ਗਹਿਣੇ ਲੈ ਕੇ ਪੈਸੇ ਦੇਣ ਤੋਂ ਮੁੱਕਰਨ ਵਾਲੇ ਨੂੰ ਇੱਕ ਸਾਲ ਦੀ ਕੈਦ
ਮਨੋਜ ਸ਼ਰਮਾ
ਬਠਿੰਡਾ, 25 ਸਤੰਬਰ
ਸਰਾਫ ਕੋਲੋਂ ਸੋਨੇ ਦੇ ਗਹਿਣੇ ਲੈ ਕੇ ਪੈਸੇ ਦੇਣ ਤੋਂ ਮੁੱਕਰਨ ਵਾਲੇ ਦੋਸ਼ੀ ਨੂੰ ਬਠਿੰਡਾ ਦੀ ਅਦਾਲਤ ਨੇ ਇੱਕ ਸਾਲ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਚੱਕ ਫ਼ਤਿਹ ਸਿੰਘ ਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਦੱਸਿਆ ਜਾਂਦਾ ਹੈ। ਉਸ ਨੇ ਨਵੰਬਰ 2020 ਵਿੱਚ ਆਪਣੇ ਵਿਆਹ ਮੌਕੇ ਪਤਨੀ ਵਾਸਤੇ ਭੁੱਚੋ ਮੰਡੀ ਦੇ ਸਵਰਨਕਾਰ ਨੀਟਾ ਜਿਊਲਰਜ਼ ਤੋਂ 11 ਨਵੰਬਰ 2020 ਨੂੰ ਸੋਨੇ ਦਾ ਸੈੱਟ ਖ਼ਰੀਦਿਆ ਸੀ। ਉਸ ਵੇਲੇ ਦੋਸ਼ੀ ਵੱਲੋਂ 1 ਲੱਖ 60 ਹਜ਼ਾਰ ਰੁਪਏ ਰਕਮ ਦਾ ਚੈੱਕ ਦਿੱਤਾ ਸੀ ਪਰ ਸਵਰਨਕਾਰ ਵੱਲੋਂ ਜਦੋਂ ਚੈੱਕ ਬੈੈਂਕ ਵਿੱਚ ਲਾਇਆ ਗਿਆ ਤਾਂ ਚੈੱਕ ਤਾਂ ਬਾਊਂਸ ਹੋ ਗਿਆ ਸੀ। ਨੀਟਾ ਜਿਊਲਰਜ਼ ਦੇ ਮਾਲਕ ਪਰਵਿੰਦਰ ਸਿੰਘ ਨੇ ਆਪਣੇ ਵਕੀਲ ਲਲਿਤ ਗਰਗ ਰਾਹੀਂ ਗੁਰਪ੍ਰੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਪਰ ਗੁਰਪ੍ਰੀਤ ਸਿੰਘ ਵੱਲੋਂ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਵਿੰਦਰ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਖ਼ਿਲਾਫ਼ 15 ਅਪਰੈਲ 2021 ਨੂੰ ਬਠਿੰਡਾ ਵਿੱਚ ਅਦਾਲਤ ਕੇਸ ਕੀਤਾ ਗਿਆ। ਧੋਖਾਧੜੀ ਦੇ ਕਰੀਬ ਸਾਢੇ 3 ਸਾਲ ਚੱਲੇ ਇਸ ਮੁਕੱਦਮੇ ਦਾ ਨਿਪਟਾਰਾ ਕਰਦਿਆਂ ਜੱਜ ਰਾਜਬੀਰ ਕੌਰ ਜੁਡੀਸ਼ਲ ਮੈਜਿਸਟ੍ਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਲਲਿਤ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਠਹਿਰਾਉਂਦਿਆਂ ਇੱਕ ਸਾਲ ਦੀ ਸਜ਼ਾ ਸੁਣਾਈ ਅਤੇ ਸਮੁੱਚੀ ਰਕਮ 9 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਨੀਟਾ ਜਿਊਲਰਜ਼ ਦੇ ਮਾਲਕ ਪਰਵਿੰਦਰ ਸਿੰਘ ਨੂੰ ਅਦਾ ਕਰਨ ਦਾ ਵੀ ਹੁਕਮ ਸੁਣਾਇਆ ਹੈ।