਿੱਚ ਨਿੱਘ ਤੇ ਅਪਣੱਤ ਤਾਂ ਹੁੰਦਾ ਹੀ ਸੀ, ਸੂਝ ਤੇ ਸਿਆਣਪ ਵੀ ਹੁੰਦੀ ਸੀ। ਮੈਨੂੰ ਉਦੋਂ ਲੱਗਣ ਲੱਗ ਪਿਆ ਕਿ ਵਧੀਆ ਸਰੋਤਾ ਹੋਣਾ ਵੀ ਗੁਣ ਹੈ। ਤੁਸੀਂ ਸਰੋਤਾ ਬਣ ਕੇ ਕੀਮਤੀ ਗੱਲਾਂ ਗ੍ਰਹਿਣ ਕਰ ਲੈਂਦੇ ਹੋ ਅਤੇ ਆਪਣੇ ਸ਼ਬਦ ਭੰਡਾਰ ਵਿੱਚ ਵੀ ਵਾਧਾ ਕਰਦੇ ਹੋ। ਜਦੋਂ ਕੁਝ ਸਾਲਾਂ ਬਾਅਦ ਦੂਜੇ ਸਕੂਲ ਵਿੱਚ ਮੇਰੀ ਬਦਲੀ ਹੋਈ ਤਾਂ ਨਵੀਂ ਉਮਰ ਦੀਆਂ ਸਾਥਣਾਂ ਨਾਲ ਵਾਹ ਪਿਆ... ਜੇ ਮੈਂ ਕੋਈ ਗੱਲ ਜਾਂ ਸਕੂਲ ਦੇ ਕੰਮ ਬਾਰੇ ਦੱਸਦੀ ਤਾਂ ਉਹ ਮੇਰੀ ਗੱਲ ਵਿਚੋਂ ਹੀ ਕੱਟ ਕੇ ਬੋਲਣ ਲੱਗ ਪੈਂਦੀਆਂ... ਮੇਰੀ ਗੱਲ ਧਿਆਨ ਨਾਲ ਸੁਣੇ ਬਗੈਰ ਆਪਣੀ ਗ਼ਲਤ ਗੱਲ ਠੀਕ ਸਿੱਧ ਕਰਨ ਲੱਗ ਪੈਂਦੀਆਂ। ਮੈਂ ਉਨ੍ਹਾਂ ਬਾਰੇ ਸੋਚਦੀ ਚੁੱਪ ਕਰ ਜਾਂਦੀ ਕਿ ਇਨ੍ਹਾਂ ਨਵੀਆਂ ਅਧਿਆਪਕਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨਾ ਕਿਵੇਂ ਆਵੇਗਾ? ਇਹ ਗ਼ਲਤ ਕੰਮ ਨੂੰ ਹੀ ਠੀਕ ਕੰਮ ਸਮਝ ਕੇ ਕਰੀ ਜਾਣਗੀਆਂ।
ਕੁਲਵੰਤ ਮੈਡਮ ਦੱਸਦੀ ਹੁੰਦੀ ਸੀ: “ਸਾਡੇ ਸਾਰੇ ਰਿਸ਼ਤੇਦਾਰ ਦੂਰ-ਦੂਰ ਰਹਿੰਦੇ। ਬੱਚੇ ਵੀ ਨੌਕਰੀ ਤੇ ਕੰਮ ਧੰਦੇ ਕਰ ਕੇ ਦੂਰ ਚਲੇ ਗਏ। ਹੁਣ ਉਨ੍ਹਾਂ ਨਾਲ ਮੇਲ ਕਿਸੇ ਤਿੱਥ ਤਿਓਹਾਰ ਤੇ ਵਿਆਹ ਸ਼ਾਦੀ ’ਤੇ ਹੀ ਹੁੰਦਾ। ਮੇਰੀ ਕੋਈ ਧੀ ਵੀ ਨਹੀਂ ਜਿਸ ਨਾਲ ਮੈਂ ਗੱਲਾਂ ਸਾਂਝੀਆਂ ਕਰ ਸਕਾਂ। ਇਕ ਤੂੰ ਹੀ ਮੈਨੂੰ ਲੱਭੀ ਏਂ ਮੇਰੀਆਂ ਗੱਲਾਂ ਸੁਣਨ ਨੂੰ।”
ਹੁਣ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਬਾਹਰਲੇ ਮੁਲਕਾਂ ਵਿੱਚ ਵੱਸ ਗਏ ਹਨ। ਜਲਦੀ-ਜਲਦੀ ਮਿਲਣਾ ਤਾਂ ਦੂਰ ਦੀ ਗੱਲ ਹੈ, ਫੋਨ ’ਤੇ ਵੀ ਗੂੜ੍ਹੀਆਂ ਗੱਲਾਂ ਨਹੀਂ ਹੁੰਦੀਆਂ। ਜਦੋਂ ਕੋਈ ਵਿਦੇਸ਼ ਤੋਂ ਮਿਲਣ ਆਉਂਦਾ ਹੈ ਤਾਂ ਉਹ ਕਈ ਪੁਰਾਣੇ ਰਿਸ਼ਤੇਦਾਰਾਂ ਨੂੰ ਮਿਲੇ ਬਿਨਾਂ ਪਰਤ ਜਾਂਦਾ ਹੈ। ਉਨ੍ਹਾਂ ਨਾਲ ਵੱਡੇ ਹੋ ਰਹੇ ਉਨ੍ਹਾਂ ਦੇ ਬੱਚੇ ਵੀ ਹੁੰਦੇ ਜਿਹੜੇ ਉਨ੍ਹਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ। ਸਰੋਤੇ ਬਣਨ ਦੀ ਬਜਾਇ ਉਹ ਚੌਵੀਂ ਘੰਟੇ ਮੋਬਾਈਲ ਦੇ ਦਰਸ਼ਕ ਬਣੇ ਰਹਿੰਦੇ। ਉਨ੍ਹਾਂ ਦੇ ਮਾਪੇ ਜੇ ਕਿਸੇ ਦੀ ਗੱਲ ਸੁਣਨ ਨੂੰ ਕਹਿਣ ਤਾਂ ਉਹ ਸਭ ਨੂੰ ਆਪਣਾ ਡਾਇਲਾਗ ਸੁਣਾ ਕੇ ਚੁੱਪ ਕਰਾ ਦਿੰਦੇ ਨੇ, “ਆਈ ਡੌਂਟ ਕੇਅਰ ਅਬਾਊਟ ਦੈਮ।”
ਵਿਹਲੀ ਬੈਠੀ ਕਦੇ-ਕਦੇ ਸੋਚਦੀ ਹਾਂ ਕਿ ਕੁਲਵੰਤ ਕੌਰ ਵਰਗੇ ਅਧਿਆਪਕ ਮੇਰੇ ਹਿੱਸੇ ਤਾਂ ਆ ਗਏ ਪਰ ਅਗਲੀ ਪੀੜ੍ਹੀ ਦੇ ਹਿੱਸੇ ਮੋਬਾਈਲ ਫੋਨ ਆਏ... ਜਿਹੜੇ ਬਹੁਤ ਕੁਝ ਦਿਖਾ ਕੇ ਬੱਚਿਆਂ ਅੰਦਰ ਹਿੰਸਾ, ਤਣਾਓ, ਇਕੱਲਤਾ ਤੇ ਬੇਚੈਨੀ ਭਰ ਰਹੇ ਹਨ; ਤੇ ਬੱਚੇ ਜਾਂ ਗੱਡੀ ਵਿੱਚ ਨਾਲ ਬੈਠੀਆਂ ਨਵੀਆਂ ਅਧਿਆਪਕਾਂ ਵੀ ਸਰੋਤਾ ਬਣਨ ਦੀ ਬਜਾਇ ਆਪੋ-ਆਪਣਾ ਮੋਬਾਈਲ ਕੱਢ ਕੇ ਕੁਝ ਨਾ ਕੁਝ ਦੇਖਣ ਲੱਗ ਪੈਂਦੀਆਂ ਹਨ।
ਸੰਪਰਕ: 94642-36953