ਚੋਰੀ ਦੇ ਸ਼ੱਕ ’ਚ ਦੋ ਵਿਅਕਤੀਆਂ ਦੀ ਕੁੱਟਮਾਰ; ਇੱਕ ਦੀ ਮੌਤ
ਵਡੋਦਰਾ, 19 ਅਕਤੂਬਰ
ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਚੋਣ ਹੋਣ ਦੇ ਸ਼ੱਕ ਕਾਰਨ ਭੀੜ ਨੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਡੀਜੀਪੀ ਪੰਨਾ ਮੋਮਾਯਾ ਨੇ ਦੱਸਿਆ ਕਿ ਵਰਾਸਿਆ ਇਲਾਕੇ ਵਿੱਚ ਇੱਕ ਪੁਲੀਸ ਥਾਣੇ ਨੇੜੇ ਅੱਧੀ ਰਾਤ ਨੂੰ ਹੋਏ ਹਮਲੇ ਦੌਰਾਨ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਤਿੰਨ ਪੁਲੀਸ ਕਰਮੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਚੋਰੀ ਦੇ ਕਈ ਮਾਮਲੇ ਦਰਜ ਹਨ ਅਤੇ ਉਹ ਉਸ ਸਮੇਂ ਇਲਾਕੇ ’ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀ ਨੇ ਦੱਸਿਆ, ‘‘ਤਿੰਨ ਜਣੇ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਸੀ। ਉਨ੍ਹਾਂ ਦੁਪਹੀਆ ਵਾਹਨ ਖੜ੍ਹਾ ਕੀਤਾ ਅਤੇ ਨਾਲ-ਨਾਲ ਤੁਰਨ ਲੱਗੇ। ਉਦੋਂ ਹੀ ਕੁੱਝ ਲੋਕਾਂ ਨੇ ਸ਼ੱਕ ’ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੰਨੀ ਰਾਤ ਨੂੰ ਉੱਥੇ ਕੀ ਕਰ ਰਹੇ ਹਨ। ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਦੋ ਜਣਿਆਂ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ।’’ ਡੀਸੀਪੀ ਨੇ ਦੱਸਿਆ ਕਿ ਘਟਨਾ ਪੁਲੀਸ ਥਾਣੇ ਨੇੜੇ ਵਾਪਰੀ ਅਤੇ ਪੁਲੀਸ ਕਰਮੀ ਭੀੜ ਨੂੰ ਰੋਕਣ ਲਈ ਦੌੜੇ ਤੇ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਤਿੰਨ ਪੁਲੀਸ ਕਰਮੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ਾਹਬਾਜ਼ ਪਠਾਨ (30) ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਦਕਿ ਅਕਰਮ ਤਿਲਿਯਾਵਾੜਾ (20) ਜ਼ੇਰੇ ਇਲਾਜ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਠਾਨ ਖ਼ਿਲਾਫ਼ ਚੋਰੀ ਦੇ ਦਸ ਮਾਮਲੇ ਦਰਜ ਸੀ, ਜਦਕਿ ਤਿਲਿਯਾਵਾੜਾ ’ਤੇ ਸੱਤ ਮਾਮਲੇ ਦਰਜ ਹਨ। -ਪੀਟੀਆਈ