ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ, ਇੱਕ ਜ਼ਖਮੀ
ਨਵੀਂ ਦਿੱਲੀ, 12 ਜਨਵਰੀ
ਇੱਥੇ ਅੱਜ ਪੂਰਬੀ ਦਿੱਲੀ ਦੇ ਮਿਊਰ ਵਿਹਾਰ ਖੇਤਰ ਕੋਲ ਇੱਕ ਬੋਲੈਰੋ ਸੜਕ ’ਤੇ ਬਣੇ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸਿਓਂ ਆਉਂਦੀਆਂ ਦੋ ਕਾਰਾਂ ਨਾਲ ਟਕਰਾ ਗਈ। ਇਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਪੁਲੀਸ ਥਾਣੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨੋਇਡਾ ਲਿੰਕ ਰੋਡ ’ਤੇ ਹੋਏ ਇਸ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਵੀ ਹੋ ਗਿਆ। ਬੋਲੈਰੋ ਨਾਲ ਟਕਰਾਉਣ ਵਾਲੀਆਂ ਦੋ ਕਾਰਾਂ ਵਿੱਚੋਂ ਇੱਕ ਦੇ ਡਰਾਈਵਰ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਅਨੁਸਾਰ ਹਾਦਸਾ ਇੱਕ ਬੋਲੈਰੋ ਗੱਡੀ ਕਾਰਨ ਵਾਪਰਿਆ। ਜੋ ਦਿੱਲੀ ਤੋਂ ਨੋਇਡਾ ਵੱੱਲ ਜਾ ਰਹੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਰਾਤ ਕਰੀਬ ਸਵਾ ਇੱਕ ਵਜੇ ਬੋਲੈਰੋ ਸੜਕ ਵਿੱਚ ਬਣੇ ਡਿਵਾਈਡਰ ਨਾਲ ਟਕਰਾ ਗਈ ਅਤੇ ਦੂਜੇ ਪਾਸੇ ਚਲੇ ਗਈ ਤੇ ਅਕਾਸ਼ ਦੀ ਬਲੈਨੋ ਕਾਰ ਨਾਲ ਟਕਰਾ ਗਈ। ਮਗਰੋਂ ਇੱਕ ਟੈਕਸੀ ’ਤੇ ਪਲਟ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਟੈਕਸੀ ਡਰਾਈਵਰ ਅਰਜੁਨ ਸੋਲੰਕੀ ਅਤੇ ਟੈਕਸੀ ਵਿੱਚ ਸਵਾਰ ਸੁਮਨ ਧੂਪਰਾ ਦੀ ਮੌਤ ਹੋ ਗਈ। ਧੂਪਰਾ ਦਾ ਪਤੀ ਸੰਜੀਵ ਜ਼ਖ਼ਮੀ ਹੋ ਗਿਆ । ਉਸ ਨੂੰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਐਲਬੀਐੱਸ ਹਸਪਤਾਲ ਭੇਜ ਦਿੱਤਾ ਗਿਆ ਹੈ। ਮਿਊਰ ਵਿਹਾਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੋਲੈਰੋ ਡਰਾਈਵਰ ਘਟਨਾ ਮਗਰੋਂ ਫ਼ਰਾਰ ਹੋ ਗਿਆ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮ ਡਰਾਈਵਰ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ