ਤੀਜੇ ਦਿਨ ਵੀ ਬਿਜਲੀ ਉਤਪਾਦਨ ਨਾ ਕਰ ਸਕੇ ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 12 ਫਰਵਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 10 ਫਰਵਰੀ ਨੂੰ ਬੰਦ ਹੋਏ 4 ਅਤੇ 6 ਨੰਬਰ ਯੂਨਿਟਾਂ ਕਾਰਨ ਅੱਜ ਤੀਜੇ ਦਿਨ ਵੀ ਬਿਜਲੀ ਉਤਪਾਦਨ ਸ਼ੁਰੂ ਨਾ ਹੋ ਸਕਿਆ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਵੀ ਦੋ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਪਿਆ ਹੈ। ਉੱਧਰ, ਸੂਬੇ ਅੰਦਰ ਬਿਜਲੀ ਦੀ ਮੰਗ ਸਾਢੇ ਛੇ ਹਜ਼ਾਰ ਮੈਗਾਵਾਟ ਤੋਂ ਵਧ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 10 ਫਰਵਰੀ ਨੂੰ ਥਰਮਲ ਪਲਾਂਟ ਰੂਪਨਗਰ ਦਾ 4 ਨੰਬਰ ਯੂਨਿਟ ਬੁਆਇਲਰ ਲੀਕੇਜ ਦੀ ਸਮੱਸਿਆ ਕਾਰਨ ਸ਼ਾਮ ਨੂੰ ਲਗਪਗ 7.45 ਵਜੇ ਦੇ ਕਰੀਬ ਬੰਦ ਹੋ ਗਿਆ ਤੇ ਇਸ ਤੋਂ ਲਗਪਗ ਘੰਟਾ ਬਾਅਦ 8.45 ਵਜੇ 6 ਨੰਬਰ ਯੂਨਿਟ ਵੀ ਬੁਆਇਲਰ ਲੀਕੇਜ ਕਾਰਨ ਬੰਦ ਹੋ ਗਿਆ। ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਪਹਿਲਾਂ ਹੀ ਸਾਲਾਨਾ ਮੁਰੰਮਤ ਕਾਰਨ ਬੰਦ ਪਿਆ ਹੈ। ਸੂਤਰਾਂ ਮੁਤਾਬਿਕ ਰੂਪਨਗਰ ਥਰਮਲ ਪਲਾਂਟ ਦੇ 3 ਨੰਬਰ ਯੂਨਿਟ ਵਿੱਚ ਵੀ ਤਕਨੀਕੀ ਨੁਕਸ ਪੈ ਗਿਆ ਸੀ, ਪਰ ਪਲਾਂਟ ਦੇ ਇੰਜਨੀਅਰਾਂ ਨੇ ਸਮੇਂ ਸਿਰ ਤਕਨੀਕੀ ਨੁਕਸ ਦੂਰ ਕਰ ਕੇ ਯੂਨਿਟ ਨੂੰ ਬੰਦ ਹੋਣ ਤੋਂ ਬਚਾਅ ਲਿਆ। ਖ਼ਬਰ ਲਿਖੇ ਜਾਣ ਤੱਕ 3 ਨੰਬਰ ਯੂਨਿਟ ਵੱਲੋਂ 159 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਵੱਲੋਂ 195 ਮੈਗਾਵਾਟ, 3 ਨੰਬਰ ਯੂਨਿਟ ਵੱਲੋਂ 233 ਅਤੇ 4 ਨੰਬਰ ਯੂਨਿਟ ਵੱਲੋਂ 234 ਮੈਗਾਵਾਟ, ਰਾਜਪੁਰਾ ਥਰਮਲ ਪਲਾਂਟ ਦੇ 1 ਨੰਬਰ ਯੂਨਿਟ ਵੱਲੋਂ 677 ਤੇ 2 ਨੰਬਰ ਯੂਨਿਟ ਵੱਲੋਂ 665 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ। ਤਲਵੰਡੀ ਸਾਬੋ ਪਲਾਂਟ ਦੇ ਇੱਕ ਨੰਬਰ ਯੂਨਿਟ ਵੱਲੋਂ 487 ਮੈਗਾਵਾਟ ਤੇ ਪੰਜਾਬ ਸਰਕਾਰ ਵੱਲੋਂ ਖਰੀਦੇ ਗਏ ਗੋਇੰਦਵਾਲ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਵੱਲੋਂ 147 ਮੈਗਾਵਾਟ ਤੇ ਯੂਨਿਟ ਨੰਬਰ 2 ਵੱਲੋਂ 150 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ।