ਬਾਲਾਸਾਹਿਬ ਤੇ ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਨਾਲ ਖੜ੍ਹੇ ਨੇ ਊਧਵ: ਸ਼ਾਹ
ਮੁੰਬਈ, 10 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਉਸ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ ਜਿਸ ਦੇ ਆਗੂਆਂ ਨੇ ਸ਼ਿਵ ਸੈਨਾ ਬਾਨੀ ਬਾਲਾਸਾਹਿਬ ਠਾਕਰੇ ਅਤੇ ਸਾਵਰਕਰ ਦਾ ਅਪਮਾਨ ਕੀਤਾ ਹੈ। ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਮਗਰੋਂ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ’ਚ ਧਰਮ ਆਧਾਰਿਤ ਰਾਖਵੇਂਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਘਾੜੀ ਦੀ ਕੋਈ ਭਰੋਸੇਯੋਗਤਾ ਨਹੀਂ ਹੈ ਅਤੇ ਇਹ ਪਤਾਲ ’ਚ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਮਹਾਯੁਤੀ ਵਿਧਾਨ ਸਭਾ ਚੋਣਾਂ ਜਿੱਤੇਗੀ ਤਾਂ ਤਿੰਨੋਂ ਪਾਰਟੀਆਂ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਦੇ ਆਗੂ ਮਿਲ ਕੇ ਮੁੱਖ ਮੰਤਰੀ ਬਾਰੇ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ। ਸ਼ਾਹ ਨੇ ਕਿਹਾ ਕਿ ਭਾਜਪਾ ਦਾ ‘ਸੰਕਲਪ ਪੱਤਰ’ ਮਹਾਰਾਸ਼ਟਰ ਦੇ ਲੋਕਾਂ ਦੀਆਂ ਖਾਹਿਸ਼ਾਂ ਦੀ ਝਲਕ ਹੈ। ਉਨ੍ਹਾਂ ਕਿਹਾ, ‘‘ਮੈਂ ਊਧਵ ਠਾਕਰੇ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਰਾਮ ਮੰਦਰ, ਨਾਗਰਿਕਤਾ ਸੋਧ ਐਕਟ, ਸਾਂਝੇ ਸਿਵਲ ਕੋਡ, ਵਕਫ਼ ਬੋਰਡ ਸੋਧਾਂ ਅਤੇ ਸਾਵਰਕਰ ਨੂੰ ਭੰਡਣ ਵਾਲਿਆਂ ਨਾਲ ਖੜ੍ਹੇ ਹਨ। ਜੇ ਵਕਫ਼ ਬੋਰਡ ਸੋਧਾਂ ਨਾ ਹੋਈਆਂ ਤਾਂ ਉਹ ਤੁਹਾਡੀ ਸੰਪਤੀ ਆਪਣੀ ਐਲਾਨ ਸਕਦੇ ਹਨ।’’ ਸ਼ਾਹ ਨੇ ਕਿਹਾ ਕਿ ਕੀ ਮਹਾਰਾਸ਼ਟਰ ਦੇ ਲੋਕ ਐੱਸਸੀਜ਼, ਐੱਸਟੀਜ਼ ਅਤੇ ਓਬੀਸੀਜ਼ ਲਈ ਸਮਝੇ ਜਾਂਦੇ ਰਾਖਵੇਂਕਰਨ ਦਾ ਹੱਕ ਮੁਸਲਮਾਨਾਂ ਨੂੰ ਦੇਣ ਦੇ ਪੱਖ ’ਚ ਹਨ। ਸੀਨੀਅਰ ਆਗੂ ਸ਼ਰਦ ਪਵਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਦੇ ਲੋਕਾਂ ਨੂੰ ਦੱਸਣ ਕਿ ਯੂਪੀਏ ਸਰਕਾਰ ਦੇ 10 ਸਾਲਾਂ ’ਚ ਮੰਤਰੀ ਰਹਿੰਦਿਆਂ ਉਨ੍ਹਾਂ ਸੂਬੇ ਲਈ ਕੀ ਯੋਗਦਾਨ ਪਾਇਆ ਹੈ। -ਪੀਟੀਆਈ
ਭਾਜਪਾ ਵੱਲੋਂ ਮਹਾਰਾਸ਼ਟਰ ਲਈ 25 ਨੁਕਾਤੀ ਸੰਕਲਪ ਪੱਤਰ ਜਾਰੀ
ਮੁੰਬਈ: ਭਾਜਪਾ ਨੇ ਮਹਾਰਾਸ਼ਟਰ ’ਚ ਸਖ਼ਤ ਧਾਰਾਵਾਂ ਨਾਲ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਨਾਲ ਨਾਲ ਸਨਅਤ ਮੁਤਾਬਕ ਟਰੇਨਿੰਗ ਲਈ ਹੁਨਰ ਜਨਗਣਨਾ ਦਾ ਵੀ ਭਰੋਸਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਥੇ 25 ਨੁਕਾਤੀ ਸੰਕਲਪ ਪੱਤਰ ਜਾਰੀ ਕੀਤਾ ਜਿਸ ਮੁਤਾਬਕ ਲੜਕੀ ਭੈਣ ਯੋਜਨਾ ਤਹਿਤ ਰਕਮ 1,500 ਤੋਂ ਵਧਾ ਕੇ 2,100 ਰੁਪਏ ਕਰਨ ਦਾ ਵੀ ਵਾਅਦਾ ਸ਼ਾਮਲ ਹੈ। ਭਾਜਪਾ ਨੇ ਸੂਬੇ ’ਚ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ’ਚ 25 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ 10 ਲੱਖ ਵਿਦਿਆਰਥੀਆਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਦੇ ਵੀ ਵਾਅਦੇ ਕੀਤੇ ਹਨ। ਉਨ੍ਹਾਂ ਖਾਦਾਂ ਦੀ ਖ਼ਰੀਦ ’ਤੇ ਲਗਦੀ ਐੱਸਜੀਐੱਸਟੀ ਕਿਸਾਨਾਂ ਨੂੰ ਗ੍ਰਾਂਟ ਵਜੋਂ ਮੋੜਨ ਦਾ ਵੀ ਵਾਅਦਾ ਕੀਤਾ ਹੈ। ਪਾਰਟੀ ਨੇ ਸੰਕਲਪ ਪੱਤਰ ’ਚ ਕਿਹਾ ਹੈ ਕਿ ਜੇ ਮਹਾਯੁਤੀ ਸਰਕਾਰ ਮੁੜ ਸੱਤਾ ’ਚ ਆਈ ਤਾਂ 2027 ਤੱਕ 50 ਲੱਖ ‘ਲੱਖਪਤੀ ਦੀਦੀਆਂ’ ਬਣਾਈਆਂ ਜਾਣਗੀਆਂ ਜਿਸ ਲਈ 500 ਸਵੈ-ਸਹਾਇਤਾ ਗਰੁੱਪ ਬਣਾਏ ਜਾਣਗੇ ਅਤੇ ਇਸ ਲਈ ਇਕ ਹਜ਼ਾਰ ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ। -ਪੀਟੀਆਈ
ਸ਼ਾਹ ਮਹਾਰਾਸ਼ਟਰ ਨੂੰ ਸਮਝਣ ’ਚ ਨਾਕਾਮ ਰਹੇ: ਰਾਊਤ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਰਾਸ਼ਟਰ ਨੂੰ ਸਮਝਣ ’ਚ ਨਾਕਾਮ ਰਹੇ ਹਨ। ਉਨ੍ਹਾਂ ਸ਼ਾਹ ਵੱਲੋਂ ਊਧਵ ਠਾਕਰੇ ਨੂੰ ਬਾਲਾਸਾਹਿਬ ਠਾਕਰੇ ਅਤੇ ਸਾਵਰਕਰ ਦਾ ਅਪਮਾਨ ਕਰਨ ਵਾਲੀ ਕਾਂਗਰਸ ਨਾਲ ਖੜ੍ਹੇ ਹੋਣ ਦੇ ਲਾਏ ਗਏ ਦੋਸ਼ਾਂ ’ਤੇ ਇਹ ਟਿੱਪਣੀ ਕੀਤੀ ਹੈ। ਰਾਊਤ ਨੇ ਕਿਹਾ, ‘‘ਸ਼ਾਹ ਮਹਾਰਾਸ਼ਟਰ ਨੂੰ ਸਮਝਣ ’ਚ ਨਾਕਾਮ ਰਹੇ ਹਨ। ਉਨ੍ਹਾਂ ਨੂੰ ਪਹਿਲਾਂ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਅਪਮਾਨ ਬਾਰੇ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਮੂਰਤੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ ਅਤੇ ਉਹ ਅੱਠ ਮਹੀਨਿਆਂ ’ਚ ਹੀ ਟੁੱਟ ਗਈ।’’ ਉਨ੍ਹਾਂ ਕਿਹਾ ਕਿ ਲੋਕ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਦਾ ਜਵਾਬ ਦੇ ਦੇਣਗੇ। -ਪੀਟੀਆਈ