ਤਰਨ ਤਾਰਨ ਜ਼ਿਲ੍ਹੇ ਵਿੱਚ ਕੋਵਿਡ-19 ਦੇ ਦੋ ਮਰੀਜ਼ਾਂ ਦੀ ਮੌਤ
ਗੁਰਬਖਸ਼ਪੁਰੀ
ਤਰਨ ਤਾਰਨ, 28 ਜੁਲਾਈ
ਜ਼ਿਲ੍ਹੇ ਵਿੱਚ ਕੋਵਿਡ-19 ਦੇ ਦੋ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਨੌਂ ਤੱਕ ਚਲੇ ਗਈ ਹੈ| ਅੱਜ ਮਰਨ ਵਾਲਿਆਂ ਵਿੱਚ ਨਿਰਮਲ ਸਿੰਘ ਵਾਸੀ ਚੀਮਾ ਕਲਾਂ (ਥਾਣਾ ਸਰਾਏ ਅਮਾਨਤ ਖਾਂ) ਅਤੇ ਮਹਿੰਦਰ ਸਿੰਘ ਵਾਸੀ ਖਡੂਰ ਸਾਹਿਬ ਦਾ ਨਾਮ ਸ਼ਾਮਲ ਹੈ| ਸਿਹਤ ਵਿਭਾਗ ਦੇ ਸੂਤਰਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕੋਵਿਡ-19 ਦੇ ਹੋਰ 13 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਪੰਜ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ|
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਕਰਤਾਰਪੁਰ ਦੇ ਇਮਲੀ ਮੁਹੱਲੇ ਵਿੱਚ ਤਿੰਨ ਵਿਅਕਤੀ ਕਰੋਨਾ ਪਾਜ਼ੇਟਿਵ ਆਉਣ ਨਾਲ ਇਸ ਮੁਹੱਲੇ ਵਿੱਚ ਮਰੀਜ਼ਾਂ ਦੀ ਗਿਣਤੀ ਨੌਂ ਹੋ ਗਈ ਹੈ। ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚ ਦਸ ਸਾਲ ਦਾ ਬੱਚਾ ਅਤੇ ਦੋ ਔਰਤਾਂ ਸ਼ਾਮਿਲ ਹਨ। ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਘਬਰਾਏ ਮੁਹੱਲਾ ਨਿਵਾਸੀਆਂ ਨੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕਰਤਾਰਪੁਰ ਮੋਨਿਕਾ ਕਪੂਰ ਦੀ ਅਗਵਾਈ ਵਿੱਚ ਮੁਹੱਲੇ ਵਿੱਚ ਕਰੋਨਾ ਟੈਸਟ ਨਾ ਕਰਵਾਉਣ ਸਬੰਧੀ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਕਰਤਾਰਪੁਰ ਨੂੰ ਪੱਤਰ ਭੇਜਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੁਲਦੀਪ ਸਿੰਘ ਨੇ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਹੱਲਾ ਨਿਵਾਸੀ ਕਰੋਨਾ ਦੀ ਜਾਂਚ ਲਈ ਟੈਸਟ ਕਰਵਾਉਣ ਵਿੱਚ ਮੁਹੱਲਾ ਨਿਵਾਸੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਸਾਥ ਨਹੀਂ ਦੇ ਰਹੇ।
ਬਟਾਲਾ (ਦਲਬੀਰ ਸੱਖੋਵਾਲੀਆ): ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਬਟਾਲਾ ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਹਸਪਤਾਲ ਵੱਲੋਂ ਹੁਣ ਤੱਕ 9000 ਤੋਂ ਵੱਧ ਵਿਅਕਤੀਆਂ ਦੇ ਕੋਵਿਡ-19 ਦੇ ਟੈਸਟ ਕੀਤੇ ਜਾ ਚੁੱਕੇ ਹਨ। ਡਾ. ਭੱਲਾ ਨੇ ਕਿਹਾ ਕਿ ਕੋਵਿਡ-19 ਦੇ ਅੱਜ 21 ਕੇਸ ਆਏ ਹਨ।
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਤਿੰਨ ਨਵੇਂ ਕੇਸ ਕਰੋਨਾ ਪਾਜ਼ੇਟਿਵ ਦੇ ਆ ਜਾਣ ਨਾਲ ਕਰੋਨਾ ਪਾਜ਼ੇਟਿਵ ਐਕਟਿਵ ਕੇਸ 51 ਹੋ ਗਏ ਹਨ। 14 ਕਰੋਨਾ ਪੀੜਤਾਂ ਨੂੰ ਸਿਹਤਯਾਬ ਹੋਣ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਅੱਜ ਆਏ ਕਰੋਨਾ ਪਾਜ਼ੇਟਿਵ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਐੱਮਏ ਬਰਾਂਚ ਦਾ ਮੁਲਾਜ਼ਮ ਸ਼ਾਮਲ ਹੈ। ਜਦ ਕਿ ਕੱਲ੍ਹ ਵੀ ਇੱਕ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਇਆ ਸੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਅੱਜ ਲੈਬਾਰਟਰੀ ਤੋਂ ਪ੍ਰਾਪਤ ਹੋਈ ਕੋਵਿਡ-19 ਦੇ 167 ਨਮੂਨਿਆਂ ਦੀ ਰਿਪੋਰਟ ’ਚ 5 ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਹ ਮਰੀਜ਼ ਬੁੱਢੀ ਪਿੰਡ ਟਾਂਡਾ, ਬਜਵਾੜਾ ਕਲਾਂ, ਸਾਹਰੀ, ਆਲਮਪੁਰ ਅਤੇ ਕਾਲੇਵਾਲ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਵਿਭਾਗ ਵਲੋਂ 497 ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ।