ਫਿਰੌਤੀ ਮੰਗਣ ਵਾਲੇ ਬੰਬੀਹਾ ਗੈਂਗ ਦੇ ਦੋ ਮੈਂਬਰ ਕਾਬੂ
ਸ਼ਗਨ ਕਟਾਰੀਆ
ਬਠਿੰਡਾ, 19 ਸਤੰਬਰ
ਜ਼ਿਲ੍ਹਾ ਬਠਿੰਡਾ ਦੀ ਪੁਲੀਸ ਨੇ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੋਵੇਂ ਮੁਲਜ਼ਮਾਂ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 16 ਸਤੰਬਰ ਨੂੰ ਮੋਬਾਈਲ ’ਤੇ ਵੱਟਸਐਪ ਕਾਲ ਰਾਹੀਂ ਮੁਦੱਈ ਤੋਂ ਇਹ ਕਹਿ ਕੇ ਫਿਰੌਤੀ ਮੰਗੀ ਗਈ ਕਿ ਉਹ ਦਵਿੰਦਰ ਬੰਬੀਹਾ ਗਰੁੱਪ ਤੋਂ ਬੋਲਦੇ ਹਨ ਅਤੇ ਉਨ੍ਹਾਂ ਨੇ ਹੀ ਪਹਿਲਾਂ ਬਠਿੰਡਾ ਦੇ ਮਸ਼ਹੂਰ ਹਰਮਨ ਕੁਲਚੇ ਵਾਲੇ ਦਾ ਕਤਲ ਕੀਤਾ ਹੈ। ਇਹ ਵੀ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾਂ ਦਿੱਤੇ, ਤਾਂ ਉਸ ਨੂੰ ਵੀ ਜਾਨੋਂ ਮਾਰ ਦੇਣਗੇ। ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧ ’ਚ ਮੁਦੱਈ ਵੱਲੋਂ ਪੁਲੀਸ ਕੋਲ ਪਹੁੰਚ ਕਰਨ ’ਤੇ ਥਾਣਾ ਸਿਵਲ ਲਾਈਨ ਵਿੱਚ ਇਸ ਸਬੰਧੀ 16 ਸਤੰਬਰ ਨੂੰ ਹੀ ਮੁਕੱਦਮਾ ਦਰਜ ਕਰਕੇ ਪੁਲੀਸ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕਾਰਵਾਈ ਵਿੱਚ ਜੁਟ ਗਈ। ਉਨ੍ਹਾਂ ਅੱਗੇ ਦੱਸਿਆ ਕਿ ਤਕਨੀਕੀ ਅਤੇ ਖ਼ੁਫ਼ੀਆ ਸਰੋਤਾਂ ਦੇ ਆਧਾਰ ’ਤੇ ਪੁਲੀਸ ਕੇਸ ਨਾਲ ਸਬੰਧਤ ਮੁੁਲਜ਼ਮਾਂ ਪਰਮਿੰਦਰ ਸਿੰਘ ਉਰਫ਼ ਗੋਲੂ ਵਾਸੀ ਗਿੱਦੜਬਾਹਾ ਅਤੇ ਸੁਸ਼ੀਲ ਕੁਮਾਰ ਉਰਫ਼ ਟਿਕੋਲ ਵਾਸੀ ਸਿੱਖਾਂ ਵਾਲੀ ਢਾਣੀ ਚੌਟਾਲਾ, ਜ਼ਿਲ੍ਹਾ ਸਿਰਸਾ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਈ। ਉਨ੍ਹਾਂ ਦੱਸਿਆ ਕਿ 18 ਸਤੰਬਰ ਨੂੰ ਪਿੰਡ ਗੋਬਿੰਦਪੁਰਾ ਨੇੜੇ ਨਹਿਰ ਦੀ ਪਟੜੀ ਤੋਂ ਦੋਵਾਂ ਨੂੰ ਇੱਕ ਪਿਸਟਲ .32 ਬੋਰ ਦੇਸੀ ਸਮੇਤ 4 ਜ਼ਿੰਦਾ ਰੌਂਦਾਂ ਸਮੇਤ ਕਾਬੂ ਕੀਤੇ ਗਏ। ਜ਼ਿਲ੍ਹਾ ਪੁਲੀਸ ਕਪਤਾਨ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਦੋਵਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਮੁੱਦਈ ਦੇ ਗੇਟ ’ਤੇ ਫ਼ਾਇਰਿੰਗ ਕਰਨੀ ਸੀ। ਦੱਸਿਆ ਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ ਹੈ।