ਗੁਲਮਰਗ ਦਹਿਸ਼ਤੀ ਹਮਲੇ ’ਚ ਦੋ ਜਵਾਨ ਸ਼ਹੀਦ
* ਹਮਲੇ ’ਚ ਤਿੰਨ ਜਵਾਨ ਜ਼ਖ਼ਮੀ
* ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਹਮਲੇ ਦੀ ਨਿਖੇਧੀ
ਆਦਿਲ ਅਖ਼ਜ਼ੇਰ
ਸ੍ਰੀਨਗਰ, 24 ਅਕਤੂਬਰ
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ’ਚ ਅੱਜ ਫੌਜੀ ਵਾਹਨ ’ਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਦੋ ਜਵਾਨ ਅਤੇ ਦੋ ਕੁਲੀ ਮਾਰੇ ਗਏ ਜਦਕਿ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਗੁਲਮਰਗ ਖੇਤਰ ’ਚ ਕੰਟਰੋਲ ਰੇਖਾ ਅਤੇ ਸੰਘਣੇ ਜੰਗਲੀ ਖੇਤਰ ਨੇੜੇ ਬੂਟਾਪਾਥਰੀ ’ਚ ਹੋਇਆ। ਹਮਲਾ ਸ੍ਰੀਨਗਰ ਦੇ ਰਾਜਭਵਨ ’ਚ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਤੋਂ ਕੁਝ ਘੰਟੇ ਬਾਅਦ ਹੋਇਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਹਮਲਾ ਉਸ ਸਮੇਂ ਕੀਤਾ ਜਦੋਂ ਫੌਜ ਦਾ ਕਾਫ਼ਲਾ ਇਲਾਕੇ ’ਚੋਂ ਲੰਘ ਰਿਹਾ ਸੀ। ਹਮਲੇ ਮਗਰੋਂ ਇਲਾਕੇ ਵਿੱਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ੍ਰੀਨਗਰ ਆਧਾਰਿਤ ਫੌਜ ਦੀ 15 ਕੋਰ ਨੇ ‘ਐਕਸ’ ’ਤੇ ਦੱਸਿਆ ਕਿ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹਲਕੀ ਗੋਲੀਬਾਰੀ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਸ਼ਮੀਰ ’ਚ ਹੋਏ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ, ‘‘ਬੂਟਾਪਾਥਰੀ ਇਲਾਕੇ ’ਚ ਫੌਜ ਦੇ ਵਾਹਨ ’ਤੇ ਹੋਇਆ ਹਮਲਾ ਬਹੁਤ ਮੰਦਭਾਗੀ ਘਟਨਾ ਹੈ ਜਿਸ ਵਿੱਚ ਜਾਨੀ ਨੁਕਸਾਨ ਹੋਇਆ ਹੈ।’’ ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ਇਲਾਕੇ ’ਚ ਸੁਰੰਗ ਦੀ ਉਸਾਰੀ ’ਚ ਲੱਗੇ ਮਜ਼ਦੂਰਾਂ ’ਤੇ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਇਕ ਡਾਕਟਰ ਸਣੇ ਸੱਤ ਵਿਅਕਤੀ ਮਾਰੇ ਗਏ ਸਨ। ਉਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤਇਬਾ ਦੀ ਜਥੇਬੰਦੀ ਟੀਆਰਐੱਫ ਨੇ ਲਈ ਸੀ। ਇਸੇ ਦੌਰਾਨ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਕਸ਼ਮੀਰ ਘਾਟੀ ’ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਤੇ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਲਈ ਕਿਹਾ। ਪਿਛਲੇ ਪੰਜ ਦਿਨਾਂ ’ਚ ਇਹ ਵਾਦੀ ਵਿੱਚ ਦੂਜਾ ਦਹਿਸ਼ਤੀ ਹਮਲਾ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਦੀ ਰਾਤ ਨੂੰ ਦਹਿਸ਼ਤਗਰਦਾਂ ਵੱਲੋਂ ਗੰਦਰਬਲ ’ਚ ਕੀਤੇ ਹਮਲੇ ਵਿੱਚ 7 ਲੋਕਾਂ ਦੀ ਜਾਨ ਜਾਂਦੀ ਰਹੀ ਸੀ।
ਅਤਿਵਾਦੀਆਂ ਨੇ ਪਰਵਾਸੀ ਮਜ਼ਦੂਰ ਨੂੰ ਗੋਲੀ ਮਾਰੀ
ਸ੍ਰੀਨਗਰ:
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ’ਚ ਅੱਜ ਸਵੇਰੇ ਅਤਿਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਇੱਕ ਮਜ਼ਦੂਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਨੌਰ ਦੇ ਰਹਿਣ ਵਾਲੇ ਸ਼ੁਭਮ ਕੁਮਾਰ ਨੂੰ ਬਟਾਗੁੰਡ ਪਿੰਡ ’ਚ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ। ਗੋਲੀ ਸ਼ੁਭਮ ਦੇ ਹੱਥ ’ਚ ਲੱਗੀ। ਉਨ੍ਹਾਂ ਦੱਸਿਆ ਕਿ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਸ਼ਮੀਰ ’ਚ ਪਰਵਾਸੀ ਮਜ਼ਦੂਰਾਂ ’ਤੇ ਹਮਲੇ ਦਾ ਇਹ ਤੀਜਾ ਮਾਮਲਾ ਹੈ। -ਪੀਟੀਆਈ