ਕਰਤਾਰਪੁਰ ’ਚ ਲੱਖਾਂ ਦੀ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 11 ਅਕਤੂਬਰ
ਕਰਤਾਰਪੁਰ ਦੇ ਕਿਸ਼ਨਗੜ੍ਹ ਸੜਕ ’ਤੇ ਐੱਲਜੀ ਕੰਪਨੀ ਦੇ ਗੁਦਾਮ ਵਿੱਚੋਂ ਪਰਵਾਸੀ ਵਰਕਰਾਂ ਨੂੰ ਬੰਦੀ ਬਣਾ ਕੇ 45 ਲੱਖ ਰੁਪਏ ਦੀ ਮੁੱਲ ਦਾ ਸਾਮਾਨ ਚੋਰੀ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਰਤਾਰਪੁਰ ਪੁਲੀਸ ਨੇ ਜ਼ਿਲ੍ਹਾ ਤਰਨਤਰਨ ਤੋਂ ਗ੍ਰਿਫਤਾਰ ਕਰਕੇ ਮਾਲ ਬਰਾਮਦ ਕਰ ਲਿਆ ਹੈ। ਡੀਐੱਸਪੀ ਸਬ-ਡਵਿੀਜ਼ਨ ਕਰਤਾਰਪੁਰ ਬਲਵੀਰ ਸਿੰਘ ਨੇ ਥਾਣਾ ਕਰਤਾਰਪੁਰ ਵਿੱਚ ਦੱਸਿਆ ਕਿ ਕਿਸ਼ਨਗੜ੍ਹ ਸੜਕ ’ਤੇ ਟੈਲੀਵਿਜ਼ਨ, ਫਰਿੱਜ ਅਤੇ ਹੋਰ ਕੀਮਤੀ ਸਾਮਾਨ ਦੇ ਗੁਦਾਮ ਵਿੱਚੋਂ ਦਸ ਵਿਅਕਤੀ ਟਰੱਕ ਵਿੱਚ ਸਾਮਾਨ ਚੋਰੀ ਕਰਕੇ ਲੈ ਗਏ ਸਨ। ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਅਤੇ ਜਲੰਧਰ ਦਿਹਾਤੀ ਪੁਲੀਸ ਵੱਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਲੁਟੇਰਿਆਂ ਦੀ ਪੈੜ ਨੱਪਦਿਆਂ 150 ਕਿਲੋਮੀਟਰ ਦੂਰ ਤੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। 14 ਵੱਖ-ਵੱਖ ਤਰ੍ਹਾਂ ਦੇ ਸਾਮਾਨ, ਜਨਿ੍ਹਾਂ ਦੀ ਗਿਣਤੀ 65 ਹੈ, ਨੂੰ ਬਰਾਮਦ ਕਰ ਲਿਆ ਹੈ। ਦੋ ਫੜੇ ਲੁਟੇਰਿਆਂ ਉੱਪਰ ਵੱਖ-ਵੱਖ ਥਾਣਿਆਂ ਵਿੱਚ 12 ਮੁਕੱਦਮੇ ਦਰਜ ਹਨ। ਮੁਲਜ਼ਮਾਂ ਦੀ ਪਛਾਣ ਗੁਰਮੇਜ ਸਿੰਘ ਪਿੰਡ ਕੱਲਾ ਜ਼ਿਲ੍ਹਾ ਤਰਨ ਤਰਨ ਅਤੇ ਮੇਜਰ ਥਾਣਾ ਪੱਟੀ ਵਜੋਂ ਹੋਈ ਹੈ। ਦਸ ਲੁਟੇਰਿਆਂ ਵਿੱਚੋਂ ਕਰਤਾਰਪੁਰ ਪੁਲੀਸ ਦੇ ਹੱਥ ਸਿਰਫ ਦੋ ਲੱਗੇ ਹਨ, ਜਦੋਂ ਕਿ ਟਰੱਕ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਹੋਣਾ ਹਲੇ ਬਾਕੀ ਹੈ।