ਸੜਕ ਹਾਦਸਿਆਂ ਵਿੱਚ ਬਿਰਧ ਔਰਤ ਸਣੇ ਦੋ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਸੜਕ ਹਾਦਸਿਆ ਵਿੱਚ ਬਜ਼ੁਰਗ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਜਦਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਈਡਬਲਿਊਐੱਸ ਕਲੋਨੀ ਤਾਜਪੁਰ ਰੋਡ ਵਾਸੀ ਵਿਸ਼ਾਲ ਭੱਟ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਆਪਣੀ ਮਾਤਾ ਰਾਜ ਕੁਮਾਰੀ ਦੇਵੀ (60) ਜੋ ਦੁਸਹਿਰਾ ਗਰਾਊਂਡ ਕੋਲ ਰੇਹੜੀ ਲਗਾਉਦੀ ਹੈ, ਨੂੰ ਲੈਣ ਲਈ ਆਇਆ ਤਾਂ ਵੇਖਿਆ ਕਿ ਉਹ ਇੱਕ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜ਼ਖ਼ਮੀ ਹਾਲਤ ਵਿੱਚ ਪਈ ਹੋਈ ਸੀ। ਉਸ ਨੂੰ ਪੀਜੀਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਅੰਬੇਡਕਰ ਨਗਰ ਗਿਆਸਪੁਰਾ ਵਾਸੀ ਸਾਮ ਰਾਜ ਤਿਵਾੜੀ ਨੇ ਦੱਸਿਆ ਹੈ ਉਸ ਦੇ ਪੁੱਤਰ ਸ਼ਿਵਮ ਤਿਵਾੜੀ (22) ਨੂੰ ਡੋਹਲੇਂ ਰੋਡ ਨੇੜੇ ਸੂਏ ਕੋਲ ਕਿਸੇ ਟਰੱਕ ਨੇ ਫੇਟ ਮਾਰੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।