ਦੁਬਈ ਤੋਂ ਆਏ ਯਾਤਰੀ ਕੋਲੋਂ ਦੋ ਕਿਲੋ ਸੋਨਾ ਬਰਾਮਦ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਇੱਥੇ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਆਏ ਇੱਕ ਯਾਤਰੀ ਕੋਲੋਂ ਲਗਪਗ ਡੇਢ ਕਰੋੜ ਰੁਪਏ ਮੁੱਲ ਦਾ ਦੋ ਕਿਲੋ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਨੇ ਇਸ ਯਾਤਰੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਯਾਤਰੀ ਦੁਬਈ ਤੋਂ ਸਪਾਈਸ ਜੈੱਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚਿਆ ਸੀ। ਨਜ਼ਰ ਰੱਖ ਰਹੇ ਅਧਿਕਾਰੀਆਂ ਨੂੰ ਇਸ ਯਾਤਰੀ ਦੀਆਂ ਗਤੀਵਿਧੀਆਂ ਕੁਝ ਸ਼ੱਕੀ ਲੱਗੀਆਂ ਤਾਂ ਉਨ੍ਹਾਂ ਉਸ ਦੀ ਜਾਂਚ ਵਾਸਤੇ ਧਾਰਾ 102 ਤਹਿਤ ਨੋਟਿਸ ਦਿੱਤਾ। ਦੋ ਵਿਅਕਤੀਆਂ ਦੀ ਹਾਜ਼ਰੀ ਵਿੱਚ ਉਸ ਦੀ ਕੀਤੀ ਗਈ ਜਾਂਚ ’ਚ 2674 ਗਰਾਮ ਸੋਨਾ ਬਰਾਮਦ ਹੋਇਆ ਜੋ ਪੇਸਟ ਦੇ ਰੂਪ ਵਿੱਚ ਸੀ ਅਤੇ ਇਸ ਨੂੰ ਚਾਰ ਪੈਕੇਟਾਂ ਵਿੱਚ ਲੁਕਾਇਆ ਹੋਇਆ ਸੀ। ਇਹ ਪੈਕੇਟ ਉਸ ਨੇ ਆਪਣੇ ਅੰਦਰੂਨੀ ਕੱਪੜਿਆਂ ਵਿੱਚ ਅਤੇ ਦੋਵਾਂ ਗੋਡਿਆਂ ਦੇ ਨਾਲ ਬੰਨ੍ਹੇ ਹੋਏ ਸਨ। ਜਾਂਚ ’ਚ ਇਹ ਪੈਕੇਟ ਬਰਾਮਦ ਕਰਨ ਤੋਂ ਬਾਅਦ ਕਸਟਮ ਵਿਭਾਗ ਵੱਲੋਂ ਇਸ ਨੂੰ 24 ਕੈਰੇਟ ਸੋਨੇ ਵਿੱਚ ਤਬਦੀਲ ਕੀਤਾ ਗਿਆ ਤਾਂ ਇਸ ਦਾ ਕੁੱਲ ਵਜ਼ਨ 1935.14 ਗ੍ਰਾਮ ਬਰਾਮਦ ਹੋਇਆ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਪਗ 1.50 ਕਰੋੜ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸਟਮ ਐਕਟ 1962 ਦੀ ਧਾਰਾ 104 ਹੇਠ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਬਰਾਮਦ ਸੋਨੇ ਨੂੰ ਜ਼ਬਤ ਕਰ ਲਿਆ ਹੈ। ਇਸ ਸਬੰਧ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।