ਹਰਦੀਪ ਸਿੰਘਧਰਮਕੋਟ, 28 ਨਵੰਬਰਇੱਥੋਂ ਨੇੜਲੇ ਪਿੰਡ ਚੀਮਾ ਸਥਿਤ ਆਸ ਦੀ ਕਿਰਨ ਫਾਊਂਡੇਸ਼ਨ ਨਸ਼ਾ ਛਡਾਊ ਕੇਂਦਰ ਵਿੱਚ 27 ਨਵੰਬਰ ਦੀ ਰਾਤ ਨੂੰ ਇੱਕ ਨੌਜਵਾਨ ਦੀ ਹੋਈ ਭੇਤ-ਭਰੀ ਮੌਤ ਦੇ ਮਾਮਲੇ ’ਚ ਕੇਂਦਰ ਸੰਚਾਲਕ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੇ ਮੁੱਢਲੀ ਪੁੱਛ ਪੜਤਾਲ ਮਗਰੋਂ ਇਹ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਵਾਸੀ ਜਗਰਾਉਂ ਨਸ਼ਾ ਛੁਡਾਊ ਕੇਂਦਰ ਵਿੱਚ 12 ਨਵੰਬਰ ਤੋਂ ਜ਼ੇਰੇ ਇਲਾਜ ਸੀ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਰਮਜੀਤ ਸਿੰਘ ਦੇ ਮਾਮਾ ਤਰਲੋਚਨ ਸਿੰਘ ਨੇ ਥਾਣਾ ਕੋਟ ਈਸੇ ਖਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਭਾਣਜੇ ਦੀ ਕੇਂਦਰ ਦੇ ਪ੍ਰਬੰਧਕਾਂ ਨੇ ਕੁੱਟਮਾਰ ਕੀਤੀ ਹੈ। ਕਰਮਜੀਤ ਦੇ ਸਰੀਰ ’ਤੇ ਤਸ਼ੱਦਦ ਦੇ ਨਿਸ਼ਾਨ ਹਨ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਕਰਮਜੀਤ ਦੀ ਮੌਤ ਮਗਰੋਂ ਕੇਂਦਰ ਦੇ ਪ੍ਰਬੰਧਕ 27 ਨਵੰਬਰ ਦੀ ਰਾਤ ਨੂੰ ਹੀ ਉਸ ਦੀ ਲਾਸ਼ ਜਗਰਾਉਂ ਸਥਿਤ ਘਰ ਛੱਡ ਗਏ ਸਨ।ਪੁਲੀਸ ਨੇ ਤਰੁੰਤ ਕਾਰਵਾਈ ਕਰਦਿਆਂ ਸਾਰੇ ਪੱਖ ਦੇਖਣ ਤੋਂ ਬਾਅਦ ਕੇਂਦਰ ਸੰਚਾਲਕਾਂ ਦਲਜੀਤ ਸਿੰਘ ਵਾਸੀ ਸ਼ੇਰਪੁਰ ਤਖਤੂਵਾਲਾ, ਅਮਨਪ੍ਰੀਤ ਸਿੰਘ ਰਿੰਕੂ ਵਾਸੀ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ਼ ਸੰਜੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।