ਸੜਕ ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨ ਨੇ ਪੀਜੀਆਈ ਵਿਚ ਦਮ ਤੋੜਿਆ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 27 ਨਵੰਬਰ
ਸੰਘਣੀ ਧੁੰਦ ਕਾਰਨ ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਧਰਮ ਸਿੰਘ ਵਾਲਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਇੱਥੋਂ ਦੇ ਨੌਜਵਾਨ ਨੇ ਅੱਜ ਤੜਕਸਾਰ 2 ਵਜੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਨਪ੍ਰੀਤ ਸਿੰਘ ਮਨੀ ਨਾਮੀ ਨੌਜਵਾਨ ਲੰਘੇ 10 ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਸੀ। ਹਾਦਸੇ ਤੋਂ ਬਾਅਦ ਉਸ ਦੀ ਸਿਰ ਦੀ ਹੱਡੀ ਟੁੱਟ ਗਈ ਸੀ ਜਿਸ ਕਾਰਨ ਉਹ ਕੋਮਾ ਵਿੱਚ ਚਲਾ ਗਿਆ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਨੌਜਵਾਨ ਦੀ ਮੌਤ ਬਾਰੇ ਅੱਜ ਤੜਕਸਾਰ ਸੂਚਨਾ ਦਿੱਤੀ ਗਈ ਅਤੇ ਉਹ ਅਗਲੇਰੀ ਪੁਲੀਸ ਕਾਰਵਾਈ ਲਈ ਚੰਡੀਗੜ੍ਹ ਪੀਜੀਆਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਦੁਰਘਟਨਾ ਸਥਾਨ ਉੱਤੇ ਜਾ ਕੇ ਆਸਪਾਸ ਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਸੀ ਤੇ ਕੁਝ ਲੋਕਾਂ ਨੂੰ ਸ਼ੱਕ ਦੇ ਆਧਾਰ ਉੱਤੇ ਥਾਣੇ ਬੁਲਾ ਕੇ ਪੁਛਗਿੱਛ ਕੀਤੀ ਗਈ ਸੀ। 20 ਨਵੰਬਰ ਨੂੰ ਵੀ ਉਹ ਵਾਰਸਾਂ ਨੂੰ ਪੀਜੀਆਈ ਮਿਲ ਕੇ ਬਿਆਨ ਦਰਜ ਕਰਵਾਉਣ ਲਈ ਕਹਿ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਅਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਮਨਪ੍ਰੀਤ ਦੀ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਮਹਿਲ ਸਿੰਘ ਭੁੱਲਰ ਨਾਲ ਰਿਸ਼ਤੇਦਾਰੀ ਹੈ। ਥਾਣਾ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਦੇ ਆਸਪਾਸ ਕੋਈ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਵੀ ਪੁਲੀਸ ਨੂੰ ਤਫ਼ਤੀਸ਼ ਵਿਚ ਦਿੱਕਤ ਆ ਰਹੀ ਹੈ।