ਗੁਲਮਰਗ ਹਮਲੇ ’ਚ ਜ਼ਖ਼ਮੀ ਦੋ ਹੋਰ ਜਵਾਨਾਂ ਨੇ ਦਮ ਤੋੜਿਆ
* ਮੌਤਾਂ ਦੀ ਗਿਣਤੀ ਵਧ ਕੇ ਚਾਰ ਹੋਈ
* ਕੰਟਰੋਲ ਰੇਖਾ ਨਾਲ ਲਗਦੇ ਇਲਾਕਿਆਂ ’ਚ ਦਹਿਸ਼ਤਗਰਦਾਂ ਦੀ ਕੀਤੀ ਜਾ ਰਹੀ ਹੈ ਭਾਲ
* ਉਪ ਰਾਜਪਾਲ ਨੇ ਜਵਾਨਾਂ ਅਤੇ ਕੁਲੀਆਂ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀਨਗਰ, 25 ਅਕਤੂਬਰ
ਜੰਮੂ ਕਸ਼ਮੀਰ ਦੇ ਗੁਲਮਰਗ ’ਚ ਵੀਰਵਾਰ ਨੂੰ ਦਹਿਸ਼ਤੀ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਦੋ ਹੋਰ ਫੌਜੀ ਜਵਾਨਾਂ ਨੇ ਅੱਜ ਹਸਪਤਾਲ ’ਚ ਦਮ ਤੋੜ ਦਿੱਤਾ ਜਿਸ ਨਾਲ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਮੌਤਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ। ਉਧਰ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਅਤੇ ਗੁਲਮਰਗ ਇਲਾਕੇ ’ਚ ਦਹਿਸ਼ਤਗਰਦਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਆਰੰਭੀ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਹਿਸ਼ਤੀ ਹਮਲੇ ’ਚ ਮਾਰੇ ਗਏ ਜਵਾਨਾਂ ਅਤੇ ਕੁਲੀਆਂ ਨੂੰ ਸ਼ਰਧਾਂਜਲੀ ਦਿੱਤੀ। ਸਿਨਹਾ ਸ੍ਰੀਨਗਰ ਆਧਾਰਿਤ ਫੌਜ ਦੀ 15 ਕੋਰ ਯੂਨਿਟ ’ਚ ਗਏ ਅਤੇ ਉਨ੍ਹਾਂ ਦੀ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪ ਰਾਜਪਾਲ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲੇਗਾ। ਮ੍ਰਿਤਕਾਂ ਦੀ ਪਛਾਣ ਰਾਈਫਲਮੈਨ ਕੈਸਰ ਅਹਿਮਦ ਸ਼ਾਹ ਤੇ ਜੀਵਨ ਸਿੰਘ ਅਤੇ ਮੁਸ਼ਤਾਕ ਅਹਿਮ ਚੌਧਰੀ ਤੇ ਜ਼ਹੂਰ ਅਹਿਮਦ ਮੀਰ (ਦੋਵੇਂ ਕੁਲੀ) ਵਜੋਂ ਹੋਈ ਹੈ। ਦੋਵੇਂ ਕੁਲੀ ਉੜੀ ਦੇ ਬੋਨਿਆਰ ਇਲਾਕੇ ਦੇ ਵਸਨੀਕ ਸਨ।
ਦਹਿਸ਼ਤਗਰਦਾਂ ਵੱਲੋਂ ਫੌਜ ਦੇ ਵਾਹਨ ’ਤੇ ਕੀਤੇ ਗਏ ਹਮਲੇ ’ਚ ਪਹਿਲਾਂ ਦੋ ਜਵਾਨ ਸ਼ਹੀਦ ਅਤੇ ਦੋ ਕੁਲੀ ਹਲਾਕ ਹੋ ਗਏ ਸਨ। ਫੌਜੀ ਵਾਹਨ ’ਤੇ ਬੋਟਾਪਾਥਰੀ ਇਲਾਕੇ ’ਚ ਦਹਿਸ਼ਤਗਰਦਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਹ ਵਾਹਨ ਅਰਾਫ਼ਾਤ ਰੇਂਜ ’ਚ ਨਾਗਿਨ ਚੌਕੀ ਵੱਲ ਜਾ ਰਿਹਾ ਸੀ। ਬੋਟਾਪਾਥਰੀ ਇਲਾਕੇ ਨੂੰ ਕੁਝ ਸਮਾਂ ਪਹਿਲਾਂ ਹੀ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ। ਦਹਿਸ਼ਤੀ ਹਮਲੇ ਮਗਰੋਂ ਸੁਰੱਖਿਆ ਬਲਾਂ ਨੇ ਗੁਲਮਰਗ ਸੈਕਟਰ ’ਚ ਕੰਟਰੋਲ ਰੇਖਾ ’ਤੇ ਤਲਾਸ਼ੀ ਮੁਹਿੰਮ ਚਲਾਈ। -ਪੀਟੀਆਈ
ਫਾਰੂਕ ਵੱਲੋਂ ਪਾਕਿਸਤਾਨ ਨੂੰ ਹਿੰਸਾ ਰੋਕਣ ਦੀ ਅਪੀਲ
ਸ੍ਰੀਨਗਰ:
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਪਾਕਿਸਤਾਨ ਨੂੰ ਹਿੰਸਾ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤ ਨਾਲ ਦੋਸਤੀ ਕਰਕੇ ਮਸਲੇ ਦਾ ਹੱਲ ਲੱਭੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਵੇਂ ਮੁਲਕ ਦੋਸਤੀ ਦਾ ਰਾਹ ਨਹੀਂ ਲੱਭਣਗੇ, ਉਦੋਂ ਤੱਕ ਗੁਲਮਰਗ ਵਰਗੇ ਹਮਲੇ ਹੁੰਦੇ ਰਹਿਣਗੇ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਲਮਰਗ ’ਚ ਦਹਿਸ਼ਤੀ ਹਮਲੇ ਲਈ ਕੇਂਦਰ ਦੀ ਐੱਨਡੀਏ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਸ ਦੀਆਂ ਨੀਤੀਆਂ ਸੁਰੱਖਿਆ ਕਾਇਮ ਰੱਖਣ ’ਚ ਨਾਕਾਮ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਫੌਰੀ ਜ਼ਿੰਮੇਵਾਰੀ ਲੈਂਦਿਆਂ ਜਵਾਨਾਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਹਿਸ਼ਤੀ ਹਮਲੇ ’ਚ ਹੋਏ ਜਾਨੀ ਨੁਕਸਾਨ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਹਮਲੇ ਦੀ ਸਿਰਫ਼ ਨਿਖੇਧੀ ਕਰਨਾ ਹੀ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਭਿਅਕ ਸਮਾਜ ’ਚ ਹਿੰਸਾ ਅਤੇ ਅਤਿਵਾਦ ਮਨਜ਼ੂਰ ਨਹੀਂ ਹਨ ਅਤੇ ਇਸ ’ਤੇ ਨੱਥ ਪਾਈ ਜਾਣੀ ਚਾਹੀਦੀ ਹੈ। ਇਸ ਦੌਰਾਨ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਗੰਦਰਬਲ ਅਤੇ ਬਾਰਾਮੂਲਾ ਜ਼ਿਲ੍ਹਿਆਂ ’ਚ ਦਹਿਸ਼ਤੀ ਹਮਲਿਆਂ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਸ਼ਮੀਰ ਮੁੱਦੇ ਦੇ ਹੱਲ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ। -ਪੀਟੀਆਈ