ਅੰਤਰਰਾਜੀ ਚੋਰ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 6 ਜੂਨ
ਇੱਥੋਂ ਦੀ ਸੀਆਈਏ ਥਾਣਾ ਤੇ ਸਿਟੀ ਥਾਣਾ ਪੁਲੀਸ ਦੀ ਇਕ ਸਾਂਝੀ ਟੀਮ ਨੇ ਇਕ ਅੰਤਰਰਾਜੀ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਦੋ ਜਣਿਆਂ ਨੂੰ ਕਾਬੂ ਕਰਕੇ ਦੋ ਹੋਰ ਜਣਿਆਂ ਦੀ ਪਛਾਣ ਕੀਤੀ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਰਾਜੂ ਵਾਸੀ ਰਾਜਨਗਰ, ਕਲੋਨੀ ਟੋਹਾਣਾ ਜ਼ਿਲ੍ਹਾ ਫਤਿਹਾਬਾਦ ਅਤੇ ਕਸ਼ਮੀਰੀ ਲਾਲ ਵਾਸੀ ਘਸੋ ਕਲਾਂ ਥਾਣਾ ਉਚਾਣਾ ਜ਼ਿਲ੍ਹਾ ਜੀਂਦ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਇੰਚਾਰਜ ਇੰਸਪੈਕਟਰ ਅਮਿਤ ਕੁਮਾਰ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਜਨਤਾ ਭਵਨ ਰੋਡ ‘ਤੇ ਇਕੋ ਰਾਤ ਪੰਜ ਦੁਕਾਨਾਂ ਚੋਂ ਹੋਈ ਚੋਰੀ ਦੇ ਮਾਮਲੇ ਵਿੱਚ ਸਿਟੀ ਥਾਣਾ ਤੇ ਸੀਆਈਏ ਪੁਲੀਸ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਮਗਰੋਂ ਟੀਮ ਨੇ ਜਾਂਚ ਕਰਦਿਆਂ ਨਾ ਸਿਰਫ ਇਸ ਚੋਰੀ ਦੀ ਘਟਨਾ ਦੀ ਗੁੱਥੀ ਨੂੰ ਸੁਲਝਾਇਆ ਬਲਕਿ ਇਕ ਅਜਿਹੇ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਸਿਰਸਾ ਜ਼ਿਲ੍ਹੇ ਤੋਂ ਇਲਾਵਾ ਹੋਰ ਕਈ ਥਾਵਾਂ ਤੋਂ ਅਨੇਕਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਸਿਰਸਾ ਤੋਂ ਇਲਾਵਾ ਹੋਰ ਕਈ ਥਾਣਿਆਂ ‘ਚ ਕਈ ਕੇਸ ਦਰਜ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਜਨਤਾ ਭਵਨ ਰੋਡ ਤੋਂ ਦੁਕਾਨਾਂ ਚੋਂ ਚੋਰੀ ਕਰਨ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਇਸ ਤੋਂ ਇਲਾਵਾ ਚੋਰ ਗਰੋਹ ‘ਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਚੋਰੀ ਤੇ ਡਾਕੇ ਦੀਆਂ ਹੋਰ ਵਾਰਦਤਾਂ ਬਾਰੇ ਪਤਾ ਲਾਇਆ ਜਾ ਸਕੇ।