ਭਾਜਪਾ ਨੇ ਰਾਖਵਾਂਕਰਨ ਦੇ ਮੁੱਦੇ ਉੱਤੇ ਦਿੱਲੀ ਦੇ ਜਾਟਾਂ ਨਾਲ ‘ਵਿਸ਼ਵਾਸਘਾਤ’ ਕੀਤਾ: ਕੇਜਰੀਵਾਲ
ਨਵੀਂ ਦਿੱਲੀ, 13 ਜਨਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਜਪਾ ਉੱਤੇ ਰਾਖਵਾਂਕਰਨ ਦੇ ਮੁੱਦੇ ’ਤੇ ਦਿੱਲੀ ਦੇ ਜਾਟਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਜਾਟਾਂ ਨੂੰ ਕੇਂਦਰ ਦੀ ਹੋਰਨਾਂ ਪੱਛੜੇ ਵਰਗਾਂ (ਓਬੀਸੀ) ਦੀ ਸੂਚੀ ਵਿਚ ਕਦੋਂ ਸ਼ਾਮਲ ਕੀਤਾ ਜਾਵੇਗਾ। ‘ਆਪ’ ਆਗੂ ਨੇ 5 ਫਰਵਰੀ ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਅੱਜ ਆਪਣੀ ਰਿਹਾਇਸ਼ ’ਤੇ ਜਾਟ ਆਗੂਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਜਾਟਾਂ ਨੂੰ ਦਿੱਲੀ ਦੀ ਓਬੀਸੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਪਰ ਕੇਂਦਰੀ ਦੀ ਸੂਚੀ ਵਿਚ ਨਹੀਂ।
ਸਾਬਕਾ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਰਾਜਸਥਾਨ ਦੇ ਜਾਟਾਂ ਨੂੰ ਦਿੱਲੀ ਯੂਨੀਵਰਸਿਟੀ ਤੇ ਇਸ ਦੇ ਕਾਲਜਾਂ ਵਿਚ ਦਾਖ਼ਲੇ ਮਿਲ ਜਾਂਦੇ ਹਨ; ਏਮਸ, ਸਫ਼ਦਰਜੰਗ ਹਸਪਤਾਲ ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਵਿਚ ਨੌਕਰੀਆਂ ਮਿਲ ਜਾਂਦੀਆਂ ਹਨ, ਪਰ ਦਿੱਲੀ ਦੇ ਜਾਟਾਂ ਨੂੰ ਨਹੀਂ।’’ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਦੋ ਸਿਖਰਲੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਜਾਟ ਭਾਈਚਾਰੇ ਨਾਲ ਕੇਂਦਰੀ ਪੱਧਰ ’ਤੇ ਓਬੀਸੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ‘ਆਪ’ ਆਗੂ ਨੇ ਕਿਹਾ, ‘‘ਮੈਂ ਮੋਦੀ, ਸ਼ਾਹ ਤੇ ਹੋਰਨਾਂ ਭਾਜਪਾ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਦਿੱਲੀ ਦੇ ਜਾਟ ਆਗੂਆਂ ਨੂੰ ਕੇਂਦਰ ਦੀ ਓਬੀਸੀ ਸੂਚੀ ’ਚ ਕਦੋਂ ਸ਼ਾਮਲ ਕਰਨਗੇ?’’
आज अपने निवास पर जाट समाज के प्रतिनिधियों से मुलाकात की। उन्होंने पिछले 10 सालों से आरक्षण के मुद्दे पर बीजेपी द्वारा ठगे जाने पर अपनी नाराज़गी ज़ाहिर की, दिल्ली के जाट समाज के साथ अन्याय हो रहा है। आम आदमी पार्टी जाट समाज की इस जायज़ मांग के साथ है। pic.twitter.com/OqXgLUpsNA
— Arvind Kejriwal (@ArvindKejriwal) January 13, 2025
ਕੇਜਰੀਵਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਨੂੰ ਮਿਲਣ ਵਾਲੇ ਜਾਟ ਆਗੂਆਂ ਦੇ ਵਫ਼ਦ ਨੇ ਰਾਖਵਾਂਕਰਨ ਦੇ ਮੁੱਦੇ ਉੱਤੇ ਪਿਛਲੇ ਦਸ ਸਾਲਾਂ ਵਿਚ ਭਾਜਪਾ ਵੱਲੋਂ ਕੀਤੇ ‘ਵਿਸ਼ਵਾਸ਼ਘਾਤ’ ਖਿਲਾਫ਼ ਗੁੱਸਾ ਜਤਾਇਆ ਹੈ।’’ ਕੇਜਰੀਵਾਲ ਨੇ ਕਿਹਾ ਕਿ ‘ਆਪ’ ਭਾਈਚਾਰੇ ਦੀ ਇਸ ਜਾਇਜ਼ ਮੰਗ ਦਾ ਸਮਰਥਨ ਕਰਦੀ ਹੈ। -ਪੀਟੀਆਈ