ਡੁੱਬ ਗਿਆ ਮੁਕਤਸਰ ਦਾ ਪਿੰਡ ਉਦੇਕਰਨ; ਫਸਲਾਂ ਤੇ ਘਰਾਂ ਦਾ ਸਾਮਾਨ ਬਰਬਾਦ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ
ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਪਿੰਡ ਉਦੇਕਰਨ ਦੀ ਸੈਂਕੜੇ ਏਕੜ ਜ਼ਮੀਨ ਬਾਰਸ਼ਾਂ ਦੇ ਪਾਣੀ ਦੀ ਮਾਰ ਹੇਠ ਆਈ ਹੋਈ ਹੈ। ਪਿੰਡ ਉਦੇਕਰਨ ਤੇ ਮੁਕਤਸਰ ਦੇ ਮਾਡਲ ਟਾਊਨ ਅਬਾਦੀ ਦੇ ਸੈਂਕੜੇ ਘਰਾਂ ਦੀ ਹੋਂਦ ਨੂੰ ਖਤਰਾ ਬਣਿਆ ਹੋਇਆ ਹੈ। ਇਹ ਪਾਣੀ ਕਰੀਬ ਵੀਹ ਕਿਲੋਮੀਟਰ ਦੂਰ ਤੋਂ ਜ਼ਮੀਨ ਦੀ ਢਾਲ ਅਨੁਸਾਰ ਵਗਦਾ ਹੋਇਆ ਪਿੰਡ ਉਦੇਕਰਨ ਅਤੇ ਮੁਕਤਸਰ ਦੀ ਮਾਡਲ ਟਾਊਲ ਬਸਤੀ ਵਿੱਚ ਆ ਰਿਹਾ ਹੈ। ਪਿਛਲੇ ਵਰ੍ਹੇ ਇਹ ਲੋਕ ਕਈ ਮਹੀਨੇ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਬੈਠੇ ਸਨ। ਪਾਣੀ ਨਾਲ ਘਰ ਦਾ ਸਾਮਾਨ ਤੇ ਘਰ ਬਰਬਾਦ ਹੋ ਜਾਂਦਾ ਹੈ। ਰੁਜ਼ਗਾਰ ਖੁੱਸ ਜਾਂਦਾ ਹੈ।
ਕੋਟਕਪੂਰਾ ਰੋਡ ‘ਤੇ ਬਣੀਆਂ ਛੇ ਪੁੱਲੀਆਂ ਤੋਂ ਪਾਣੀ ਪਿੰਡ ਵਿੱਚ ਆਂਦਾ ਹੈ ਪਰ ਪਿੰਡ ਵਿਚੋਂ ਪਾਣੀ ਅੱਗੇ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਿਚੋਂ ਲੰਘਦੀ ਰੇਲਵੇ ਲਾਈਨ ਦੀ ਡਾਫ ਲੱਗ ਜਾਂਦੀ ਹੈ। ਇਹ ਵਰਤਾਰਾ ਕਰੀਬ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ। ਪਿੰਡ ਵਿੱਚ ਬਹੁਤੀ ਫਸਲ ਨਰਮੇ ਦੀ ਹੈ ਜਿਹੜੀ ਪਾਣੀ ਕਰਕੇ ਸੜ ਰਹੀ ਹੈ। ਝੋਨਾ ਪਾਣੀ ਵਿੱਚ ਡੁੱਬਣ ਕਰਕੇ ਮਰ ਗਿਆ ਹੈ। ਉਦੇਕਰਨ ਦੇ ਵਾਸੀ ਹਰਬੰਸ ਸਿੰਘ, ਤਰੇਸ਼ ਕੁਮਾਰ, ਇਕਬਾਲ ਸਿੰਘ, ਕੌਰਾ ਸਿੰਘ, ਕਾਬਲ ਸਿੰਘ, ਮਾਸਟਰ ਅਮਰਜੀਤ ਸਿੰਘ ਅਤੇ ਮਾਡਲ ਟਾਊਨ ਦੇ ਵਾਸੀ ਰਮੇਸ਼ ਕੁਮਾਰ, ਗੁਰਮੇਲ ਸਿੰਘ, ਨਰਿੰਦਰ, ਓਮ ਪ੍ਰਕਾਸ਼ ਦੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਦੇ ਸਥਾਈ ਪ੍ਰਬੰਧ ਕੀਤੇ ਜਾਣ। ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਸੀਆਈਏ ਸਟਾਫ ’ਚ ਪਾਣੀ ਵੜਿਆ, ਗੈਂਗਸਟਰ ਬਿਸ਼ਨੋਈ ਥਾਣਾ ਸਿਟੀ ’ਚ ਡੱਕਿਆ
ਪਿੰਡ ਉਦੇਕਰਨ ਸਥਿਤ ਸੀਆਈਏ ਸਟਾਫ ਦੀ ਇਮਾਰਤ ‘ਚ ਮੀਂਹ ਦਾ ਪਾਣੀ ਦਾਖਲ ਹੋਣ ਕਾਰਨ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਫੋਰਸ ਵਿੱਚ ਉਥੋਂ ਤਬਦੀਲ ਕਰਕੇ ਥਾਣਾ ਸਿਟੀ ਵਿਖੇ ਲੈ ਆਂਦਾ। ਬਿਸ਼ਨੋਈ ਦੀ ਨਿਗਰਾਨੀ ਰੱਖਣ ਪੁਲੀਸ ਨੇ ਸਟਾਫ ਦੀ ਇਮਾਰਤ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕੀਤਾ ਹੋਇਆ ਸੀ ਤੇ ਹੁਣ ਥਾਣਾ ਸਿਟੀ ਦੇ ਚੌਂਹੀਂ ਪਾਸੀਂ ਪੁਲੀਸ ਬਿਠਾ ਦਿੱਤੀ ਹੈ। ਦਸ ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ‘ਚ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਮੁਕਤਸਰ ਦੀ ਅਦਾਲਤ ਨੇ 28 ਜੁਲਾਈ ਤੱਕ ਪੁਲੀਸ ਰਿਮਾਂਡ ਦਿੱਤਾ ਹੋਇਆ ਹੈ।