ਦੋ ਕਵਿਤਾਵਾਂ
ਸੁਰਜੀਤ ਸਰਨਾ
ਨਾਲ ਫ਼ਕੀਰਾਂ ਦੇ ਜਾਣਾ
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਮੈਂ ਅੱਲ੍ਹੜ ਤੇ ਰਾਹ ਅਣਜਾਣਾ!
ਡੁੱਬ ਨਾ ਜਾਣਾ ਤਰ ਨਾ ਜਾਣਾ!
ਪਰ ਨਾ ਪੈਰ ਏ ਪਿੱਛੇ ਪਾਣਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਪੋਲੇ ਪੈਰੀਂ ਵਿਚ ਹਨੇਰੇ!
ਚੁੱਪ ਚੁੱਪ ਜਾਣਾ, ਛੁਪ ਛੁਪ ਜਾਣਾ!
ਦੀਵਾ ਨਹੀਂ ਜਗਾਣਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਅਸੀਂ ਨੈਣਾਂ ਦੇ ਭਿੱਤ ਖੋਲ੍ਹੇ,
ਜਾਦੂ ਉਸ ਦਾ ਅੱਖੀਆਂ ਰਾਹੀਂ,
ਸਾਡੇ ਸਿਰ ਚੜ੍ਹ ਬੋਲੇ!
ਉਹ ਤੇ ਮਨ ਦਾ ਮੀਤ ਸਲੋਨਾ,
ਕਰ ਇਕਰਾਰ ਨਿਭਾਣਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਡੂੰਘੀ ਰਾਤੇ, ਨੀਂਦ ਗੁਆਚੀ,
ਕਿੱਥੇ ਲੱਭਣ ਜਾਵਾਂ?
ਅਭੜਵਾਹੇ ਸੁਪਨੇ ਜਾਗੇ,
ਸੋਚਾਂ ਤੇ ਘਬਰਾਵਾਂ!
ਰੋਈਆਂ ਰਾਤਾਂ ਬੁਝ ਗਏ ਤਾਰੇ,
ਸੁੰਝੇ ਮਨ ਦੇ ਮਹਿਲ ਮੁਨਾਰੇ!
ਰਾਹ ਗਲੀਆਂ ਵੀ ਸੁੰਨੇ ਸਾਰੇ।
ਦਿਲ ਨਾ ਮੰਨਦਾ ਕੋਈ ਬਹਾਨਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਉਹ ਤੇ ਮਨ ਦਾ ਮਹਿਰਮ ਸਾਡਾ,
ਉਸ ਬਿਨਾ ਕਿੰਜ ਰਹੀਏ,
ਇਕ ਦੂਜੇ ਦੇ ਦਿਲ ਦੀਆਂ ਗੱਲਾਂ,
ਬਿਨ ਕਿਹਾਂ ਬੁੱਝ ਲਈਏ।
ਉਹ ਤੇ ਸਾਡੇ ਦਿਲ ਦੀ ਧੜਕਣ!
ਉਸ ਬਿਨ ਸਾਹ ਨਾ ਆਣਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
ਟੁਰ ਜਾਣਾ ਏ, ਇਹ ਜਿੰਦ ਲੈ ਕੇ,
ਕੁਝ ਨਹੀਂ ਹੋਰ ਲੈ ਜਾਣਾ!
ਅਸਾਂ ਨਾਲ ਫ਼ਕੀਰਾਂ ਦੇ ਜਾਣਾ!
* * *
ਕੋਈ ਦਵਾ ਦਾਰੂ ਕਰੀਏ
ਦਿਲਾਂ ਦੇ ਜ਼ਖ਼ਮ ਡੂੰਘੇ ਨੇ
ਦਿਲਾਂ ਦੇ ਮਰਮ ਡੂੰਘੇ ਨੇ
ਆਓ! ਕੋਈ ਦਵਾ ਕਰੀਏ
ਆਓ! ਕੋਈ ਉਪਾਅ ਕਰੀਏ
ਕੋਈ ਸਿਆਣਾ ਸਦਾ ਲਈਏ
ਕੋਈ ਟੂਣਾ ਕਰਾ ਲਈਏ
ਕੋਈ ਜਾਦੂ ਜਗਾ ਲਈਏ
ਜਦੋਂ ਵੀ ਪੀੜ ਉੱਠਦੀ ਏ
ਸਾਨੂੰ ਹੋਸ਼ ਨਾ ਰਹਿੰਦੀ।
ਜਦੋਂ ਤੂੰ ਯਾਦ ਆਉਂਦਾ ਏਂ
ਨੈਣੀਂ ਨੀਂਦ ਨਾ ਪੈਂਦੀ।
ਸੁਣਿਆ ਏ ਦਿਲਾਂ ਦੇ ਦਰਦ ਦਾ
ਦਾਰੂ ਨਹੀਂਓ ਕਿਧਰੇ
ਇਹ ਵੀ ਸੁਣਿਆ ਦਿਲਾਂ ਦੇ ਮਰਮ ਦਾ
ਮਹਿਰਮ ਨਹੀਂਓ ਕਿਧਰੇ
ਫਿਰ ਵੀ ਲੋਚੇ ਦਿਲ ਇਹ ਝੱਲਾ
ਕੋਈ ਸਿਆਣਾ ਸਦਾ ਲਈਏ
ਕੋਈ ਦਵਾ ਦਾਰੂ ਕਰਾ ਲਈਏ।
ਸੰਪਰਕ: 99718-46821