ਸੰਯੁਕਤ ਰਾਸ਼ਟਰ ‘ਪੁਰਾਣੀ ਕੰਪਨੀ’ ਵਾਂਗ: ਜੈਸ਼ੰਕਰ
07:06 AM Oct 07, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਕਤੂਬਰ
ਨਵੀਂ ਦਿੱਲੀ, 6 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ‘ਪੁਰਾਣੀ ਕੰਪਨੀ’ ਵਾਂਗ ਹੈ ਜੋ ਹੁਣ ਬਾਜ਼ਾਰ ਦੇ ਕਦਮ ਨਾਲ ਕਦਮ ਮਿਲਾ ਕੇ ਨਹੀਂ ਚੱਲ ਪਾ ਰਹੀ ਹੈ ਪਰ ਆਪਣੀ ਥਾਂ ਬਣਾਈ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਸਨੂਈ ਬੌਧਿਕਤਾ (ਏਆਈ) ਪਰਮਾਣੂ ਹਥਿਆਰਾਂ ਵਾਂਗ ਖ਼ਤਰਨਾਕ ਹੈ। ਕੌਟਲਯ ਆਰਥਿਕ ਸੰਮੇਲਨ ਦੌਰਾਨ ਆਪਣੇ ਸੰਬੋਧਨ ’ਚ ਉਨ੍ਹਾਂ ਯੂਰਕੇਨ-ਰੂਸ ਅਤੇ ਇਜ਼ਰਾਈਲ-ਹਮਾਸ ਜੰਗਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਦੁਨੀਆ ’ਚ ਦੋ ਬਹੁਤ ਹੀ ਗੰਭੀਰ ਜੰਗਾਂ ਚੱਲ ਰਹੀਆਂ ਹਨ ਪਰ ਸੰਯੁਕਤ ਰਾਸ਼ਟਰ ਕਿਤੇ ਨਜ਼ਰ ਨਹੀਂ ਆਉਂਦਾ ਹੈ ਅਤੇ ਉਹ ਸਿਰਫ਼ ਮੂਕ ਦਰਸ਼ਕ ਵਾਂਗ ਪਾਸੇ ਖੜ੍ਹ ਕੇ ਤਮਾਸ਼ਾ ਦੇਖ ਰਿਹਾ ਹੈ ਤੇ ਉਹ ਇਨ੍ਹਾਂ ਜੰਗਾਂ ਦਾ ਹੱਲ ਕੱਢਣ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ, ‘‘ਸੰਯੁਕਤ ਰਾਸ਼ਟਰ ਪੱਛੜ ਗਿਆ ਹੈ ਅਤੇ ਮੁਲਕ ਆਪਣੇ ਹਿਸਾਬ ਨਾਲ ਕੰਮ ਕਰਨ ਲੱਗ ਪਏ ਹਨ ਜਿਸ ਕਾਰਨ ਕਦੇ ਅਹਿਮੀਅਤ ਰੱਖਣ ਵਾਲੀ ਜਥੇਬੰਦੀ ਦੀ ਹੋਂਦ ਖ਼ਤਰੇ ’ਚ ਪੈ ਗਈ ਹੈ। ਪਿਛਲੇ 5-10 ਸਾਲਾਂ ਦੀ ਹੀ ਮਿਸਾਲ ਲਵੋ। ਸਾਡੀ ਜ਼ਿੰਦਗੀ ’ਚ ਕੋਵਿਡ ਮਹਾਮਾਰੀ ਫੈਲੀ ਪਰ ਸੰਯੁਕਤ ਰਾਸ਼ਟਰ ਨੇ ਉਸ ਬਾਰੇ ਕੀ ਕੀਤਾ। ਮੇਰੇ ਵਿਚਾਰ ਨਾਲ ਯੂਐੱਨ ਨੇ ਮਹਾਮਾਰੀ ਲਈ ਬਹੁਤਾ ਕੁਝ ਨਹੀਂ ਕੀਤਾ।’’ ਜ਼ਿਕਰਯੋਗ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਸੁਧਾਰਾਂ ਦੀ ਮੰਗ ਕਰਦਾ ਆ ਰਿਹਾ ਹੈ। ਜੈਸ਼ੰਕਰ ਨੇ ਚਿਤਾਵਨੀ ਦਿੱਤੀ ਕਿ ਏਆਈ ਦਾ ਅਗਲੇ ਦਹਾਕੇ ਦੌਰਾਨ ਪੂਰੀ ਦੁਨੀਆ ’ਤੇ ਅਸਰ ਪਵੇਗਾ ਅਤੇ ਉਸ ਦੇ ਮਾੜੇ ਪ੍ਰਭਾਵਾਂ ਨਾਲ ਸਿੱਝਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸੰਭਾਵੀ ਨਤੀਜਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਭੂ-ਸਿਆਸੀ ਅਤੇ ਆਰਥਿਕ ਹਾਲਾਤ ਬਦਲ ਗਏ ਹਨ ਅਤੇ ਆਉਂਦੇ ਦਿਨਾਂ ’ਚ ਕਈ ਰੁਝਾਨ ਹੋਰ ਤੇਜ਼ ਹੋਣਗੇ। ਜੈਸ਼ੰਕਰ ਨੇ ਸ੍ਰੀਲੰਕਾ ਜਿਹੇ ਗੁਆਂਢੀ ਸਮੇਤ ਹੋਰ ਮੁਲਕਾਂ ਦੀ ਸਹਾਇਤਾ ਲਈ ਭਾਰਤ ਵੱਲੋਂ ਚੁੱਕੇ ਗਏ ਕੁਝ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਆਉਂਦੇ ਦੌਰੇ ਬਾਰੇ ਵਿਦੇਸ਼ ਮੰਤਰੀ ਨੇ ਦੁਹਰਾਇਆ ਕਿ ਉਹ ਉਥੇ ਦੁਵੱਲੇ ਸਬੰਧਾਂ ਬਾਰੇ ਕੋਈ ਗੱਲਬਾਤ ਕਰਨ ਲਈ ਨਹੀਂ ਸਗੋਂ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਜਾ ਰਹੇ ਹਨ। ਗਲੋਬਲ ਸਾਊਥ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਇਹ ਸਾਂਝਾ ਉੱਦਮ ਹੈ ਅਤੇ ਭਾਰਤ ਇਸ ਦੀ ਅਗਵਾਈ ਨਹੀਂ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਅਗਲੇ ਦਿਨਾਂ ਵਿੱਚ ਐੱਸਸੀਓ ਸਿਖਰ ਵਾਰਤਾ ਲਈ ਦੋ ਰੋਜ਼ਾ ਦੌਰੇ ਲਈ ਪਾਕਿਸਤਾਨ ਜਾ ਰਹੇ ਹਨ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਪਿਛਲੇ ਦਿਨੀਂ ਯੂਐੱਨ ਵਿੱਚ ਸੰਬੋਧਨ ਕੀਤਾ ਸੀ।
ਮਾਲਦੀਵ ਦੇ ਰਾਸ਼ਟਰਪਤੀ ਦਾ ਭਾਰਤ ਪੁੱਜਣ ’ਤੇ ਜੈਸ਼ੰਕਰ ਵੱਲੋਂ ਸਵਾਗਤ
ਨਵੀਂ ਦਿੱਲੀ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਭਾਰਤ ਦੌਰੇ ਲਈ ਅੱਜ ਇਥੇ ਪਹੁੰਚ ਗਏ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੁਲਾਕਾਤ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਜੈਸ਼ੰਕਰ ਨੇ ਭਾਰਤ-ਮਾਲਦੀਵ ਸਬੰਧਾਂ ਦੀ ਮਜ਼ਬੂਤੀ ਲਈ ਮੁਇਜ਼ੂ ਵੱਲੋਂ ਪ੍ਰਗਟਾਈ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਭਰੋਸਾ ਜ਼ਾਹਿਰ ਕੀਤਾ ਕਿ ਮੁਇਜ਼ੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਗੱਲਬਾਤ ਨਾਲ ਦੋਵੇਂ ਮੁਲਕਾਂ ਦੇ ਦੋਸਤਾਨਾ ਸਬੰਧਾਂ ਨੂੰ ਨਵਾਂ ਹੁਲਾਰਾ ਮਿਲੇਗਾ। ਜੈਸ਼ੰਕਰ ਨੇ ਮੁਇਜ਼ੂ ਨਾਲ ਆਪਣੀਆਂ ਤਸਵੀਰਾਂ ‘ਐਕਸ’ ’ਤੇ ਸਾਂਝੀ ਕਰਦਿਆਂ ਲਿਖਿਆ, ‘‘ਭਾਰਤ ਦੇ ਸਰਕਾਰੀ ਦੌਰੇ ’ਤੇ ਆਏ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨਾਲ ਅੱਜ ਮੁਲਾਕਾਤ ਕਰਕੇ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਵੱਲੋਂ ਭਾਰਤ-ਮਾਲਦੀਵ ਦੇ ਸਬੰਧਾਂ ਨੂੰ ਹੋਰ ਅਗਾਂਹ ਲਿਜਾਣ ਪ੍ਰਤੀ ਪ੍ਰਗਟਾਈ ਵਚਨਬੱਧਤਾ ਦੀ ਮੈਂ ਸ਼ਲਾਘਾ ਕਰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਲਕੇ ਮੀਟਿੰਗ ਨਾਲ ਸਾਡੇ ਦੋਸਤਾਨਾ ਸਬੰਧਾਂ ਨੂੰ ਨਵਾਂ ਹੁਲਾਰਾ ਮਿਲੇਗਾ।’’
ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੱਦੇ ’ਤੇ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਆਪਣੀ ਪਤਨੀ ਸਾਜਿਦਾ ਮੁਹੰਮਦ ਨਾਲ 6 ਤੋਂ 10 ਅਕਤੂਬਰ ਤੱਕ ਲਈ ਭਾਰਤ ਦੇ ਦੌਰੇ ’ਤੇ ਆਏ ਹਨ। ਉਹ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੀਟਿੰਗਾਂ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੇ ਇਥੇ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। -ਏਐੱਨਆਈ
Advertisement
Advertisement