ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
ਪਰਮਜੀਤ ਸਿੰਘ/ਸੁੰਦਰ ਨਾਥ ਆਰੀਆ
ਫਾਜ਼ਿਲਕਾ/ਅਬੋਹਰ, 1 ਜੁਲਾਈ
ਫਾਜ਼ਿਲਕਾ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਅਸਲਾ ਤੇ ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਵਾਸੀ ਕਰਮ ਪੱਟੀ ਜ਼ਿਲ੍ਹਾ ਮੁਕਸਤਰ ਅਤੇ ਰਾਹੁਲ ਘਾਰੂ ਵਾਸੀ ਦਿਆਲ ਨਗਰੀ ਅਬੋਹਰ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲੀਸ ਨੇ 3 ਪਿਸਤੌਲ 32 ਬੋਰ ਅਤੇ 9 ਕਾਰਤੂਸ ਤੇ 6 ਖੋਲ ਕਾਰਤੂਸ 32 ਬੋਰ ਬਰਾਮਦ ਕੀਤੇ ਹਨ।
ਇਸ ਸਬੰਧੀ ਮੀਡੀਆ ਨੂੰ ਜ਼ਿਲ੍ਹਾ ਪੁਲੀਸ ਮੁਖੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇੰਚਾਰਜ ਸੀਆਈਏ-2 ਫਾਜ਼ਿਲਕਾ ਕੈਂਪ ਅਤੇ ਅਬੋਹਰ ਦੀ ਟੀਮ ਨੇ ਖੁਸ਼ਕਰਨ ਸਿੰਘ ਵਾਸੀ ਕਰਮ ਪੱਟੀ ਥਾਣਾ ਕਬਰਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਬਾਈਪਾਸ ਰੋਡ ਤੋਂ ਅਜੀਮਗੜ੍ਹ ਨੂੰ ਜਾਂਦੀ ਸੜਕ ਤੋਂ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਇਸ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਤੇ 5 ਕਾਰਤੂਸ 32 ਬੋਰ ਬਰਾਮਦ ਕਰਕੇ ਥਾਣਾ ਸਿਟੀ-2 ਅਬੋਹਰ ਵਿੱਚ ਕੇਸ ਦਰਜ ਕੀਤਾ ਸੀ।
ਤਫਤੀਸ਼ ਦੌਰਾਨ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਵਾਸੀ ਰਾਜਾਂਵਾਲੀ ਥਾਣਾ ਬਹਾਵਵਾਲਾ ਜ਼ਿਲ੍ਹਾ ਫਾਜ਼ਿਲਕਾ ਨੇ ਉਸ ਨੂੰ 3 ਪਿਸਤੌਲ 32 ਬੋਰ ਦਿੱਤੇ ਸਨ, ਜਿਸ ਵਿੱਚੋਂ ਉਸ ਨੇ ਇਕ ਪਿਸਤੌਲ 32 ਬੋਰ ਰਾਹੁਲ ਘਾਰੂ ਵਾਸੀ ਦਿਆਲ ਨਗਰੀ ਅਬੋਹਰ ਅਤੇ ਇਕ ਪਿਸਤੌਲ 32 ਬੋਰ ਅੰਕੁਸ਼ ਵਾਸੀ ਪਿੰਡ ਰਾਜਾਂਵਾਲੀ ਥਾਣਾ ਬਹਾਵਵਾਲਾ ਜ਼ਿਲ੍ਹਾ ਫਾਜ਼ਿਲਕਾ ਨੂੰ ਦਿੱਤਾ ਸੀ। ਪੁੱਛ-ਪਡ਼ਤਾਲ ਮਗਰੋਂ ਪੁਲੀਸ ਨੇ ਰਾਹੁਲ ਘਾਰੂ, ਨਵੀਨ ਕੁਮਾਰ ਉਰਫ ਆਰਜੂ ਅਤੇ ਅੰਕੁਸ਼ ਨੂੰ ਨਾਮਜ਼ਦ ਕੀਤਾ।
30 ਜੂਨ ਨੂੰ ਰਾਹੁਲ ਘਾਰੂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਬਰਾਮਦ ਕੀਤਾ ਗਿਆ ਸੀ ਅਤੇ ਦੌਰਾਨੇ ਤਫਤੀਸ਼ ਹੋਰ ਡੂੰਘਾਈ ਨਾਲ ਪੁੱਛ-ਪਡ਼ਤਾਲ ਕਰਨ ’ਤੇ ਖੁਸ਼ਕਰਨ ਸਿੰਘ ਉਕਤ ਪਾਸੋਂ 1 ਹੋਰ ਦੇਸੀ ਪਿਸਤੌਲ 32 ਬੋਰ ਤੇ 4 ਕਾਰਤੂਸ ਤੇ 6 ਖੋਲ 32 ਬੋਰ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਵੀਨ ਕੁਮਾਰ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਇਸ ਦੇ ਖ਼ਿਲਾਫ਼ ਡਕੈਤੀ ਅਤੇ ਲੁੱਟ ਦੇ ਕਈ ਮੁਕੱਦਮੇ ਪੰਜਾਬ ਅਤੇ ਰਾਜਸਥਾਨ ਵਿੱਚ ਦਰਜ ਹਨ ਅਤੇ ਇਸ ਵਕਤ ਇਹ ਅਜਮੇਰ ਜੇਲ੍ਹ ਵਿੱਚ ਬੰਦ ਹੈ।