ਉਮਰ ਵੱਲੋਂ ਅਤਿਵਾਦੀ ਹਮਲੇ ’ਚ ਮਾਰੇ ਗਏ ਡਾਰ ਦੇ ਪਰਿਵਾਰ ਨਾਲ ਮੁਲਾਕਾਤ
ਸ੍ਰੀਨਗਰ/ਜੰਮੂ, 22 ਅਕਤੂਬਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੰਦਰਬਲ ’ਚ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ’ਚ ਜਾਨ ਗੁਆਉਣ ਵਾਲੇ ਸ਼ਾਹਨਵਾਜ਼ ਡਾਰ ਦੇ ਘਰ ਦਾ ਦੌਰਾ ਕੀਤਾ। ਅਬਦੁੱਲਾ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਨਾਈਦਗਾਮ ਪਿੰਡ ’ਚ ਡਾਰ ਦੀ ਰਿਹਾਇਸ਼ ’ਤੇ ਪੁੱਜੇ। ਮੁੱਖ ਮੰਤਰੀ ਨੇ ਮ੍ਰਿਤਕ ਡਾਕਟਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕੀਤੀ। ਅਬਦੁੱਲਾ ਨਾਲ ਉਨ੍ਹਾਂ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਵੀ ਸਨ।
ਇਸੇ ਦੌਰਾਨ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਉਪ ਰਾਜਪਾਲ ਮਨੋਜ ਸਿਨਹਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਗਗਨਗੀਰ ਨਿਰਮਾਣ ਵਾਲੀ ਥਾਂ ਤੋਂ ਗ਼ੈਰ-ਸਥਾਨਕ ਮਜ਼ਦੂਰਾਂ ਦੀ ਹਿਜਰਤ ਰੋਕਣ ਲਈ ਕਿਹਾ ਹੈ। ਇਸੇ ਤਰ੍ਹਾਂ ਅਤਿਵਾਦੀ ਹਮਲੇ ’ਚ ਮਾਰੇ ਗਏ ਜੰਮੂ ਦੇ ਸ਼ਸ਼ੀ ਅਬਰੋਲ ਦਾ ਅੱਜ ਇੱਥੇ ਸਸਕਾਰ ਕਰ ਦਿੱਤਾ ਗਿਆ। ਸ਼ਸ਼ੀ ਅਬਰੋਲ ਦਾ ਸਸਕਾਰ ਸ਼ਕਤੀਨਗਰ ਸ਼ਮਸ਼ਾਨਘਾਟ ’ਚ ਕੀਤਾ ਗਿਆ। -ਪੀਟੀਆਈ
ਹਮਲੇ ਦੀ ਜਾਂਚ ਦੇ ਸਿਲਸਿਲੇ ’ਚ 40 ਜਣਿਆਂ ਤੋਂ ਪੁੱਛ ਪੜਤਾਲ
ਸ੍ਰੀਨਗਰ:
ਗੰਦਰਬਲ ਅਤਿਵਾਦੀ ਹਮਲੇ ਦੀ ਜਾਂਚ ਦੇ ਸਿਲਸਿਲੇ ’ਚ ਜਾਂਚਕਰਤਾਵਾਂ ਨੇ ਪੁੱਛ-ਪੜਤਾਲ ਲਈ 40 ਤੋਂ ਵੱਧ ਵਿਅਕਤੀ ਹਿਰਾਸਤ ’ਚ ਲਏ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘ਅਸੀਂ ਅਤਿਵਾਦੀਆਂ ਨੂੰ ਦੇਰ-ਸਵੇਰ ਫੜ ਹੀ ਲਵਾਂਗੇ। ਅਸੀਂ ਪੁੱਛ ਪੜਤਾਲ ਲਈ ਕਈ ਮਸ਼ਕੂਕ ਹਿਰਾਸਤ ’ਚ ਲਏ ਹਨ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।’ ਇਸੇ ਤਰ੍ਹਾਂ ਜੰਮੂ ਕਸ਼ਮੀਰ ਪੁਲੀਸ ਦੇ ਕਾਊਂੲਰ ਇੰਟੈਲੀਜੈਂਸ ਵਿੰਗ ਨੇ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤਾਇਬਾ ਨਾਲ ਸਬੰਧਤ ਮੰਨੀ ਜਾਣ ਵਾਲੀ ਇੱਕ ਨਵੀਂ ਅਤਿਵਾਦੀ ਜਥੇਬੰਦੀ ਦਾ ਖਾਤਮਾ ਕਰਨ ਲਈ ਘਾਟੀ ਦੇ ਕਈ ਜ਼ਿਲ੍ਹਿਆਂ ’ਚ ਅੱਜ ਛਾਪੇ ਮਾਰੇ। -ਪੀਟੀਆਈ