ਯੂਕਰੇਨ ਵੱਲੋਂ ਰੂਸ ਦੇ ਤੇਲ ਭੰਡਾਰ ’ਤੇ ਹਮਲਾ
ਕੀਵ, 7 ਅਕਤੂਬਰ
ਯੂਕਰੇਨ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅੱਜ ਕ੍ਰੀਮੀਆ ’ਚ ਅਹਿਮ ਤੇਲ ਟਰਮੀਨਲ ’ਤੇ ਹਮਲਾ ਕੀਤਾ, ਜੋ ਰੂਸ ਨੂੰ ਜੰਗ ਲਈ ਈਂਧਣ ਮੁਹੱਈਆ ਕਰ ਰਿਹਾ ਸੀ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਨੇ ਕਿਹਾ ਕਿ ਜੰਗ ਅਹਿਮ ਗੇੜ ’ਚ ਦਾਖਲ ਹੋ ਗਈ ਹੈ। ਦੋਵੇਂ ਧਿਰਾਂ ਇਸ ਮਸਲੇ ਦਾ ਸਾਹਮਣਾ ਕਰ ਰਹੀਆਂ ਹਨ ਕਿ ਇਸ ਮਹਿੰਗੀ ਜੰਗ ਨੂੰ ਕਿਸ ਤਰ੍ਹਾਂ ਕਾਇਮ ਰੱਖਿਆ ਜਾਵੇ। ਫਰਵਰੀ 2022 ’ਚ ਯੂਕਰੇਨ ’ਤੇ ਰੂਸ ਦੇ ਹਮਲੇ ਨਾਲ ਸ਼ੁਰੂ ਹੋਈ ਇਸ ਜੰਗ ਦੇ ਖਤਮ ਹੋਣ ਦਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ।
ਯੂਕਰੇਨ ਦੇ ਜਨਰਲ ਸਟਾਫ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਰੂਸ ਦੇ ਕਬਜ਼ੇ ਹੇਠਲੇ ਕ੍ਰੀਮੀਆ ਪੈਨਿਨਸੁਲਾ ਦੇ ਦੱਖਣੀ ਤੱਟ ’ਤੇ ਫਿਓਦੋਸੀਆ ’ਚ ਤੇਲ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਰੂਸੀ ਸੈਨਾ ਨੂੰ ਈਂਧਣ ਦੀ ਸਪਲਾਈ ਹੋ ਰਹੀ ਸੀ। ਇਹ ਹਮਲਾ ਰੂਸ ਦੀ ਫੌਜੀ ਤੇ ਆਰਥਿਕ ਸਮਰੱਥਾ ਨੂੰ ਕਮਜ਼ੋਰ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਕਾਲਾ ਸਾਗਰ ਦੇ ਤੱਟ ’ਤੇ ਫਿਓਦੋਸੀਆ ਸ਼ਹਿਰ ’ਚ ਰੂਸ ਵੱਲੋਂ ਸਥਾਪਤ ਅਧਿਕਾਰੀਆਂ ਨੇ ਅੱਜ ਸਵੇਰੇ ਤੇਲ ਟਰਮੀਨਲ ’ਚ ਅੱਗ ਲੱਗਣ ਦੀ ਸੂਚਨਾ ਦਿੱਤੀ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਯੂਕਰੇਨ ਨੇ ਜੰਗ ਦੇ ਤੀਜੇ ਸਾਲ ਅੰਦਰ ਦਾਖਲ ਹੋਣ ਮਗਰੋਂ ਤੇਜ਼ੀ ਨਾਲ ਰੂਸ ਦੇ ਪਿਛਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ