ਯੂਕੇ: ਗੰਭੀਰ ਅਪਰਾਧੀਆਂ ਦਾ ਪਰਵਾਸ ਰੋਕਣ ਲਈ ਨਾਗਰਿਕਤਾ ਨਿਯਮ ਸਖ਼ਤ ਹੋਏ
ਲੰਡਨ, 31 ਜੁਲਾਈ
ਯੂਕੇ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ ਹੈ ਮੁਲਕ ਵਿੱਚ ਸਖ਼ਤ ਕੀਤੇ ਗਏ ਪਰਵਾਸ ਨਿਯਮਾਂ ਤਹਿਤ ਗੰਭੀਰ ਕਿਸਮ ਦੇ ਅਪਰਾਧੀਆਂ ਲਈ ਬ੍ਰਿਟਿਸ਼ ਨਾਗਰਿਕਤਾ ਬੰਦ ਕਰ ਦਿੱਤੀ ਜਾਵੇਗੀ। ਅੱਜ ਤੋਂ ਲਾਗੂ ਇਨ੍ਹਾਂ ਨਵੇਂ ਨਿਯਮਾਂ ਤਹਿਤ ਇਸ ਦੌਰਾਨ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਵੇਗਾ ਕਿ ਇਹ ਅਪਰਾਧ ਕਦੋਂ ਤੇ ਕਿੱਥੇ ਵਾਪਰਿਆ। ਭਾਰਤੀ ਮੂਲ ਦੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਬਰਤਾਨੀਆ ਦੀ ਨਾਗਰਿਕਤਾ ਦੀ ਦੁਰਵਰਤੋਂ ਰੋਕਣ ਲਈ ਇਹ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ, ‘ਬਰਤਾਨੀਆ ਦੀ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਹੈ। ਅਪਰਾਧਿਕ ਕਿਸਮ ਦੇ ਲੋਕਾਂ ਨੂੰ ਨਾਗਰਿਕਤਾ ਤਹਿਤ ਮਿਲਣ ਵਾਲੇ ਹੱਕ ਮਾਣਨ ਦੇ ਕਾਬਿਲ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਵਿੱਚ ਬਰਤਾਨਵੀ ਪਾਸਪੋਰਟ, ਵੋਟਿੰਗ ਦਾ ਅਧਿਕਾਰ ਤੇ ਕੌਮੀ ਸਿਹਤ ਸਰਵਿਸ ਤਹਿਤ ਮਿਲਣ ਵਾਲੀ ਮੁਫ਼ਤ ਮੈਡੀਕਲ ਸਹੂਲਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਮੁਲਕ ਲਈ ਕੀਤੀ ਜਾਣ ਵਾਲੀ ਸਹੀ ਤੇ ਤਰਕਸੰਗਤ ਪਹਿਲਕਦਮੀ ਹੈ। ਬਰਤਾਨੀਆ ਸਰਕਾਰ ਵੱਲੋਂ ਬਣਾਏ ਨਵੇਂ ਨਿਯਮ ਘੱਟੋ-ਘੱਟ 12 ਮਹੀਨਿਆਂ ਦੀ ਸਜ਼ਾ ਭੁਗਤਣ ਵਾਲੇ ਨਵੇਂ ਅਰਜ਼ੀਕਰਤਾਵਾਂ ’ਤੇ ਵੀ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਨਵੇਂ ਨਿਯਮ ‘ਚੰਗੇ ਚਰਿੱਤਰ’ ਲਈ ਲੋੜੀਂਦੀਆਂ ਸ਼ਰਤਾਂ ਲਈ ਜ਼ਿਆਦਾ ਸਖ਼ਤ ਹਨ। ਬਰਤਾਨੀਆ ਦੀ ਨਾਗਰਿਕਤਾ ਹਾਸਲ ਕਰਨ ਲਈ ਇਹ ਲੋੜੀਂਦੀਆਂ ਸ਼ਰਤਾਂ ਕਾਫ਼ੀ ਅਹਿਮ ਹਨ। -ਪੀਟੀਆਈ