ਫਿਰੋਜ਼ਪੁਰ ਵਿੱਚ ਦੋ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ
ਅਨਿਰੁਧ ਗੁਪਤਾ
ਫਿਰੋਜ਼ਪੁਰ, 22 ਅਪਰੈਲ
ਇਥੇ ਮੰਗਲਵਾਰ ਰਾਤੀਂ ਦੋ ਹਥਿਆਰਬੰਦ ਵਿਅਕਤੀਆਂ ਨੇ ਦੋ ਵੱਖ-ਵੱਖ ਥਾਵਾਂ ’ਤੇ ਦੋ ਨੌਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੋ ਹਮਲਾਵਰਾਂ, ਜਿਨ੍ਹਾਂ ਆਪਣੇ ਚਿਹਰੇ ਢਕੇ ਹੋਏ ਸਨ, ਨੇ ਪਹਿਲਾਂ ਬਸਤੀ ਨਿਜ਼ਾਮਦੀਨ ਦੇ ਰਹਿਣ ਵਾਲੇ ਸ਼ੰਕਰ ਨੂੰ ਮਨਜੀਤ ਪੈਲੇਸ ਨੇੜੇ ਇੱਕ ਦੁਕਾਨ ’ਤੇ ਮਾਰ ਦਿੱਤਾ। ਕੁਝ ਮਿੰਟਾਂ ਬਾਅਦ, ਹਮਲਾਵਰ ਮਗਜ਼ੀਨੀ ਗੇਟ ਖੇਤਰ ਵੱਲ ਭੱਜੇ ਅਤੇ ਇੱਕ ਹੋਰ ਨੌਜਵਾਨ, ਰਿਸ਼ਭ, ਜੋ ਭਾਰਤ ਨਗਰ ਦਾ ਰਹਿਣ ਵਾਲਾ ਹੈ, ਦੀ ਗੋਲੀ ਮਾਰੇ ਕੇ ਕਤਲ ਕਰ ਦਿੱਤਾ। ਦੋਸ਼ੀ ਫਿਰ ਮੌਕੇ ਤੋਂ ਭੱਜ ਗਏ।
ਸ਼ੰਕਰ ਏਸੀ ਮਕੈਨਿਕ ਸੀ ਜਦੋਂਕਿ ਰਿਸ਼ਭ 'ਹਲਵਾਈ' ਸੀ। ਮੁੱਢਲੀ ਜਾਂਚ ਅਨੁਸਾਰ, ਇਹ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਐੱਸਐੱਸਪੀ ਭੁਪਿੰਦਰ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸਐੱਸਪੀ ਨੇ ਕਿਹਾ ਕਿ ਪੁਲੀਸ ਨੇ ਸ਼ਹਿਰ ਵਿੱਚ ਨਾਕੇ ਲਗਾਏ ਹਨ ਅਤੇ ਸਾਰੇ ਬਾਹਰ ਨਿਕਲਣ ਵਾਲੇ ਰਸਤੇ ਸੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਸਕੈਨ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।